ਧੀ ਦੇ ਭੋਗ ''ਚ ਸ਼ਾਮਲ ਹੋਣ ਜਾ ਰਹੀ ਸੀ ਮਾਂ, ਭਿਆਨਕ ਹਾਦਸੇ ''ਚ ਤੋੜ ਗਈ ਦਮ
Friday, Aug 14, 2020 - 04:35 PM (IST)
 
            
            ਭਦੌੜ (ਰਾਕੇਸ਼) : ਕਸਬਾ ਭਦੌੜ ਦੇ ਨਾਲ ਲੱਗਦੇ ਪਿੰਡ ਦੀਪਗੜ੍ਹ ਦੇ ਨੇੜੇ ਸ਼ੁੱਕਰਵਾਰ ਸਵੇਰੇ 9:30 ਵਜੇ ਦੇ ਕਰੀਬ ਸਵਾਰੀਆਂ ਨਾਲ ਭਰਿਆ ਹੋਇਆ ਛੋਟਾ ਹਾਥੀ ਪਲਟਣ ਦੇ ਨਾਲ 1 ਸਵਾਰੀ ਪ੍ਰਕਾਸ਼ ਕੌਰ ਪਤਨੀ ਨਛੱਤਰ ਸਿੰਘ ਦੀ ਮੌਤ ਹੋ ਗਈ। ਜਦਕਿ 15 ਤੋਂ 20 ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਛੋਟਾ ਹਾਥੀ 'ਚ 35 ਦੇ ਕਰੀਬ ਲੋਕ ਸਵਾਰ ਸਨ। ਥਾਣਾ ਭਦੌੜ ਦੇ ਸਬ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਪਿੰਡ ਰਾਮਗੜ੍ਹ ਤੋਂ ਛੋਟਾ ਹਾਥੀ ਜਿਸ ਦਾ ਨੰ. ਪੀ. ਬੀ. 31 ਜੇ 9239 ਹੈ ਜਿਸ ਦਾ ਚਾਲਕ ਰਮਨਦੀਪ ਸਿਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਰਾਮਗੜ੍ਹ 35 ਦੇ ਕਰੀਬ ਸਵਾਰੀਆਂ ਟੈਂਪੂ 'ਚ ਲੈ ਕੇ ਭਦੌੜ ਵਿਖੇ ਇਕ ਭੋਗ 'ਚ ਸ਼ਾਮਲ ਹੋਣ ਲਈ ਆ ਰਹੇ ਰਿਹਾ ਜਦੋਂ ਇਹ ਟੈਂਪੂ ਪਿੰਡ ਦੀਪਗੜ੍ਹ ਤੋਂ ਭਦੌੜ ਵਾਲੀ ਰੋਡ 'ਤੇ ਆਇਆ ਤਾਂ ਟੈਂਪੂ ਚਾਲਕ ਰਮਨਦੀਪ ਸਿੰਘ ਆਪਣਾ ਸੰਤੁਲਨ ਗੁਆ ਬੈਠਾ ਅਤੇ ਟੈਂਪੂ ਪਲਟ ਗਿਆ ਜਿਸ ਕਾਰਣ ਇਹ ਹਾਦਸਾ ਵਾਪਰ ਗਿਆ।
ਆਪਣੀ ਲੜਕੀ ਦੇ ਭੋਗ 'ਚ ਸ਼ਾਮਲ ਹੋਣ ਲਈ ਜਾ ਰਹੀ ਸੀ ਪ੍ਰਕਾਸ਼ ਕੌਰ
ਹਾਦਸੇ 'ਚ ਮਰੀ ਪ੍ਰਕਾਸ਼ ਕੌਰ ਆਪਣੀ ਧੀ ਦੇ ਭੋਗ 'ਚ ਸ਼ਾਮਿਲ ਹੋਣ ਤੋਂ ਪਹਿਲਾਂ ਹੀ ਪ੍ਰਮਾਤਮਾ ਦੇ ਘਰ ਚਲੀ ਜਾਵਾਂਗੀ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪ੍ਰਕਾਸ਼ ਕੌਰ ਪਤਨੀ ਨਛੱਤਰ ਸਿੰਘ ਆਪਣੀ ਧੀ ਦੀ ਭੋਗ 'ਚ ਸ਼ਾਮਿਲ ਹੋਣ ਲਈ ਭਦੌੜ ਵਿਖੇ ਆ ਰਹੀ ਸੀ ਪਰ ਟੈਂਪੂ ਪਲਟਣ ਕਾਰਣ ਗੰਭੀਰ ਸੱਟਾਂ ਲੱਗੀਆਂ ਤਾਂ ਉਸ ਨੂੰ ਭਦੌੜ ਦੇ ਪ੍ਰਾਈਵੇਟ ਹਸਪਤਾਲ ਵਿਖੇ ਲਿਆਂਦਾ ਗਿਆ ਪਰੰਤੂ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਪ੍ਰਕਾਸ਼ ਕੌਰ ਨੇ ਦਮ ਤੋੜ ਦਿੱਤਾ।
ਲੋਕਾਂ ਨੇ ਆਪੋ-ਆਪਣੇ ਵਾਹਨਾਂ 'ਤੇ ਸਵਾਰੀਆਂ ਨੂੰ ਪਹੁੰਚਾਇਆ ਹਸਪਤਾਲ 
ਪਿੰਡ ਦੀਪਗੜ੍ਹ ਦੇ ਸਰਪੰਚ ਤਕਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਸਾਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਅਸੀਂ ਤੁਰੰਤ ਥਾਣਾ ਭਦੌੜ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਕੁਝ ਹੀ ਮਿੰਟਾਂ 'ਚ ਥਾਣਾ ਭਦੌੜ ਦੇ ਸਬ ਇੰਸਪੈਕਟਰ ਹਰਸਿਮਰਨਜੀਤ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰਵਾ ਦਿੱਤੀ ਅਤੇ ਅਨਾਊਂਸਮੈਂਟ ਕਰਵਾਉਣ ਤੋਂ ਬਾਅਦ ਅਸੀਂ ਆਪਣੇ ਟਰੈਕਟਰ ਟਰਾਲੀਆਂ ਅਤੇ ਕਾਰਾਂ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਲਿਆਂਦਾ। ਇਸ ਮੌਕੇ ਥਾਣਾ ਭਦੌੜ ਦੇ ਸਬ-ਇਸੰਪੈਕਟਰ ਹਰਸਿਮਰਨਜੀਤ ਸਿੰਘ, ਏ. ਐੱਸ. ਆਈ. ਅਮਰਜੀਤ ਸਿੰਘ, ਏ. ਐੱਸ. ਆਈ. ਮੱਖਣ ਸਿੰਘ, ਹੌਲਦਾਰ ਮਨਜਿੰਦਰ ਸਿਘ, ਹਰਮੇਸ਼ ਸਿੰਘ ਤੋਂ ਇਲਾਵਾ ਪਿੰਡ ਦੀਪਗੜ੍ਹ ਦੇ ਵਸਨੀਕ ਹਾਜ਼ਰ ਸਨ।
ਥਾਣਾ ਭਦੌੜ ਵਿਖੇ ਚਾਲਕ 'ਤੇ ਪਰਚਾ ਦਰਜ
ਥਾਣਾ ਭਦੌੜ ਦੇ ਸਬ ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਕਿਹਾ ਕਿ ਛੋਟਾ ਹਾਥੀ ਦੇ ਡਰਾਈਵਰ ਰਮਨਦੀਪ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਰਾਮਗੜ੍ਹ ਖ਼ਿਲਾਫ਼ ਪਰਚਾ ਦਰਜ ਕਰ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            