ਪੰਜਾਬ ’ਚ ਬਦਲਾਅ ਲਿਆਉਣ ਲਈ ‘ਆਪ’ ਹਮੇਸ਼ਾ ਲੜਦੀ ਰਹੇਗੀ : ਮਾਨ

02/17/2021 12:13:33 AM

ਚੰਡੀਗੜ੍ਹ, (ਰਮਨਜੀਤ) : ਆਮ ਆਦਮੀ ਪਾਰਟੀ ਨੇ ਆਪਣੀ ਪਾਰਟੀ ਦੇ ਉਨ੍ਹਾਂ ਆਗੂਆਂ, ਵਾਲੰਟੀਅਰਾਂ ਅਤੇ ਉਮੀਦਵਾਰਾਂ ਦੀ ਸ਼ਲਾਘਾ ਕੀਤੀ ਹੈ, ਜਿਨ੍ਹਾਂ ਨੇ ਆਪਣੇ ਹੌਸਲੇ ਦੀ ਬਦੌਲਤ ਚੋਣਾਂ ਦੌਰਾਨ ਹਮਲਿਆਂ ਦਾ ਡਟ ਕੇ ਸਾਹਮਣਾ ਕੀਤਾ ਤੇ ਉਨ੍ਹਾਂ ਖਿਲਾਫ਼ ਆਵਾਜ਼ ਉਠਾਈ। ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸੀ ਗੁੰਡਿਆਂ ਵਲੋਂ ਕੀਤੀਆਂ ਗਈਆਂ ਹਿੰਸਕ ਘਟਨਾਵਾਂ ਦਾ ਸਾਹਮਣਾ ਕਰਦੇ ਹੋਏ ਡਟ ਕੇ ਖੜ੍ਹਨਾ ‘ਆਪ’ ਵਾਲੰਟੀਅਰਾਂ ਦੇ ਉਸ ਇਰਾਦੇ ਨੂੰ ਪ੍ਰਗਟਾਉਂਦਾ ਹੈ, ਜੋ ਉਹ ਇਕ ਨਵਾਂ ਪੰਜਾਬ ਸਿਰਜਣ ਦਾ ਸੁਪਨਾ ਲੈ ਕੇ ਚੱਲੇ ਹਨ।
ਮਾਨ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਾਲੇ ਦਿਨ ਕਾਂਗਰਸੀਆਂ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਗੁੰਡਾਗਰਦੀ ਕਰਕੇ ਸੈਂਕੜੇ ਬੂਥਾਂ ’ਤੇ ਕਬਜ਼ਾ ਕਰ ਲਿਆ ਸੀ। ਪੱਟੀ, ਸਮਾਣਾ, ਰਾਜਪੁਰਾ, ਭਿੱਖੀਵਿੰਡ, ਜਲਾਲਾਬਾਦ, ਧੂਰੀ ਵਿਚ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ। ਪੁਲਸ ਦੀ ਸ਼ਹਿ ’ਤੇ ਕਾਂਗਰਸੀ ਗੁੰਡਿਆਂ ਨੇ ‘ਆਪ’ ਵਾਲੰਟੀਅਰਾਂ ਦੀ ਬੁਰੀ ਤਰ੍ਹਾਂ ਮਾਰਕੁੱਟ ਕੀਤੀ। ਪੱਟੀ ਵਿੱਚ ‘ਆਪ’ ਵਰਕਰ ’ਤੇ ਗੋਲੀ ਵੀ ਚਲਾਈ ਗਈ। ਇਸ ਦੇ ਬਾਵਜੂਦ ਵੀ ‘ਆਪ’ ਵਲੰਟੀਅਰ ਸਰਕਾਰੀ ਸ਼ਹਿ ’ਤੇ ਕੀਤੀ ਜਾ ਰਹੀ ਕਾਂਗਰਸੀ ਗੁੰਡਾਗਰਦੀ ਦਾ ਸਾਹਮਣਾ ਕਰਦੇ ਰਹੇ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਵੀ ਹਿੰਸਕ ਹਮਲਿਆਂ ਦਾ ਸਾਹਮਣਾ ਕਰਨਾ ਪਿਆ। ਬੂਥਾਂ ’ਤੇ ਕਬਜ਼ਾ ਕਰਨ ਗਏ ਕਾਂਗਰਸ ਦੇ ਗੁੰਡਿਆਂ ਦੇ ਡਰ ਤੋਂ ਅਕਾਲੀ ਦਲ ਦੇ ਵਰਕਰ ਭੱਜ ਗਏ ਅਤੇ ਭਾਜਪਾ ਦੇ ਵਰਕਰ ਤਾਂ ਬੂਥਾਂ ’ਤੇ ਵੀ ਨਹੀਂ ਬੈਠੇ ਪਰ ਆਮ ਆਦਮੀ ਪਾਰਟੀ ਦੇ ਦਲੇਰ ਵਾਲੰਟੀਅਰਾਂ ਨੇ ਕਾਂਗਰਸੀਆਂ ਦਾ ਡਟ ਕੇ ਸਾਹਮਣਾ ਕੀਤਾ। ਮਾਨ ਨੇ ਕਿਹਾ ਕਿ ‘ਆਪ’ ਵਰਕਰਾਂ ਨੇ ਲੋਕਾਂ ਦੇ ਲੋਕਤੰਤਰਿਕ ਅਧਿਕਾਰ ਨੂੰ ਕਾਂਗਰਸੀਆਂ ਤੋਂ ਬਚਾਉਣ ਲਈ ਸੰਘਰਸ਼ ਕੀਤਾ ਤੇ ਆਪਣੀ ਜਾਨ ’ਤੇ ਖੇਡ ਕੇ ਚੋਣਾਂ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੱਚ ਦਾ ਸਾਥ ਦੇਣ ਵਾਲੇ ਕਦੇ ਡਰਦੇ ਨਹੀਂ। ਪੰਜਾਬ ਵਿਚ ਬਦਲਾਅ ਲਿਆਉਣ ਲਈ ‘ਆਪ’ ਵਰਕਰ ਹਮੇਸ਼ਾ ਸੱਚ ਲਈ ਲੜਦੇ ਰਹਿਣਗੇ।


Bharat Thapa

Content Editor

Related News