ਦੁਸਹਿਰਾ ਰੇਲ ਹਾਦਸਾ-2018 ਦੀ ਜਾਂਚ ''ਚ 23 ਖਿਲਾਫ ਰਿਪੋਰਟ
Saturday, Dec 28, 2019 - 10:04 AM (IST)
ਅੰਮ੍ਰਿਤਸਰ (ਵੜੈਚ): ਜੌੜਾ ਫਾਟਕ 'ਚ ਦੁਸਹਿਰੇ ਵਾਲੇ ਦਿਨ ਸਾਲ 2018 'ਚ ਭਿਆਨਕ ਰੇਲ ਹਾਦਸਾ ਹੋਇਆ ਸੀ, ਜਿਸ ਵਿਚ 58 ਲੋਕਾਂ ਦੀ ਮੌਤ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਮੌਕੇ 'ਤੇ ਮੈਜਿਸਟ੍ਰੇਟ ਜਾਂਚ ਲਾਈ ਗਈ ਸੀ। ਜਾਂਚ ਦੌਰਾਨ ਪ੍ਰੋਗਰਾਮ ਦੀ ਮੁੱਖ ਮਹਿਮਾਨ ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਨੂੰ ਕਲੀਨ ਚਿੱਟ ਦੇ ਦਿੱਤੀ ਗਈ, ਉਥੇ ਹੀ ਜਾਂਚ 'ਚ ਦੁਸਹਿਰਾ ਪ੍ਰਬੰਧਕ ਸਮੇਤ ਨਿਗਮ, ਪੁਲਸ, ਲੋਕੋ ਪਾਇਲਟ ਤੇ ਗੇਟਮੈਨ ਖਿਲਾਫ ਕੋਤਾਹੀ ਦੀ ਰਿਪੋਰਟ ਬਣਾਈ ਗਈ, ਜਿਸ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਹੋਈ।
ਇਸ ਸਬੰਧੀ ਪੰਜਾਬ ਹਿਊਮਨ ਰਾਈਟਸ ਦੇ ਰਿਟਾਇਰ ਜੱਜ ਅਜੀਤ ਸਿੰਘ ਬੈਂਸ ਅਤੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਰਿਪੋਰਟ ਦਾ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ 24 ਦਸੰਬਰ ਨੂੰ ਪੁਲਸ ਕਮਿਸ਼ਨਰ ਅਤੇ ਜੀ. ਆਰ. ਪੀ. ਥਾਣੇ ਵਿਚ ਇਸ ਕੇਸ ਦੀ ਕਮੇਟੀ ਦੀ ਰਿਪੋਰਟ ਕਾਰਵਾਈ ਲਈ ਡਾਇਰੀ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ 58 ਲੋਕਾਂ ਦੀ ਮੌਤ ਨੂੰ ਲੈ ਕੇ ਸਰਕਾਰ ਗੰਭੀਰ ਨਹੀਂ ਹੈ। ਇਸ ਦੀ ਕਾਰਵਾਈ ਸਬੰਧੀ ਪੀੜਤ ਪਰਿਵਾਰ ਅੱਜ ਵੀ ਇਨਸਾਫ ਲਈ ਦਰ-ਦਰ ਭਟਕ ਰਹੇ ਹਨ। ਸਰਕਾਰ ਨੇ ਖੁਦ ਮੈਜਿਸਟ੍ਰੇਟ ਜਾਂਚ ਕਰਵਾਈ ਸੀ ਪਰ ਉਸ ਦੀ ਰਿਪੋਰਟ 'ਤੇ ਕੁਝ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਜ਼ਿਲਾ ਪੁਲਸ ਅਤੇ ਜੀ. ਆਰ. ਪੀ. ਨੇ ਮੈਜਿਸਟ੍ਰੇਟ ਜਾਂਚ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਨਹੀਂ ਕੀਤੀ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ।
ਉਕਤ ਘਟਨਾ ਵਾਪਰੇ ਨੂੰ 1 ਸਾਲ 2 ਮਹੀਨੇ 10 ਦਿਨ ਹੋ ਗਏ ਹਨ ਅਤੇ ਕਿਸੇ 'ਤੇ ਕਾਰਵਾਈ ਨਾ ਹੋਣਾ ਵੱਡੀ ਗੱਲ ਹੈ। ਕਾਰਵਾਈ ਨੂੰ ਲੈ ਕੇ ਕਈ ਰਾਜਨੀਤਕ ਪਾਰਟੀ ਦੇ ਨੇਤਾਵਾਂ ਨੇ ਮੁੱਦੇ ਨੂੰ ਚੁੱਕਿਆ ਪਰ ਅੱਜ ਤੱਕ ਕੁਝ ਨਹੀਂ ਹੋਇਆ। ਇਹ ਘਟਨਾ 18 ਅਕਤੂਬਰ 2018 ਨੂੰ ਹੋਈ, ਸਰਕਾਰ ਨੇ 20 ਅਕਤੂਬਰ ਨੂੰ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ। ਇਸ 'ਚ ਆਈ. ਐੱਸ. ਐੱਸ. ਬੀ. ਪੁਰਸ਼ਾਰਥ ਡਵੀਜ਼ਨ ਕਮਿਸ਼ਨਰ ਨੇ ਸਾਰੇ ਬਿਆਨ ਕਲਮਬੱਧ ਕੀਤੇ, ਜਿਸ ਦੀ ਰਿਪੋਰਟ ਇਕ ਮਹੀਨੇ ਬਾਅਦ 21 ਨਵੰਬਰ ਨੂੰ ਸਰਕਾਰ ਨੂੰ ਭੇਜ ਦਿੱਤੀ ਗਈ ਪਰ ਜਾਂਚ ਰਿਪੋਰਟ 'ਤੇ ਸਾਲ ਬੀਤ ਜਾਣ ਤੋਂ ਬਾਅਦ ਵੀ ਕਾਰਵਾਈ ਨਹੀਂ ਹੋਈ।
ਰਿਪੋਰਟ ਇਨ੍ਹਾਂ ਦੇ ਖਿਲਾਫ–
ਪ੍ਰੋਗਰਾਮ ਦੇ ਪ੍ਰਬੰਧਕ- ਸੌਰਵ (ਮਿੱਠੂ ਮਦਾਨ), ਰਾਹੁਲ ਕਲਿਆਣ, ਕਰਨ ਭੰਡਾਰੀ, ਕਾਬਲ ਸਿੰਘ, ਦੀਪਕ ਗੁਪਤਾ, ਦੀਪਕ ਕੁਮਾਰ, ਭੁਪਿੰਦਰ ਸਿੰਘ।
ਪੁਲਸ ਅਧਿਕਾਰੀ- ਏ. ਐੱਸ. ਆਈ. ਦਲਜੀਤ ਸਿੰਘ, ਮੁਨਸ਼ੀ ਥਾਣਾ ਮੋਹਕਮਪੁਰਾ, ਏ. ਐੱਸ. ਆਈ. ਸਤਨਾਮ ਸਿੰਘ, ਸਾਂਝ ਕੇਂਦਰ ਇੰਚਾਰਜ ਬਲਜੀਤ ਸਿੰਘ, ਕਮਲਪ੍ਰੀਤ ਕੌਰ ਏ. ਐੱਸ. ਆਈ., ਏ. ਸੀ. ਪੀ. ਟ੍ਰੈਫਿਕ ਪ੍ਰਭਜੋਤ ਸਿੰਘ ਵਿਰਕ, ਐਡੀਸ਼ਨਲ ਐੱਸ. ਐੱਚ. ਓ. ਸੁਖਜਿੰਦਰ ਸਿੰਘ, ਅਵਤਾਰ ਸਿੰਘ ਐਡੀਸ਼ਨਲ ਐੱਸ. ਐੱਚ. ਓ. ਮੋਹਕਮਪੁਰਾ।
ਨਗਰ ਨਿਗਮ ਅਧਿਕਾਰੀ- ਅਸਟੇਟ ਅਧਿਕਾਰੀ ਸੁਸ਼ਾਂਤ ਭਾਟੀਆ, ਇੰਸਪੈਕਟਰ ਕੇਵਲ ਕ੍ਰਿਸ਼ਨ, ਇਸ਼ਤਿਹਾਰ ਸੁਪਰਡੈਂਟ ਪੁਸ਼ਪਿੰਦਰ ਸਿੰਘ, ਗਿਰੀਸ਼ ਕੁਮਾਰ, ਕਲਰਕ ਅਰੁਣ ਕੁਮਾਰ।
ਰੇਲਵੇ ਅਧਿਕਾਰੀ- ਨਿਰਮਲ ਸਿੰਘ ਗੇਟਮੈਨ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ ਅਤੇ ਗਾਰਡ।