ਗੁਰਦੁਆਰਾ ਸਾਹਿਬ ''ਚ ਫਟਿਆ AC ਦਾ ਕੰਪਰੈਸ਼ਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨ ਭੇਂਟ
Thursday, Sep 11, 2025 - 11:05 AM (IST)

ਮਾਛੀਵਾੜਾ ਸਾਹਿਬ (ਟੱਕਰ) : ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਗੁਰਦੁਆਰਾ ਸਾਹਿਬ ਝਾੜ ਸਾਹਿਬ ਨੇੜੇ ਕਾਰ ਸੇਵਾ ਵਾਲੇ ਬਾਬਿਆਂ ਵਲੋਂ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਬੜੀ ਹੀ ਮੰਦਭਾਗੀ ਘਟਨਾ ਵਾਪਰੀ। ਇੱਥੇ ਸੱਚਖੰਡ ਸਾਹਿਬ ’ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 3 ਪਾਵਨ ਸਰੂਪ ਅਗਨ ਭੇਂਟ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ 'ਤੇ ਪੁੱਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜਿੰਦਰ ਕੌਰ ਪਵਾਤ ਦੇ ਪਤੀ ਹਰਜਤਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਗੁਰੂ ਘਰ ਵਿਚ ਬੀਤੀ ਸ਼ਾਮ ਨੂੰ ਸੱਚਖੰਡ ਵਿਚ ਲੱਗੇ ਵਿੰਡੋ ਏ. ਸੀ. ਦਾ ਕੰਪਰੈਸ਼ਰ ਫੱਟ ਗਿਆ, ਜਿਸ ਤੋਂ ਬਾਅਦ ਉੱਪਰ ਲੱਗੇ ਚੰਦੋਆ ਸਾਹਿਬ ਨੂੰ ਅੱਗ ਲੱਗ ਗਈ। ਚੰਦੋਆ ਸਾਹਿਬ ਨੂੰ ਅੱਗ ਲੱਗਣ ਕਾਰਨ ਹੇਠਾਂ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੀ ਅਗਨ ਭੇਂਟ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਮੰਦਭਾਗੀ ਘਟਨਾ ਕਾਰਨ ਸੰਗਤਾਂ 'ਚ ਸੋਗ ਦੀ ਲਹਿਰ ਫੈਲ ਗਈ ਅਤੇ ਸਾਰੀ ਰਾਤ ਸੰਗਤ ਗੁਰੂ ਸਾਹਿਬ ਜੀ ਦਾ ਜਾਪ ਕਰਦੀ ਰਹੀ। ਅੱਜ ਸਵੇਰੇ ਸ੍ਰੀ ਕੇਸਗੜ੍ਹ ਸਾਹਿਬ (ਸ੍ਰੀ ਆਨੰਦਪੁਰ ਸਾਹਿਬ) ਤੋਂ ਪੰਜ ਸਿੰਘ ਸਾਹਿਬਾਨ ਗੁਰੂ ਘਰ ਆਏ ਅਤੇ ਉਨ੍ਹਾਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।
ਇਸ ਮੌਕੇ ਪੰਜ ਸਿੰਘ ਸਾਹਿਬਾਨਾਂ ਵਲੋਂ ਮੂਲ-ਮੰਤਰ ਦਾ ਜਾਪ ਕੀਤਾ ਗਿਆ ਅਤੇ ਅਰਦਾਸ ਕਰਨ ਉਪਰੰਤ ਅਗਨ ਭੇਂਟ ਹੋਏ 3 ਸਰੂਪਾਂ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਰਵਾਨਾ ਕੀਤਾ ਗਿਆ। 5 ਸਿੰਘ ਸਾਹਿਬਾਨਾਂ ਨੇ ਕਿਹਾ ਕਿ ਇਸ ਹਾਦਸੇ ਦੀ ਸਾਰੀ ਰਿਪੋਰਟ ਤਿਆਰ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਕੀਤੀ ਜਾਵੇਗੀ ਅਤੇ ਉੱਥੋਂ ਜੋ ਵੀ ਹੁਕਮ ਜਾਰੀ ਹੋਵੇਗਾ ਉਹ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਬੜੀ ਹੀ ਮੰਦਭਾਗੀ ਘਟਨਾ ਵਾਪਰੀ ਹੈ ਅਤੇ ਉਹ ਸੰਗਤਾਂ ਅਤੇ ਖ਼ਾਸ ਕਰ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕਰਦੇ ਹਨ ਕਿ ਮਰਿਯਾਦਾ ਦਾ ਖ਼ਾਸ ਧਿਆਨ ਰੱਖਿਆ ਜਾਵੇ ਅਤੇ ਸੱਚਖੰਡ ਸਾਹਿਬ ਵਿਚ ਏ. ਸੀ. ਉਸ ਸਮੇਂ ਚਲਾਏ ਜਾਣ, ਜਦੋਂ ਪ੍ਰਬੰਧਕ ਮੌਜੂਦ ਹੋਣ। ਉਨ੍ਹਾਂ ਕਿਹਾ ਕਿ ਭਵਿੱਖ 'ਚ ਅਜਿਹੀ ਘਟਨਾ ਨਾ ਵਾਪਰੇ, ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰੇ ਜਾਣ ਅਤੇ ਪ੍ਰਬੰਧਕ ਕਮੇਟੀਆਂ ਇਸ ਗੱਲ ਦਾ ਖ਼ਿਆਲ ਰੱਖਣ।
ਇਸ ਮੌਕੇ ਮੌਜੂਦ ਡੀ. ਐੱਸ. ਪੀ. ਸਮਰਾਲਾ ਤਰਲੋਚਨ ਸਿੰਘ ਵੀ ਮੌਕੇ ’ਤੇ ਮੌਜੂਦ ਸਨ, ਜਿਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜ ਸਿੰਘ ਸਾਹਿਬਾਨਾਂ ਵਲੋਂ ਜਿੱਥੇ ਇਸ ਹਾਦਸੇ ਦੀ ਪੂਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ, ਉੱਥੇ ਪੁਲਸ ਪ੍ਰਸ਼ਾਸਨ ਵਲੋਂ ਵੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬੇਸ਼ੱਕ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਹਾਦਸਾ ਏ. ਸੀ. ਦਾ ਕੰਪਰੈਸ਼ਰ ਫੱਟਣ ਕਾਰਨ ਵਾਪਰਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਰਬੰਸ ਸਿੰਘ ਮਾਣਕੀ, ਹਲਕਾ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਸਾਬਕਾ ਜਥੇਦਾਰ ਜਸਮੇਲ ਸਿੰਘ ਬੌਂਦਲੀ, ਜਥੇਦਾਰ ਹਰਦੀਪ ਸਿੰਘ ਬਹਿਲੋਲਪੁਰ, ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਜਸਵੀਰ ਸਿੰਘ ਮੰਗਲੀ, ਪ੍ਰਚਾਰਕ ਬਚਿੱਤਰ ਸਿੰਘ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਘਟਨਾ ਕਾਰਨ ਸੰਗਤਾਂ ਵਿਚ ਸੋਗ ਦੀ ਲਹਿਰ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਸ ਭੁੱਲ ਸਬੰਧੀ ਜੋ ਹੁਕਮ ਜਾਰੀ ਹੋਵੇਗਾ, ਉਹ ਅਮਲ ਵਿਚ ਲਿਆਂਦਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ਝਾੜ ਸਾਹਿਬ ਦੇ ਵਾਸੀ ਵੀ ਅੱਜ ਦੀ ਘਟਨਾ ਕਾਰਨ ਬੇਹੱਦ ਸੋਗਮਈ ਦਿਖਾਈ ਦਿੱਤੇ।
ਪਾਠ ਕਰ ਰਹੇ ਬਜ਼ੁਰਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਸਰੂਪ ਨੂੰ ਬਚਾਅ ਲਿਆ
ਬੀਤੇ ਦਿਨ ਗੁਰਦੁਆਰਾ ਸਾਹਿਬ ਵਿਖੇ ਜਦੋਂ ਸ਼ਾਮ ਨੂੰ ਏ. ਸੀ. ਦਾ ਕੰਪਰੈਸ਼ਰ ਫੱਟਣ ਕਾਰਨ ਸੱਚਖੰਡ ਸਾਹਿਬ ’ਚ ਧੂੰਆ ਫੈਲ ਗਿਆ ਤਾਂ ਹੇਠਾਂ ਦਰਬਾਰ ਹਾਲ ਵਿਚ ਇੱਕ ਬਜ਼ੁਰਗ ਬਲਬੀਰ ਸਿੰਘ ਪਾਠ ਕਰ ਰਿਹਾ ਸੀ। ਜਦੋਂ ਉਸਨੇ ਦੇਖਿਆ ਕਿ ਧੂੰਆਂ ਫੈਲ ਰਿਹਾ ਹੈ ਤਾਂ ਉਸਨੇ ਤਾੜੀਆਂ ਮਾਰ ਕੇ ਸਹਾਇਤਾ ਲਈ ਪੁਕਾਰ ਕੀਤੀ ਪਰ ਜਦੋਂ ਕੋਈ ਨਾ ਆਇਆ ਤਾਂ ਉਸਨੇ ਸਤਿਕਾਰ ਨਾਲ ਜਿਸ ਗ੍ਰੰਥ ਸਾਹਿਬ ਜੀ ਦੇ ਸਰੂਪ ’ਤੇ ਪਾਠ ਕਰ ਰਿਹਾ ਸੀ, ਉਸਦਾ ਜਲਦ ਹੀ ਸੁੱਖ ਆਸਣ ਕਰ ਦੂਜੇ ਦਰਬਾਰ ਹਾਲ ਵਿਚ ਲੈ ਗਿਆ। ਇਸ ਦੌਰਾਨ ਜਦੋਂ ਹੋਰ ਸਿੰਘ ਮੌਕੇ ’ਤੇ ਪੁੱਜੇ ਤਾਂ ਉਦੋਂ ਤੱਕ 3 ਸਰੂਪ ਅਗਨ ਭੇਂਟ ਹੋ ਚੁੱਕੇ ਸਨ।