ਖੇਤਾਂ ਦੀ ਨਾੜ ਤੋਂ ਲੱਗੀ ਅੱਗ ਕਾਰਣ ਵਾਪਰਿਆ ਹਾਦਸਾ, ਗੁਜਰਾਂ ਦਾ ਹੋਇਆ ਲੱਖਾਂ ਰੁਪਏ ਦਾ ਨੁਕਸਾਨ

05/09/2023 5:59:03 PM

ਨਵਾਂਸ਼ਹਿਰ (ਤ੍ਰਿਪਾਠੀ) : ਸਥਾਨਕ ਗੜ੍ਹਸ਼ੰਕਰ ਹੋਡ ਸਥਿਤ ਪਿੰਡ ਰਸੂਲਪੁਰ ਵਿਖੇ ਖੇਤਾਂ ਦੀ ਨਾੜ ਨੂੰ ਲਗਾਈ ਗਈ ਅੱਗ ਦੀ ਚਪੇਟ ਵਿਚ ਆਉਣ ਨਾਲ ਗੁੱਜਰਾਂ ਦੇ ਡੇਰੇ ਤੋਂ 20 ਖੇਤਾਂ ਦੀ ਪਰਾਲੀ, 30 ਖੇਤਾਂ ਦੀ ਤੂੜੀ, 50 ਹਜ਼ਾਰ ਰੁਪਏ ਦੀ ਨਗਦੀ ਅਤੇ ਕੱਪੜੇ-ਛੰਨ ਸਮੇਤ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਕਾ ਗੁੱਜਰ ਨੇ ਦੱਸਿਆ ਕਿ ਉਹ ਅਲਾਚੌਰ-ਮੁਬਾਰਕਪੁਰ ਦੇ ਵਿਚਕਾਰ ਰੇਲਵੇ ਲਾਈਨ ਨੇੜੇ ਪਿੰਡ ਰਸੂਲਪੁਰ ਤੋਂ ਸਾਲ 2019 ਤੋਂ ਰਹਿ ਰਿਹਾ ਹੈ। ਉਸਨੇ ਦੱਸਿਆ ਕਿ ਘਰ ਖਰਚ ਚਲਾਉਣ ਲਈ ਉਸਨੇ ਕਰੀਬ 40-45 ਪਸ਼ੂ ਰੱਖੇ ਹੋਏ ਹਨ, ਜਿਨ੍ਹਾਂ ਦੇ ਚਾਰੇ ਲਈ ਉਨ੍ਹਾਂ ਕਰੀਬ 20 ਖੇਤਾਂ ਦੀ ਪਰਾਲੀ ਅਤੇ 30 ਖੇਤਾਂ ਦੀ ਤੂੜੀ ਇਕੱਠੀ ਕੀਤੀ ਹੋਈ ਸੀ। ਉਸਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ ਪੌਣੇ 2 ਵਜੇ ਜਦੋਂ ਉਹ ਆਪਣੀ ਛੰਨ ਦੇ ਅੰਦਰ ਆਰਾਮ ਕਰ ਰਿਹਾ ਸੀ ਤਾਂ ਲੋਕਾਂ ਨੇ ਦੱਸਿਆ ਕਿ ਛੰਨ ਵਿਚ ਅੱਗ ਲੱਗੀ ਹੋਈ ਹੈ। ਅਜਿਹੀ ਹੰਗਾਮੀ ਸਥਿਤੀ ਵਿਚ ਫਾਇਰ ਬ੍ਰਿਗੇਡ ਵਿਭਾਗ ਨੂੰ ਬੁਲਾਉਣ ਦੇ ਨਾਲ ਨਾਲ ਉਨ੍ਹਾਂ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ ਅਤੇ ਆਪਣੇ ਬੱਚਿਆਂ ਤੇ ਪਸ਼ੂਆਂ ਨੂੰ ਛੰਨ ਤੋਂ ਬਾਹਰ ਕੱਢਿਆ। 

ਉਸਨੇ ਦੱਸਿਆ ਕਿ ਅੱਗ ਦੀ ਚਪੇਟ ਵਿਚ ਆਉਣ ਨਾਲ ਉਸਦਾ 1 ਕੱਟਾ ਅਤੇ ਕੁੱਤਾ ਵੀ ਸੜ ਗਏ, ਜਦਕਿ ਹੋਰ ਪਸ਼ੂਆਂ ਨੂੰ ਬਾਹਰ ਕੱਢ ਲਿਆ ਗਿਆ। ਉਸਨੇ ਦੱਸਿਆ ਕਿ ਅੱਗ ਦੀ ਚਪੇਟ ਵਿਚ ਆਉਣ ਨਾਲ ਉਨ੍ਹਾਂ ਦੇ ਕਰੀਬ 3 ਲੱਖ ਰੁਪਏ ਦੀ ਛੰਨ, ਅੰਦਰ ਪਈ ਕਰੀਬ 50 ਹਜ਼ਾਰ ਰੁਪਏ ਦੀ ਨਗਦੀ ਅਤੇ ਕੱਪੜੇ, 30 ਖੇਤਾਂ ਦੀ ਤੂੜੀ ਅਤੇ 20 ਖੇਤਾਂ ਦੀ ਪਰਾਲੀ ਵੀ ਸੜ ਕੇ ਸੁਆਹ ਹੋ ਗਏ। ਉਸਨੇ ਦੱਸਿਆ ਕਿ ਫਾਇਰ ਵਿਭਾਗ ਦੀ ਗੱਡੀ ਜੇਕਰ ਸਮੇਂ ’ਤੇ ਨਾ ਪਹੁੰਚਦੀ ਅਤੇ ਪਿੰਡ ਵਾਸੀ ਮਦਦ ਨਾ ਕਰਦੇ ਤਾਂ ਹੋਰ ਵੱਧ ਨੁਕਸਾਨ ਹੋ ਸਕਦਾ ਸੀ। ਉਸਨੇ ਦੱਸਿਆ ਕਿ ਅੱਗ ਦੀ ਘਟਨਾ ਨਾਲ ਉਨ੍ਹਾਂ ਦਾ ਕਰੀਬ 5-6 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਮਦਦ ਦੀ ਮੰਗ ਕੀਤੀ ਹੈ। ਉਕਤ ਮਾਮਲੇ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ ਸੀ।


Gurminder Singh

Content Editor

Related News