ਭਿਆਨਕ ਹਾਦਸੇ ਵਿਚ 19 ਸਾਲਾ ਨੌਜਵਾਨ ਦੀ ਮੌਤ
Monday, Dec 20, 2021 - 02:47 PM (IST)
ਮੇਹਟੀਆਣਾ (ਸੰਜੀਵ) : ਥਾਣਾ ਮੇਹਟੀਆਣਾ ਅਧੀਨ ਹੁਸ਼ਿਆਰਪੁਰ-ਫਗਵਾੜਾ ਮਾਰਗ ’ਤੇ ਪਿੰਡ ਅੱਤੋਵਾਲ ਦੇ ਨੇੜੇ ਟਰੱਕ ਅਤੇ ਐਕਟਿਵਾ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਕਾਰਨ ਇਕ 19 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਰਣਧੀਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਮਰਨਾਈਆ ਕਲਾ ਆਪਣੀ ਐਕਟਿਵਾ ਨੰਬਰ ਪੀ.ਬੀ-07- ਬੀ.ਟੀ-9444 ’ਤੇ ਸਵਾਰ ਹੋ ਕੇ ਪਿੰਡ ਅੱਤੋਵਾਲ ਨੂੰ ਜਾ ਰਿਹਾ ਸੀ ਕਿ ਮਰਨਾਈਆ ਤੇ ਅੱਤੋਵਾਲ ਵਿਚਕਾਰ ਸਾਹਮਣੇ ਤੋਂ ਆ ਰਹੇ ਇਕ ਟਰੱਕ ਨੰਬਰ ਪੀ.ਬੀ-11-1135 ਨੇ ਉਸ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ।
ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜਿਥੇ ਐਕਟਿਵਾ ਦੇ ਪਰਖਚੇ ਉੱਡ ਗਏ। ਉਥੇ ਹੀ ਐਕਟਿਵਾ ਸਵਾਰ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਸ਼ਾਮ 5 ਵਜੇ ਦੇ ਕਰੀਬ ਵਾਪਰਿਆ। ਮੌਕੇ ’ਤੇ ਪਹੁੰਚੀ ਮੇਹਟੀਆਣਾ ਪੁਲਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ’ਚ ਲੈ ਕੇ ਲਾਸ਼ ਪੋਸਟਮਾਰਟਮ ਕਰਵਾਉਣ ਉਪਰੰਤ ਉਸ ਦੇ ਵਾਰਸਾਂ ਨੂੰ ਸੌਂਪ ਦਿੱਤੀ ਹੈ। ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਪੁਲਸ ਵੱਲੋਂ ਉਸ ਦੀ ਭਾਲ ਜਾਰੀ ਹੈ। ਇਸ ਦਰਦਨਾਕ ਹਾਦਸੇ ਵਿਚ ਹੋਈ ਮੌਤ ਕਾਰਨ ਇਲਾਕੇ ਵਿਚ ਮਾਤਮ ਛਾਇਆ ਹੋਇਆ ਹੈ।