ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ

Sunday, Oct 24, 2021 - 03:01 PM (IST)

ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ

ਗੁਰਦਾਸਪੁਰ (ਹੇਮੰਤ) : ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋਣ ’ਤੇ ਥਾਣਾ ਸਦਰ ਪੁਲਸ ਨੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਖਸੀਸ਼ ਸਿੰਘ ਪੁੱਤਰ ਕਪੂਰ ਸਿੰਘ ਵਾਸੀ ਹਯਾਤਨਗਰ ਨੇ ਦੱਸਿਆ ਕਿ 22.10.21 ਨੂੰ ਉਸ ਦਾ ਲੜਕਾ ਰਣਜੀਤ ਸਿੰਘ 38 ਸਾਲ ਆਪਣੇ ਦੋਸਤ ਕੁਲਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਹਯਾਤਨਗਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਜ਼ਰੂਰੀ ਕੰਮ ਲਈ ਗੁਰਦਾਸਪੁਰ ਜਾ ਰਹੇ ਸੀ। ਉਹ ਜਦ ਹਰਦੋਛੰਨੀਆਂ ਰੋਡ ਨੇੜੇ ਫੋਜੀ ਸਰਵਿਸ ਸਟੇਸ਼ਨ ਕੋਲ ਪੁੱਜੇ ਤਾਂ ਉਨ੍ਹਾਂ ਦੇ ਅੱਗੇ ਇਕ ਟਰਾਲੀ ਟਰੈਕਟਰ ਜਾ ਰਿਹਾ ਸੀ ਜਿਸ ਨੂੰ ਹਰਜੋਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬੱਬੇਹਾਲੀ ਚਲਾ ਰਿਹਾ ਸੀ, ਜਦ ਉਸ ਦਾ ਲੜਕਾ ਰਣਜੀਤ ਸਿੰਘ ਟਰੈਕਟਰ ਟਰਾਲੀ ਨੂੰ ਕਰਾਂਸ ਕਰਨ ਲੱਗਾ ਤਾਂ ਉਸ ਨੇ ਬਿਨਾਂ ਇਸ਼ਾਰਾ ਦਿੱਤੇ ਲਾਪ੍ਰਵਾਹੀ ਨਾਲ ਆਪਣਾ ਟਰੈਕਟਰ ਟਰਾਲੀ ਇਕਦਮ ਸੱਜੇ ਪਾਸੇ ਕੱਟ ਦਿੱਤਾ।

ਉਕਤ ਨੇ ਦੱਸਿਆ ਕਿ ਇਸ ਦੌਰਾਨ ਟਰੈਕਟਰ ਟਰਾਲੀ ਰਣਜੀਤ ਸਿੰਘ ਦੇ ਮੋਟਰਸਾਇਕਲ ਵਿਚ ਵੱਜਣ ਕਰਕੇ ਉਹ ਸੜਕ ਪਰ ਡਿੱਗ ਪਏ ਅਤੇ ਟਰੈਕਟਰ ਦੇ ਟਾਇਰ ਉਨ੍ਹਾਂ ਦੇ ਉੱਪਰ ਦੀ ਲੰਘਣ ਕਰਕੇ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੋਸ਼ੀ ਟਰੈਕਟਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਸਹਾਇਕ ਸਬ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਬਖਸ਼ੀਸ ਸਿੰਘ ਦੇ ਬਿਆਨਾਂ ’ਤੇ ਟਰੈਕਟਰ ਚਾਲਕ ਹਰਜੋਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News