ਦਰਦਨਾਕ ਸੜਕ ਹਾਦਸੇ ’ਚ ਲੜਕੀ ਦੀ ਮੌਤ, 2 ਚਚੇਰੇ ਭਰਾ ਜ਼ਖ਼ਮੀ

Monday, Jun 24, 2024 - 05:36 PM (IST)

ਦਰਦਨਾਕ ਸੜਕ ਹਾਦਸੇ ’ਚ ਲੜਕੀ ਦੀ ਮੌਤ, 2 ਚਚੇਰੇ ਭਰਾ ਜ਼ਖ਼ਮੀ

ਗਿੱਦੜਬਾਹਾ (ਚਾਵਲਾ) : ਹਲਕੇ ਦੇ ਪਿੰਡ ਕੋਟਭਾਈ ਵਿਖੇ ਵਾਪਰੇ ਸੜਕ ਹਾਦਸੇ ਵਿਚ ਸਕੂਟਰੀ ਸਵਾਰ ਇਕ ਲੜਕੀ ਦੀ ਮੌਤ ਹੋ ਗਈ, ਜਦਕਿ ਉਸ ਨਾਲ ਸਕੂਟਰੀ ’ਤੇ ਸਵਾਰ ਉਸਦੇ ਚਾਚੇ ਦੇ 2 ਲੜਕੇ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੋਟਭਾਈ ਦੀ ਰਹਿਣ ਵਾਲੀ ਮਨੀਸ਼ਾ ਰਾਣੀ ਪੁੱਤਰੀ ਸਵ. ਅਵਤਾਰ ਸਿੰਘ ਆਪਣੇ ਚਚੇਰੇ ਭਰਾਵਾਂ ਹੁਸਨਪ੍ਰੀਤ ਸਿੰਘ ਅਤੇ ਸ਼ਿਵਜੋਤ ਸਿੰਘ ਨਾਲ ਸਕੂਟਰੀ ਰਾਹੀਂ ਪਿੰਡ ਕੋਟਭਾਈ ਦੀ ਫਿਰਨੀ ਵਾਲੀ ਲਿੰਕ ਰੋਡ ਤੋਂ ਬੱਸ ਸਟੈਂਡ ਵੱਲ ਜਾ ਰਹੀ ਸੀ ਅਤੇ ਜਦੋਂ ਉਹ ਲਿੰਕ ਰੋਡ ਤੋਂ ਗਿੱਦੜਬਾਹਾ-ਕੋਟਭਾਈ ਮੁੱਖ ਰੋਡ ’ਤੇ ਚੜ੍ਹਣ ਲੱਗੇ ਤਾਂ ਉਨ੍ਹਾਂ ਦੀ ਸਕੂਟਰੀ ਅੱਗੇ ਇਕ ਬੇਸਹਾਰਾ ਪਸ਼ੂ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਸਕੂਟਰੀ ਮੁਕਤਸਰ ਤੋਂ ਗਿੱਦੜਬਾਹਾ ਜਾ ਰਹੇ ਟਰਾਲੇ ਨਾਲ ਜਾ ਟਕਰਾਈ।

ਇਸ ਹਾਦਸੇ ਵਿਚ ਸਕੂਟਰੀ ਚਲਾ ਰਹੀ ਮਨੀਸ਼ਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਉਸਦੇ ਚਚੇਰੇ ਭਰਾ ਹੁਸਨਪ੍ਰੀਤ ਸਿੰਘ ਤੇ ਸ਼ਿਵਜੋਤ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵਿਵੇਸ਼ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾਂ ਨੇ ਸਿਵਲ ਹਸਪਤਾਲ ਗਿੱਦੜਬਾਹਾ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਹੁਸਨਪ੍ਰੀਤ ਸਿੰਘ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ। ਉੱਧਰ ਥਾਣਾ ਕੋਟਭਾਈ ਪੁਲਸ ਦੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਚਾਚਾ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਧਾਰਾ 174 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


author

Gurminder Singh

Content Editor

Related News