ਅਬੂ ਬੁੱਕਰ ਬਹੁ-ਚਰਚਿਤ ਕਤਲ ਕਾਂਡ ''ਚ ਮੁਲਜ਼ਮ ਮਨਦੀਪ ਦੀ ਗ੍ਰਿਫਤਾਰੀ ''ਤੇ ਰੋਕ

02/20/2020 9:16:05 PM

ਫਿਰੋਜ਼ਪੁਰ,(ਮਨਦੀਪ, ਕੁਮਾਰ)- ਜ਼ੀਰਾ ਦੇ ਪਿੰਡ ਸ਼ਾਹ ਅਬੂ ਬੁੱਕਰ ਦੇ ਬਹੁ-ਚਰਚਿਤ ਸੁਖਵਿੰਦਰ ਸਿੰਘ ਕਤਲ ਕਾਂਡ 'ਚ ਮੁਲਜ਼ਮ ਮਨਦੀਪ ਸਿੰਘ ਦੀ ਗ੍ਰਿਫਤਾਰੀ 'ਤੇ ਹਾਈ ਕੋਰਟ ਨੇ ਰੋਕ ਲਾ ਦਿੱਤੀ ਹੈ। ਹਾਈ ਕੋਰਟ ਨੇ ਮੁਲਜ਼ਮ ਨੂੰ ਇਹ ਰਾਹਤ ਉਸ ਦੇ ਵਕੀਲ ਅਭਿਲਕਸ਼ ਗੈਂਦ ਵੱਲੋਂ ਦਿੱਤੀਆਂ ਗਈਆਂ ਆਤਮ-ਰੱਖਿਆ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਪਹਿਲੀ ਹੀ ਸੁਣਵਾਈ 'ਤੇ ਦੇ ਦਿੱਤੀ ਹੈ। ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਦੌਰਾਨ ਕਤਲ ਦੇ ਮੁਲਜ਼ਮ ਮਨਦੀਪ ਦੇ ਵਕੀਲ ਅਭਿਲਕਸ਼ ਗੈਂਦ ਨੇ ਦਲੀਲ ਦਿੱਤੀ ਕਿ ਉਸ ਨੇ ਜੋ ਕੁਝ ਵੀ ਕੀਤਾ, ਉਹ ਸਭ ਆਤਮ-ਰੱਖਿਆ ਵਿਚ ਕੀਤਾ। ਵਕੀਲ ਨੇ ਕਿਹਾ ਕਿ ਸੁਖਵਿੰਦਰ ਸਿੰਘ ਅਤੇ ਉਸ ਦੇ ਸਾਥੀ ਮਨਦੀਪ ਦੇ ਚਾਚੇ ਬੋਹੜ ਸਿੰਘ ਅਤੇ ਜੋਗਿੰਦਰ ਸਿੰਘ ਨੂੰ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਮਾਰ ਰਹੇ ਸਨ, ਜਿਨ੍ਹਾਂ ਨੂੰ ਬਚਾਉਣ ਲਈ ਉਸ ਨੂੰ ਵਿਚ ਆਉਣਾ ਪਿਆ। ਬਚਾਅ ਲਈ ਗਏ ਮਨਦੀਪ ਨੂੰ ਹਮਲਾਵਰਾਂ ਨੇ ਦਬੋਚ ਲਿਆ, ਜਿਸ ਕਾਰਣ ਉਸ ਦੇ ਸਿਰ 'ਤੇ ਡੂੰਘੀਆਂ ਸੱਟਾਂ ਲੱਗੀਆਂ, ਜਿਨ੍ਹਾਂ ਨਾਲ ਉਸ ਦੀ ਜਾਨ ਵੀ ਜਾ ਸਕਦੀ ਸੀ। ਉਸ ਨੇ ਆਪਣੀ ਅਤੇ ਆਪਣੇ ਚਾਚੇ ਦੀ ਜਾਨ ਬਚਾਉਣ ਲਈ ਸੁਖਵਿੰਦਰ ਸਿੰਘ 'ਤੇ ਵਾਰ ਕੀਤਾ ਸੀ ਤਾਂ ਜੋ ਉਹ ਆਪਣੇ-ਆਪ ਨੂੰ ਛੁਡਾ ਸਕੇ। ਇਹ ਪੂਰਾ ਮਾਮਲਾ ਆਤਮ-ਰੱਖਿਆ ਦਾ ਹੈ।

ਹਾਈ ਕੋਰਟ ਵਿਚ ਸੁਣਵਾਈ ਦੌਰਾਨ ਮਨਦੀਪ ਦੇ ਵਕੀਲ ਇਹ ਵੀ ਦਲੀਲ ਦਿੱਤੀ ਕਿ ਅਜੇ ਤੱਕ ਇਹ ਵੀ ਸਾਹਮਣੇ ਨਹੀਂ ਆਇਆ ਕਿ ਵਾਰਦਾਤ ਦੀ ਸ਼ੁਰੂਆਤ ਕਿਸ ਨੇ ਕੀਤੀ ਅਤੇ ਇਹ ਕਿਵੇਂ ਸ਼ੁਰੂ ਹੋਈ, ਜਿਸ ਕਾਰਣ ਇਸ ਮਾਮਲੇ 'ਚ ਹਾਲੇ ਤਕ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕਸੂਰਵਾਰ ਕੌਣ ਹੈ ਕਿਉਂਕਿ ਮਨਦੀਪ ਦੇ ਤਾਏ ਵੱਲੋਂ ਉਕਤ ਹਮਲਾਵਰਾਂ ਦਾ ਪਹਿਲਾਂ ਵੀ ਇਕ ਮਾਮਲੇ 'ਚ ਵਿਰੋਧ ਕੀਤਾ ਗਿਆ ਸੀ, ਜਿਸ ਕਾਰਣ ਹਮਲਾਵਰ ਮਨਦੀਪ ਅਤੇ ਉਸ ਦੇ ਪਰਿਵਾਰ ਨਾਲ ਰੰਜਿਸ਼ ਰੱਖਦੇ ਸਨ। ਇਸ ਲਈ ਉਨ੍ਹਾਂ ਉਸ ਦੇ ਚਾਚੇ ਨੂੰ ਇਕੱਲਾ ਵੇਖ ਕੇ ਉਸ 'ਤੇ ਹਮਲਾ ਕਰ ਦਿੱਤਾ। ਉਹ ਸਿਰਫ ਆਪਣੇ ਚਾਚੇ ਦੀ ਜਾਨ ਬਚਾਉਣ ਲਈ ਉਥੇ ਗਿਆ ਸੀ। ਇਹ ਵਾਰਦਾਤ 18 ਅਕਤੂਬਰ 2919 ਦੀ ਹੈ, ਜਿਸ ਵਿਚ ਪੁਲਸ ਨੇ ਦੋਵਾਂ ਧਿਰਾਂ ਖਿਲਾਫ ਕਰਾਸ ਕੇਸ ਦਰਜ ਕੀਤਾ। ਕਤਲ ਦੇ ਮਾਮਲੇ 'ਚ ਮੁਲਜ਼ਮ ਬੋਹੜ ਸਿੰਘ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਾ ਹੈ, ਜਦਕਿ ਮਨਦੀਪ ਸਿੰਘ ਦੀ ਪੁਲਸ ਨੂੰ ਭਾਲ ਸੀ। ਉਸ ਨੇ ਹਾਈ ਕੋਰਟ ਵਿਚ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ, ਜਿਸ ਦੀ ਸੁਣਵਾਈ ਦੌਰਾਨ ਉਪਰੋਕਤ ਦਲੀਲਾਂ ਸੁਣਨ ਤੋਂ ਬਾਅਦ ਪਹਿਲੀ ਹੀ ਸੁਣਵਾਈ 'ਤੇ ਹਾਈ ਕੋਰਟ ਨੇ ਉਸ ਦੀ ਗ੍ਰਿਫਤਾਰੀ 'ਤੇ ਰੋਕ ਲਗਾ ਦਿੱਤੀ ਹੈ।


Related News