ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

Wednesday, Oct 04, 2017 - 05:35 AM (IST)

ਸੜਕ ਹਾਦਸੇ ''ਚ ਨੌਜਵਾਨ ਦੀ ਮੌਤ

 ਡੇਹਲੋਂ(ਡਾ. ਪ੍ਰਦੀਪ)-ਡੇਹਲੋਂ-ਮਾਲੇਰਕੋਟਲਾ ਰੋਡ 'ਤੇ ਅੱਜ ਸਵੇਰੇ ਡੇਹਲੋਂ ਬਾਈਪਾਸ ਨੇੜੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਜ਼ਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਪੁੱਤਰ ਭਜਨ ਲਾਲ ਵਾਸੀ ਫਾਂਬੜਾ ਜ਼ਿਲਾ ਨਵਾਂ ਸ਼ਹਿਰ ਆਪਣੇ ਮਾਸੀ ਦੇ ਲੜਕੇ ਦਵਿੰਦਰ ਸਿੰਘ ਨਾਲ ਅਹਿਮਦਗੜ੍ਹ ਵਿਖੇ ਆਇਆ ਸੀ ਤੇ ਅੱਜ ਸਵੇਰੇ ਲਗਭਗ 6 ਕੁ ਵਜੇ ਉਹ ਮੋਟਰਸਾਈਕਲ 'ਤੇ ਅਹਿਮਦਗੜ੍ਹ ਤੋਂ ਲੁਧਿਆਣਾ ਨੂੰ ਵਾਪਸ ਜਾ ਰਹੇ ਸਨ ਕਿ ਜਦੋਂ ਡੇਹਲੋਂ ਬਾਈਪਾਸ ਨੇੜੇ ਪਹੁੰਚੇ ਤਾਂ ਇਕ ਟਰੱਕ ਦੀ ਲਪੇਟ 'ਚ ਆ ਗਏ। ਸਿੱਟੇ ਵਜੋਂ ਟਰੱਕ ਨੇ ਮੋਟਰਸਾਈਕਲ ਸਵਾਰ ਸੁਖਜਿੰਦਰ ਸਿੰਘ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਸ ਦਾ ਸਾਥੀ ਦਵਿੰਦਰ ਸਿੰਘ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਟਰੱਕ ਬਾਈਪਾਸ ਤੋਂ ਥੋੜ੍ਹਾ ਅੱਗੇ ਲੰਘ ਆਇਆ ਤੇ ਬਾਈਪਾਸ 'ਤੇ ਚੜ੍ਹਨ ਲਈ ਜਦੋਂ ਟਰੱਕ ਡਰਾਈਵਰ ਟਰੱਕ ਨੂੰ ਬੈਕ ਕਰਨ ਲੱਗਾ ਤਾਂ ਟਰੱਕ ਨੇ ਪਿੱਛੇ ਮੋਟਰਸਾਈਕਲ ਨੂੰ ਲਪੇਟ 'ਚ ਲੈ ਲਿਆ। ਡੇਹਲੋਂ ਪੁਲਸ ਨੇ ਇਸ ਸਬੰਧੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਰੱਕ ਡਰਾਈਵਰ ਫਰਾਰ ਦੱਸਿਆ ਜਾਂਦਾ ਹੈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ।
 


Related News