2 ਸਕੇ ਭਰਾਵਾਂ ਨੂੰ ਵਰਕ ਪਰਮਿਟ ਦੀ ਥਾਂ ਟੂਰਿਸਟ ਵੀਜ਼ੇ ''ਤੇ ਭੇਜਿਆ ਵਿਦੇਸ਼
Tuesday, Mar 17, 2020 - 04:02 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : 2 ਸਕੇ ਭਰਾਵਾਂ ਨੂੰ ਵਰਕ ਪਰਮਿਟ 'ਤੇ ਮਾਰੀਸ਼ਸ ਭੇਜਣ ਦਾ ਝਾਂਸਾ ਦੇ ਕੇ 5.10 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਫਰਜ਼ੀ ਟਰੈਵਲ ਏਜੰਟ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਸਰਵਨ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਸ਼ਮਸਪੁਰ ਥਾਣਾ ਰਾਹੋਂ ਨੇ ਦੱਸਿਆ ਕਿ ਉਸਨੇ ਆਪਣੇ 2 ਲੜਕਿਆਂ ਨੂੰ ਵਰਕ ਪਰਮਿਟ 'ਤੇ ਮਾਰੀਸ਼ਸ ਭੇਜਣ ਦਾ ਸੌਦਾ ਟਰੈਵਲ ਏਜੰਟ ਤਰਸੇਮ ਸਿੰਘ ਉਰਫ ਤਰਸੇਮ ਬੱਧਣ ਪੁੱਤਰ ਨਸੀਬ ਸਿੰਘ ਵਾਸੀ ਪਿੰਡ ਮਾਨਵ ਢੇਰੀ ਥਾਣਾ ਟਾਂਡਾ (ਹੁਸ਼ਿਆਰਪੁਰ) ਨਾਲ 7.70 ਲੱਖ ਰੁਪਏ ਵਿਚ ਕੀਤਾ ਸੀ।
ਉਪਰੋਕਤ ਏਜੰਟ ਨੂੰ ਉਸਨੇ 5.10 ਲੱਖ ਰੁਪਏ ਦਿੱਤੇ ਸਨ, ਜਦਕਿ ਬਾਕੀ ਰਕਮ ਵਰਕ ਪਰਮਿਟ ਮਿਲਣ 'ਤੇ ਦੇਣੀ ਸੀ। ਉਪਰੋਕਤ ਏਜੰਟ ਨੇ ਉਸਦੇ ਲੜਕਿਆਂ ਨੂੰ ਵਰਕ ਪਰਮਿਟ ਦੀ ਥਾਂ 'ਤੇ ਟੂਰਿਸਟ ਵੀਜ਼ੇ 'ਤੇ ਮਾਰੀਸ਼ਸ ਭੇਜ ਦਿੱਤਾ। ਜਿਸ ਕਰਕੇ ਉਸਦੇ ਲੜਕਿਆਂ ਨੂੰ ਉੱਥੇ ਕੋਈ ਕੰਮ ਨਹੀਂ ਮਿਲਿਆ ਅਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੰਮ ਨਾ ਮਿਲਣ ਕਰਕੇ ਉਸਦੇ ਲੜਕੇ ਵਾਪਸ ਇੰਡੀਆ ਆ ਗਏ। ਉਪਰੋਕਤ ਏਜੰਟ ਤੋਂ ਜਦੋਂ ਪੈਸੇ ਵਾਪਸ ਕਰਨ ਦੀ ਗੱਲ ਕੀਤੀ ਤਾਂ ਉਹ ਧਮਕੀਆਂ ਦੇਣ ਲੱਗ ਪਿਆ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸਨੇ ਆਪਣੇ ਪੈਸੇ ਵਾਪਸ ਕਰਵਾਉਣ ਅਤੇ ਟਰੈਵਲ ਏਜੰਟ ਖਿਲਾਫ ਕਾਨੂੰਨ ਦੇ ਤਹਿਤ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਪਰੋਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. (ਸੀ.ਏ.ਪੀ.) ਵੱਲੋਂ ਕਰਨ ਉਪਰੰਤ ਦਿੱਤੀ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਤਰਸੇਮ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।