ਵਿਦੇਸ਼ ਭੇਜਣ ਦੇ ਨਾਮ ’ਤੇ 4 ਲੱਖ 20 ਹਜ਼ਾਰ ਦੀ ਠੱਗੀ, ਏਜੰਟ ’ਤੇ ਮਾਮਲਾ ਦਰਜ

Friday, Jun 04, 2021 - 04:18 PM (IST)

ਬੰਗਾ (ਚਮਨ ਲਾਲ/ਰਾਕੇਸ਼ ਅਰੋੜਾ) : ਥਾਣਾ ਸਿਟੀ ਪੁਲਸ ਵਲੋਂ ਵਿਦੇਸ਼ ਭੇਜਣ ਦੇ ਨਾਮ ’ਤੇ ਟਰੈਵਲ ਏਜੰਟ ਵਲੋਂ ਵੱਖ-ਵੱਖ ਲੋਕਾ ਨਾਲ 4 ਲੱਖ 20 ਹਜ਼ਾਰ ਰੁਪਏ ਦੀ ਮਾਰੀ ਠੱਗੀ ਤਹਿਤ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਕਪਤਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤੀ ਸ਼ਿਕਾਇਤ ਵਿਚ ਮਨਪ੍ਰੀਤ ਚੌਹਾਨ ਪੁੱਤਰ ਹਰਜਿੰਦਰ ਕੁਮਾਰ ਵਾਸੀ ਜੇਠੂਮਜਾਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਸ ਨੇ ਫ਼ੇਸਬੁੱਕ ਤੇ ਵਿਦੇਸ਼ ਭੇਜਣ ਦਾ ਵਿਗਿਆਪਨ ਵੇਖ, ਉਸਨੇ ਭੁਪਿੰਦਰ ਸਿੰਘ ਜੋ ਕੈਰੀਅਰ ਇੰਟਰ ਪਰਾਇਜ਼ਜ ਦੇ ਨਾਮ ’ਤੇ ਬੰਗਾ ਮੁਕੰਦਪੁਰ ਰੋਡ ਨਜ਼ਦੀਕ ਬੈਂਕ ਆਫ ਬੜੌਦਾ ਦੇ ਦਫ਼ਤਰ ਵਿਚ ਸਿੰਘਾਪੁਰ ਜਾਣ ਲਈ ਵਰਕ ਪਰਮਿਟ ਲੈਕੇ ਦੇਣ ਲਈ 1 ਲੱਖ 50 ਹਜ਼ਾਰ ਰੁਪਏ ਵਿਚ ਗੱਲ ਹੋਈ ਸੀ। ਜਿਸ ’ਤੇ ਭੁਪਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਤੁਹਾਨੂੰ ਸਿੰਘਾਪੁਰ ਵਿਖੇ ਵਰਕ ਪਰਮਿਟ ਲੈਕੇ ਦੇਵੇਗਾ। ਇਸ ’ਤੇ ਉਸ ਨੇ ਉਸ ਨੂੰ ਮਿਤੀ 23 ਫਰਵਰੀ 21 ਨੂੰ 90 ਹਜ਼ਾਰ ਰੁਪਏ ਨਗਦ ਦੇ ਦਿੱਤੇ। ਜਿਸ ਤੋਂ ਬਾਅਦ ਭੁਪਿੰਦਰ ਸਿੰਘ ਨੇ ਉਸ ਨੂੰ ਵਰਕ ਪਰਮਿਟ ਦੀ ਕਾਪੀ ਦੇ ਦਿੱਤੀ ਅਤੇ ਬਕਾਇਆ ਰਕਮ 60 ਹਜ਼ਾਰ ਦੇਣ ਲਈ ਕਿਹਾ ਅਤੇ ਮਿਤੀ 07 ਮਾਰਚ 21 ਦੀ ਸਿੰਘਾਪੁਰ ਜਾਣ ਦੀ ਏਅਰ ਟਿਕਟ ਵੀ ਦੇ ਦਿੱਤੀ। ਉਨ੍ਹਾ ਦੱਸਿਆ ਕਿ ਉਸ ਉਪਰੰਤ ਭੁਪਿੰਦਰ ਸਿੰਘ ਦਾ ਉਸ ਨੂੰ ਫੋਨ ਆਇਆ ਅਤੇ ਉਸ ਨੇ ਕਿਹਾ ਕਿ ਕੋਰੋਨਾ ਦੇ ਕਾਰਨ ਫਲਾਈਟ ਰੱਦ ਹੋ ਗਈ ਹੈ ਅਤੇ ਉਹ ਹੁਣ ਉਸ ਨੂੰ 16 ਮਾਰਚ 21 ਨੂੰ ਭੇਜੇਗਾ।

ਇਸ ਤੋਂ ਬਾਅਦ ਉਸਨੇ ਆਪਣਾ ਫੋਨ ਬੰਦ ਕਰ ਲਿਆ ਅਤੇ ਉਸ ਦਿਨ ਤੋਂ ਹੀ ਉਸ ਦਾ ਦਫਤਰ ਵੀ ਬੰਦ ਹੈ ਅਤੇ ਜੋ ਕੁੜੀਆਂ ਉਸ ਦੇ ਦਫਤਰ ਵਿਚ ਕੰਮ ਕਰਦੀਆ ਹਨ ਉਹ ਵੀ ਕੋਈ ਪਤਾ ਟਿਕਾਣਾ ਨਹੀਂ ਦੱਸ ਰਹੀਆਂ ਹਨ। ਉਸ ਨੇ ਦੱਸਿਆ ਕਿ ਉਸ ਨੇ ਰਮਨਦੀਪ ਕੌਰ ਨਾਮੀ ਕੁੜੀ ਨੂੰ ਪੈਸੇ ਦਿੱਤੇ ਸਨ ,ਜੋ ਸਾਰੀ ਪਬਲਿਕ ਡਿਲਿੰਗ ਕਰਦੀ ਸੀ ਅਤੇ ਪੈਸੇ ਵੀ ਉਹ ਹੀ ਲੈਂਦੀ ਸੀ। ਇਸੇ ਤਰ੍ਹਾਂ ਹੀ ਉਕਤ ਏਜੰਟ ਭੁਪਿੰਦਰ ਸਿੰਘ ਅਤੇ ਲੜਕੀ ਰਮਨਦੀਪ ਖ਼ਿਲਾਫ਼ ਰਾਮ ਪੁੱਤਰ ਤੀਰਥ ਵਾਸੀ ਜੇਠੂ ਮਜਾਰਾ ਵਲੋਂ ਵਿਦੇਸ਼ ਭੇਜਣ ਦੇ ਨਾਮ ’ਤੇ ਮਾਰੀ ਠੱਗੀ ਅਤੇ ਲਖਵੀਰ ਸਿੰਘ ਪੁੱਤਰ ਨਿਰਮਲ ਸਿੰਘ, ਪਰਮਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ,ਗੋਬਿੰਦ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਸ਼ਹਿਜ਼ਾਦ ਜ਼ਿਲ੍ਹਾ ਲੁਧਿਆਣਾ , ਸਰਬਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਗਾਂਧੀ ਨਗਰ ਬੰਗਾ ਵਲੋਂ ਵੀ ਆਪਣੀ ਆਪਣੀ ਸ਼ਿਕਾਇਤ ਵਿਚ ਵਿਦੇਸ਼ ਭੇਜਣ ਦੇ ਨਾਮ ’ਤੇ ਮਾਰੀ ਠੱਗੀ, ਵਿਚ ਉਨ੍ਹਾਂ ਨੇ ਦੱਸਿਆ ਕਿ ਉਕਤ ਏਜੰਟ ਨੇ ਰਾਮ ਕੋਲੋ 1ਲੱਖ 50 ਹਜ਼ਾਰ ,ਲਖਵੀਰ ਸਿੰਘ ਕੋਲੋ15 ਹਜ਼ਾਰ,ਪਰਮਜੀਤ ਸਿੰਘ ਕੋਲੋ 15 ਹਜ਼ਾਰ ਅਤੇ ਗੋਬਿੰਦ ਸਿੰਘ ਕੋਲੋ 15 ਹਜ਼ਾਰ ਅਤੇ ਸਰਬਜੀਤ ਸਿੰਘ ਕੋਲ 75 ਹਜ਼ਾਰ ਵੀ ਵਿਦੇਸ਼ ਭੇਜਣ ਦੇ ਨਾਮ ਤੇ 45 ਹਜ਼ਾਰ ਰੁਪਏ ਅਤੇ ਸਰਬਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਗਾਂਧੀ ਨਗਰ ਕੋਲੋ 75 ਹਜ਼ਾਰ ਰੁਪਏ ਲੈਕੇ ਵਿਦੇਸ਼ ਨਹੀ ਭੇਜਿਆ।

ਮਿਲੀ ਸਿਕਾਇਤ ’ਤੇ ਪੁਲਸ ਕਪਤਾਨ ਨੇ ਇਸਦੀ ਜਾਂਚ ਪੜਤਾਲ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਵਲੋਂ ਕਰਵਾਉਣ ਮਗਰੋਂ ਆਈ ਰਿਪੋਰਟ ਤੇ ਕਾਰਵਾਈ ਕਰਦੇ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ ਨੂੰ ਉਕਤ ਕੇਸ ਵਿਚ ਦਾਖਲ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਮਿਲੇ ਹੁਕਮਾਂ ਤੋਂ ਬਾਅਦ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ ਸਤੀਸ਼ ਕੁਮਾਰ ਨੇ ਉਕਤ ਏਜੰਟ ਖ਼ਿਲਾਫ਼ 406 ,420 ਤਹਿਤ ਮਾਮਲਾ ਨੰਬਰ 53 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Gurminder Singh

Content Editor

Related News