ਪ੍ਰਧਾਨ ਖ਼ਿਲਾਫ਼ ਝੂਠਾ ਪਰਚਾ ਦਰਜ ''ਤੇ ਆੜ੍ਹਤੀਆਂ ਵਲੋਂ ਹੜਤਾਲ ਦਾ ਐਲਾਨ

Thursday, Dec 12, 2024 - 05:16 PM (IST)

ਬਰੇਟਾ (ਬਾਂਸਲ) : ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਮੋਹਨ ਗਰਗ ਖ਼ਿਲਾਫ਼ ਪੁਲਸ ਵੱਲੋਂ ਐੱਸ. ਸੀ., ਐੱਸ. ਟੀ. ਦੀ ਧਾਰਾ ਅਧੀਨ ਪਰਚਾ ਦਰਜ ਕਰਨ ਦੇ ਰੋਸ ਵਜੋਂ ਮੰਡੀ ਦੇ ਆੜ੍ਹਤੀਆਂ ਵੱਲੋਂ ਮੇਨ ਬਾਜ਼ਾਰ 'ਚ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆੜ੍ਹਤੀ ਆਪਣੇ ਪ੍ਰਧਾਨ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ ਅਤੇ ਇੱਕ ਮੀਟਿੰਗ ਕਰ ਕੇ ਆੜ੍ਹਤੀਆਂ ਵੱਲੋਂ ਸ਼ੁੱਕਰਵਾਰ ਤੋਂ 3 ਦਿਨਾਂ ਦੀ ਹੜਤਾਲ ਕਰਨ ਦਾ ਵੀ ਐਲਾਨ ਕੀਤਾ ਗਿਆ।

ਦੱਸਣਯੋਗ ਹੈ ਕਿ ਮਜ਼ਦੂਰ-ਜੱਥੇਬੰਦੀ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਤਰਸੇਮ ਸਿੰਘ ਵੱਲੋਂ ਪੁਲਸ ਨੂੰ ਕੀਤੀ ਗਈ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਬੀਤੀ 4 ਦਸੰਬਰ ਨੂੰ ਬਰੇਟਾ ਥਾਣੇ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਦੇ ਵਿਰੋਧ 'ਚ ਆੜ੍ਹਤੀਆ ਐਸੋਸੀਏਸ਼ਨ ਬਰੇਟਾ ਦੀ ਇੱਕ ਹੰਗਾਮੀ ਬੈਠਕ ਦੁਰਗਾ ਮੰਦਰ ਵਾਲੀ ਧਰਮਸ਼ਾਲਾ ਵਿਖ਼ੇ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਦਲਵੀਰ ਸਿੰਘ ਕਾਲਾ ਜਵੰਧਾ ਦੀ ਅਗਵਾਈ ਵਿੱਚ ਹੋਈ।

ਇਸ ਮੀਟਿੰਗ ਵਿੱਚ ਸ਼ਾਮਲ ਆੜ੍ਹਤੀਆਂ ਨੇ ਕਿਹਾ ਕਿ ਪੁਲਸ ਨੇ ਆੜ੍ਹਤੀਆਂ ਦੇ ਪ੍ਰਧਾਨ ਖ਼ਿਲਾਫ਼ ਝੂਠਾ ਮੁਕੱਦਮਾ ਦਰਜ ਕੀਤਾ ਹੈ, ਜਦੋਂ ਕਿ ਅਜਿਹਾ ਕੋਈ ਵਾਕਿਆ ਨਹੀਂ ਹੋਇਆ, ਸਗੋਂ ਅਸਲ ਮਾਮਲਾ ਤਾਂ ਇੱਕ ਮਜ਼ਦੂਰ ਅਤੇ ਆੜ੍ਹਤੀ ਵਿਚਕਾਰ ਲੈਣ-ਦੇਣ ਦੇ ਹਿਸਾਬ ਦਾ ਸੀ। ਕੁੱਝ ਗਲਤ ਅਨਸਰਾਂ ਨੇ ਜਿਨ੍ਹਾਂ ਦਾ ਆੜ੍ਹਤ ਦੇ ਕਾਰੋਬਾਰ ਨਾਲ ਕੋਈ ਵਾਸਤਾ ਵੀ ਨਹੀਂ ਹੈ, ਇਸ ਮਾਮਲੇ ਨੂੰ ਗਲਤ ਰੂਪ ਦੇ ਕੇ ਉਨ੍ਹਾਂ ਨੇ ਪ੍ਰਧਾਨ ਖ਼ਿਲਾਫ਼ ਝੂਠੀ ਦਰਖ਼ਾਸਤ ਦੇ ਦਿੱਤੀ ਅਤੇ ਪੁਲਸ ਨੇ ਵੀ ਇਸ ਦਰਖ਼ਾਸਤ 'ਤੇ ਝੂਠਾ ਪਰਚਾ ਦਰਜ ਕਰ ਦਿੱਤਾ। ਮੌਜੂਦ ਆੜ੍ਹਤੀਆਂ ਨੇ ਮਤਾ ਪਾਸ ਕਰਕੇ ਸ਼ੁੱਕਰਵਾਰ ਤੋਂ 3 ਦਿਨਾਂ ਦੀ ਮੁਕੰਮਲ ਹੜਤਾਲ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਤਿੰਨ ਦਿਨਾਂ ਵਿੱਚ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਪਹਿਲਾਂ ਜ਼ਿਲ੍ਹਾ ਪੱਧਰ ਅਤੇ ਅਤੇ ਫਿਰ ਪੰਜਾਬ ਪੱਧਰ 'ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਸ ਉਪਰੰਤ ਸਾਰੇ ਆੜ੍ਹਤੀ ਸਮੂਹ ਦੇ ਰੂਪ ਵਿੱਚ ਮੇਨ ਬਾਜ਼ਾਰ ਵਿੱਚੋਂ ਨਾਅਰੇਬਾਜ਼ੀ ਕਰਦੇ ਹੋਏ ਬਰੇਟਾ ਥਾਣੇ ਗਏ ਅਤੇ ਥਾਣਾ ਮੁਖੀ ਨੂੰ ਪਰਚਾ ਰੱਦ ਕਰਨ ਸਬੰਧੀ ਦਰਖ਼ਾਸਤ ਦਿੱਤੀ। ਇਸ ਮੌਕੇ 'ਤੇ ਐਸੋਸੀਏਸ਼ਨ ਦੇ ਸਕੱਤਰ ਰਾਜੇਸ਼ ਸਿੰਗਲਾ, ਸਰਪ੍ਰਸਤ ਸੁਖਦੇਵ ਸਿੰਘ, ਲਛਮਣ ਦਾਸ ਸਿੰਗਲਾ, ਮੀਤ ਪ੍ਰਧਾਨ ਕੇਵਲ ਸ਼ਰਮਾ, ਰਾਜਿੰਦਰ ਸ਼ਰਮਾ, ਅਮਨਦੀਪ ਸਿੰਗਲਾ, ਸੰਜੀਵ ਗਰਗ, ਲਲਿਤ ਕੁਮਾਰ, ਫਕੀਰ ਚੰਦ, ਕਪਿਲ ਦੇਵ, ਮੱਖਣ ਬਾਂਸਲ ਮੌਜੂਦ ਸਨ।
 


Babita

Content Editor

Related News