ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਲਈ ਕੈਪਟਨ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦੇ ''ਆਪ'' ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

Sunday, Aug 02, 2020 - 02:48 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ ) -  ਤਰਨਤਾਰਨ ਵਿਚ ਬੀਤੇ ਦਿਨੀਂ ਜਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ 86 ਮੌਤਾਂ ਲਈ ਸੂਬੇ ਦੀ ਕੈਪਟਨ ਸਰਕਾਰ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਆਮ ਆਦਮੀ ਪਾਰਟੀ ਹਲਕਾ ਟਾਂਡਾ ਦੇ ਵਰਕਰਾਂ ਨੇ ਅੱਜ ਟਾਂਡਾ ਵਿਚ ਰੋਸ ਪ੍ਰਦਰਸ਼ਨ ਕੀਤਾ | ਸਰਕਾਰੀ ਹਸਪਤਾਲ ਚੌਂਕ ਨਜ਼ਦੀਕ ਹਲਕਾ ਇੰਚਾਰਜ ਹਰਮੀਤ ਸਿੰਘ ਔਲਖ ਦੀ ਅਗਵਾਈ ਵਿਚ ਇਕੱਠੇ ਹੋਏ ਆਮ ਆਦਮੀ ਪਾਰਟੀ ਕਾਰਕੁੰਨਾਂ ਨੇ ਇਸ ਵੱਡੇ ਦੁਖਾਂਤ ਲਈ ਜਿੰਮੇਵਾਰ ਸਰਕਾਰ, ਸੱਤਾ ਧਾਰੀ ਆਗੂਆਂ ਅਤੇ  ਪੁਲਸ ਦੇ ਅਧਿਕਾਰੀਆਂ ਖਿਲਾਫ ਜੰਮ ਕੇ ਨਾਅਰੇਬਾਜੀ ਕਰਦੇ ਹੋਏ ਕਿਹਾ ਕਿ ਜਿੰਮੇਵਾਰ ਲੋਕਾਂ ਖਿਲਾਫ ਧਾਰਾ 302 ਦੇ ਮਾਮਲੇ ਦਰਜ ਹੋਣ |

ਹਲਕਾ ਇੰਚਾਰਜ ਔਲਖ ਨੇ ਕਿਹਾ ਕਿ  ਨਸ਼ੇ ਨੂੰ ਖਤਮ ਕਰਨ ਦੇ ਮੁੱਦੇ 'ਤੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕਰਕੇ ਸੱਤਾ 'ਤੇ ਕਾਬਜ਼ ਹੋਈ ਕੈਪਟਨ ਸਰਕਾਰ ਦੇ ਰਾਜ ਵਿਚ ਹਰ ਜਿਲ੍ਹੇ ਵਿਚ ਨਸ਼ਾ, ਨਾਜਾਇਜ਼ ਸ਼ਰਾਬ ਧੜੱਲੇ ਨਾਲ ਵਿਕ ਰਹੀ ਅਤੇ ਰੋਜ਼ਾਨਾ ਲੋਕ ਨਸ਼ੇ ਦੀ ਭੇਟ ਚੜ੍ਹ ਰਹੇ ਹਨ | ਉਨ੍ਹਾਂ ਕਿਹਾ ਕਿ ਐਕਸਾਈਜ਼ ਮਹਿਕਮਾ ਸਿੱਧਾ ਮੁੱਖ ਮੰਤਰੀ ਕੋਲ ਹੈ। ਇਸ ਲਈ ਅਮਰਿੰਦਰ ਸਿੰਘ ਦੀ ਸਿੱਧੀ ਜਿੰਮੇਵਾਰੀ ਬਣਦੀ ਹੈ | ਉਨ੍ਹਾਂ ਇਸ ਦੁਖਾਂਤ ਵਿਚ ਮਰੇ ਲੋਕਾਂ ਨੂੰ ਉਚਿਤ ਮੁਆਵਜੇ ਦੀ ਮੰਗ ਕੀਤੀ | ਇਸ ਮੌਕੇ ਗੁਰਦੀਪ ਸਿੰਘ ਹੈਪੀ, ਪ੍ਰਿੰਸ ਸਲੇਮਪੁਰ, ਜਸਪਾਲ ਸਿੰਘ, ਬਬਲਾ ਸੈਣੀ, ਹਰਪ੍ਰੀਤ ਸਿੰਘ, ਗੁਰਬਿੰਦਰ ਸਿੰਘ, ਕਮਲ ਧੀਰ, ਸੁਰਜੀਤ ਸਿੰਘ ਖਾਲਸਾ, ਸਚਿਨ ਕੁਮਾਰ, ਰੋਹਿਤ ਅਨੰਦ ਆਦਿ ਮੌਜੂਦ ਸਨ | 


Harinder Kaur

Content Editor

Related News