ਜੈਤੋ ਟਰੱਕ ਯੂਨੀਅਨ ’ਤੇ ‘ਆਪ’ ਦਾ ਕਬਜ਼ਾ, ਸੁਖਪਾਲ ਖਹਿਰਾ ਨੇ ਦੱਸਿਆ 'ਬੁਰਛਾਗਰਦੀ'
Friday, Apr 01, 2022 - 01:37 PM (IST)

ਚੰਡੀਗੜ੍ਹ/ਜੈਤੋ (ਵੈੱਬਡੈਸਕ,ਗੁਰਮੀਤਪਾਲ, ਜਿੰਦਲ) : ਜੈਤੋ ਟਰੱਕ ਯੂਨੀਅਨ 'ਤੇ 'ਆਪ' ਦੇ ਕਬਜ਼ੇ ਨੂੰ ਸੁਖਪਾਲ ਖਹਿਰਾ ਨੇ ਬੁਰਛਾਗਰਦੀ ਦੱਸਿਆ ਹੈ। ਭੁਲੱਥ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਆਮ ਆਦਮੀ ਪਾਰਟੀ 'ਤੇ ਵੱਡੇ ਇਲਜ਼ਾਮ ਲਗਾਉਂਦਿਆ ਕਿਹਾ ਹੈ ਕਿ 'ਆਪ' ਵਾਲੇ ਬੁਰਛਾਗਰਦੀ 'ਤੇ ਉੱਤਰ ਆਏ ਹਨ। ਖਹਿਰਾ ਨੇ ਇਸ ਪੂਰੇ ਘਟਨਾਕ੍ਰਮ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਥੋਂ ਦਾ 'ਆਪ' ਵਿਧਾਇਕ ਆਪਣੇ ਵਰਕਰਾਂ ਸਮੇਤ ਟਰੱਕ ਯੂਨੀਅਨ ਗਿਆ ਤਾਂ ਡਰਦਿਆਂ ਮਾਰਦਿਆਂ ਟਰੱਕ ਓਪਰੇਟਰਾਂ ਨੇ ਗੇਟ ਬੰਦ ਕਰ ਦਿੱਤਾ। 'ਆਪ' ਕਾਰਕੁਨ ਗੇਟ ਟੱਪ ਕੇ ਅੰਦਰ ਗਏ ਅਤੇ ਹੰਗਾਮਾ ਹੋਇਆ ਜਿਸ ਵਿੱਚ ਦੋ ਜਣੇ ਜ਼ਖ਼ਮੀ ਵੀ ਹੋਏ। ਖਹਿਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਟਰੱਕ ਯੂਨੀਅਨ ਦੇ ਪ੍ਰਧਾਨ ਦਾ ਫੋਨ ਆਇਆ ਸੀ ਕਿ 265 ਟਰੱਕ ਚਾਲਕਾਂ ਵਿੱਚੋਂ 190 ਟਰੱਕ ਚਾਲਕ ਉਨ੍ਹਾਂ ਨਾਲ ਹਨ। ਖਹਿਰਾ ਨੇ ਕਿਹਾ ਕਿ ਕੰਧਾਂ ਟੱਪ ਕੇ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਦਰਾਂ ਬਾਰੇ ਲਏ ਫ਼ੈਸਲੇ 'ਤੇ 'ਸੁਖਪਾਲ ਖਹਿਰਾ' ਦਾ ਟਵੀਟ, ਜਾਣੋ ਕੀ ਕਿਹਾ
ਜ਼ਿਕਰਯੋਗ ਹੈ ਕਿ ਜੈਤੋ ਤੋਂ ‘ਆਪ’ ਦੇ ਵਿਧਾਇਕ ਅਮੋਲਕ ਸਿੰਘ ਤੇ ਪਾਰਟੀ ਵਰਕਰਾਂ ਵਲੋਂ ਹਰਸਿਮਰਨ ਸਿੰਘ ਮਲਹੋਤਰਾ ਨੂੰ ਜੈਤੋ ਟਰੱਕ ਯੂਨੀਅਨ ਦਾ ਪ੍ਰਧਾਨ ਤੇ ਜਸਵੰਤ ਸਿੰਘ ਜੈਤੋ ਨੂੰ ਮੀਤ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਧਾਨਗੀ ਦੇ ਐਲਾਨ ਦਾ ਵਿਰੋਧ ਕਰਨ ਦੌਰਾਨ ਚੱਲੀਆਂ ਸੋਟੀਆਂ ਨਾਲ ਕਈ ਓਪਰੇਟਰਾਂ ਦੇ ਮਾਮੂਲੀ ਸੱਟਾਂ ਜਦ ਕਿ 2 ਓਪਰੇਟਰ ਸੁਖਦੇਵ ਸਿੰਘ ਸੁੱਖਾ ਤੇ ਜਗਦੀਸ਼ ਸਿੰਘ ਦੀਸ਼ਾ ਜੈਤੋ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ਼ ਹਨ। ਚੋਣ ਦੌਰਾਨ ਚੱਲੀਆਂ ਸੋਟੀਆਂ ਅਤੇ ਹੋਈ ਪੱਗਾਂ ਦੀ ਬੇਅਦਬੀ ਨੂੰ ਲੈ ਕੇ ‘ਆਪ’ ਤੇ ਪੁਲਸ ਪ੍ਰਸ਼ਾਸਨ ’ਤੇ ਧੱਕੇ ਸ਼ਾਹੀ ਕਰਨ ਦੇ ਇਲਜ਼ਾਮ ਵੀ ਲੱਗੇ ਹਨ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੀਤੇ ਦਿਨ ਜਦ ਟਰੱਕ ਯੂਨੀਅਨ ਜੈਤੋ ਦੇ ਉਪਰੇਟਰਾਂ ਤੇ ਟਰੱਕ ਮਾਲਕਾਂ ਨੂੰ ਇਹ ਪਤਾ ਲੱਗਿਆ ਕਿ ‘ਆਪ’ ਦੇ ਵਿਧਾਇਕ ਅਮੋਲਕ ਸਿੰਘ ਆਪਣੇ ਸਮਰਥਕਾਂ ਸਮੇਤ ਟਰੱਕ ਯੂਨੀਅਨ ’ਚ ਪਹੁੰਚ ਕੇ ਪ੍ਰਧਾਨ ਬਣਾਉਣਾ ਚਾਹੁੰਦੇ ਹਨ ਤਾਂ ਵੱਡੀ ਗਿਣਤੀ ’ਚ ਉਪਰੇਟਰ ਤੇ ਟਰੱਕ ਮਾਲਕ ਇਕੱਠੇ ਹੋ ਗਏ ਤੇ ਟਰੱਕ ਯੂਨੀਅਨ ਦੇ ਗੇਟ ਅੱਗੇ ਬੈਠ ਗਏ ਤਾਂ ਜੋ ‘ਆਪ’ ਵਿਧਾਇਕ ਅਮੋਲਕ ਸਿੰਘ ਅਤੇ ‘ਆਪ’ ਦੇ ਕਾਰਕੁਨਾਂ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਸਕੇ। ਸਥਿਤੀ ਤਣਾਅਪੂਰਨ ਹੋਣ ’ਤੇ ਥਾਣਾ ਜੈਤੋ ਦੇ ਐੱਸ. ਐੱਚ. .ਓ ਗੁਰਮੀਤ ਸਿੰਘ ਤੇ ਸੀ. ਆਈ. ਏ. ਸਟਾਫ਼ ਜੈਤੋ ਦੇ ਮੁਲਾਜ਼ਮ ਵੱਡੀ ਗਿਣਤੀ ’ਚ ਟਰੱਕ ਯੂਨੀਅਨ ਦੇ ਬਾਹਰ ਖੜ੍ਹੇ ਹੋ ਗਏ। ਟਰੱਕ ਯੂਨੀਅਨ ਦੇ ਗੇਟ ਦੇ ਅੱਗੇ ਧਰਨੇ ’ਤੇ ਬੈਠੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ‘ਆਪ’ ਵਿਧਾਇਕ ਅਮੋਲਕ ਸਿੰਘ ਦੇ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਖੁਸ਼ਹਾਲ ਤੇ ਤਰੱਕੀ ਵਾਲਾ ਸੂਬਾ ਬਣਾਉਣ ਲਈ ਆਮ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਾ ਹੈ ਜਦ ਕਿ ‘ਆਪ’ ਦੇ ਵਰਕਰ ਧੱਕੇਸ਼ਾਹੀ ਨਾਲ ਟਰੱਕ ਯੂਨੀਅਨ ’ਤੇ ਕਬਜ਼ੇ ਕਰਨ ’ਤੇ ਤੁਲੇ ਹੋਏ ਹਨ।
ਧਰਨਾਕਾਰੀ ਕਹਿ ਰਹੇ ਸਨ ਕਿ ਉਨ੍ਹਾਂ ਨੂੰ ਬਾਹਰੀ ਪ੍ਰਧਾਨ ਦੀ ਲੋੜ ਨਹੀਂ ਹੈ ਅਤੇ ਉਹ 5 ਮੈਂਬਰੀ ਕਮੇਟੀ ਨਾਲ ਹੀ ਟਰੱਕ ਯੂਨੀਅਨ ਚਲਾ ਲੈਣਗੇ ਪਰ ਇਕ-ਦੂਜੇ ਦੀ ਅੜੀ ’ਚ ਵਿਧਾਇਕ ਅਮੋਲਕ ਸਿੰਘ ਤੇ ‘ਆਪ’ ਵਰਕਰਾਂ ਵਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਹੋਇਆਂ ਪੁਲਸ ਪ੍ਰਸ਼ਾਸ਼ਨ ਦੀ ਮੌਜੂਦਗੀ ’ਚ ਟਰੱਕ ਯੂਨੀਅਨ ’ਚ ਦਾਖ਼ਲ ਹੋਣ ਲੱਗੇ ਤਾਂ ਧਰਨੇ ’ਤੇ ਬੈਠੇ ਉਪਰੇਟਰਾਂ ਨੇ ਵਿਰੋਧ ਕੀਤਾ ਤੇ ਗੇਟ ਬੰਦ ਕਰਨ ਦੀ ਕੋਸ਼ਿਸ਼ ਦੌਰਾਨ ‘ਆਪ’ ਵਰਕਰਾਂ ਨੇ ਧੱਕੇ ਮਾਰ ਕੇ ਗੇਟ ਨੂੰ ਖੋਲ੍ਹ ਲਿਆ। ਇਸ ਮਗਰੋਂ ਉਹ ਉਪਰੇਟਰਾਂ ਨਾਲ ਸੋਟੀਆਂ ਚਲਾਉਂਦਿਆ ਹੋਇਆਂ ਪ੍ਰਧਾਨ ਵਾਲੇ ਕਮਰੇ ਵਿਚ ਪਹੁੰਚੇ ਅਤੇ ਹਰਸਿਮਰਨ ਸਿੰਘ ਮਲਹੋਤਰਾ ਨੂੰ ਪ੍ਰਧਾਨ ਅਤੇ ਜਸਵੰਤ ਸਿੰਘ ਜੈਤੋ ਨੂੰ ਮੀਤ ਪ੍ਰਧਾਨ ਬਣਾਉਣ ’ਤੇ ਉਨ੍ਹਾਂ ਦੇ ਗਲੇ ’ਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਜਦ ਕਿ ‘ਆਪ’ ਵਰਕਰਾਂ ਨੇ ਪ੍ਰਧਾਨ ਦੇ ਕਮਰੇ 'ਚ ਲੱਗੀਆਂ ਸਾਬਕਾ ਪ੍ਰਧਾਨ ਦੀਆਂ ਤਸਵੀਰਾਂ ਦੀ ਭੰਨ-ਤੋੜ ਵੀ ਕੀਤੀ।
ਨੋਟ :ਸੁਖਪਾਲ ਖਹਿਰਾ ਦੇ ਇਸ ਬਿਆਨ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ