‘ਆਪ’ ਨੇ ਰੱਦ ਕੀਤੀ ਧਰਮਸੌਤ ਨੂੰ ਮਿਲੀ ਸਰਕਾਰੀ ‘ਕਲੀਨ ਚਿਟ’
Saturday, Oct 03, 2020 - 08:08 PM (IST)
ਚੰਡੀਗੜ੍ਹ, (ਰਮਨਜੀਤ)- ਦਲਿਤ ਪਰਿਵਾਰਾਂ ਨਾਲ ਸਬੰਧਤ ਕੇਂਦਰ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜ਼ੀਫਾ) ਯੋਜਨਾ ਵਿਚ ਹੋਏ ਲਗਭਗ 64 ਕਰੋੜ ਰੁਪਏ ਦੇ ਘਪਲੇ ਦੀ ਜਾਂਚ ਤੋਂ ਬਾਅਦ ਮੰਤਰੀ ਨੂੰ ਦਿੱਤੀ ਗਈ ਸਰਕਾਰੀ ਕਲੀਨ ਚਿਟ ਨੂੰ ਆਮ ਆਦਮੀ ਪਾਰਟੀ ਨੇ ਰੱਦ ਕਰ ਦਿੱਤਾ ਹੈ। ‘ਆਪ’ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਗਠਿਤ 3 ਆਈ. ਏ. ਐੱਸ. ਅਫ਼ਸਰਾਂ ਦੀ ਜਾਂਚ ਕਮੇਟੀ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੂੰ ‘ਕਲੀਨ ਚਿਟ’ ਦੇਣ ਲਈ ਹੀ ਗਠਿਤ ਕੀਤੀ ਗਈ ਸੀ, ਕਿਉਂਕਿ ਇਸ ਕਮੇਟੀ ਵਲੋਂ ਨਾ ਤਾਂ ਤਤਕਾਲੀ ਡਾਇਰੈਕਟਰ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਕੋਲੋਂ ਪੁੱਛ ਪੜਤਾਲ ਕੀਤੀ ਗਈ ਤੇ ਨਾ ਹੀ ਬੀਤੇ ਹਫ਼ਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਹੁਦੇ ਤੋਂ ਹਟਾਏ ਗਏ। ਕਲੀਨ ਚਿਟ ਦਿੱਤੇ ਜਾਣ ਦਾ ਸਖ਼ਤ ਨੋਟਿਸ ਲੈਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਜਾਂਚ ਰਿਪੋਰਟ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ ਹੈ।
ਆਪਣੀ ਸਰਕਾਰੀ ਰਿਹਾਇਸ਼ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਵਧੀਕ ਮੁੱਖ ਸਕੱਤਰ ਪੱਧਰ ਦੇ ਆਈ. ਏ. ਐੱਸ. ਅਧਿਕਾਰੀ ਵਲੋਂ ਤੱਥਾਂ ਅਤੇ ਦਸਤਾਵੇਜ਼ਾਂ ਦੇ ਆਧਾਰ ’ਤੇ ਨੰਗੇ ਕੀਤੇ ਇਸ 64 ਕਰੋੜ ਰੁਪਏ ਦੇ ਘੋਟਾਲੇ ਬਾਰੇ ਮੰਤਰੀ ਧਰਮਸੌਤ ਅਤੇ ਉਸ ਦੇ ਪੂਰੇ ਭ੍ਰਿਸ਼ਟਾਚਾਰੀ ਗਿਰੋਹ ’ਤੇ ਕਾਰਵਾਈ ਕਰਨ ਦੀ ਥਾਂ ਅਮਰਿੰਦਰ ਸਿੰਘ ਸਰਕਾਰ ਨੇ ਉਸੇ ਰਿਵਾਇਤੀ ਤਰੀਕੇ ਨਾਲ ਆਪਣੇ ਭ੍ਰਿਸ਼ਟ ਮੰਤਰੀ ਨੂੰ ‘ਕਲੀਨ ਚਿਟ’ ਜਾਰੀ ਕਰ ਦਿੱਤੀ, ਜਿਵੇਂ ਰੇਤ-ਬਜਰੀ ਮਾਫੀਆ ਅਤੇ ਗੁੰਡਾ ਟੈਕਸ ਮਾਮਲੇ ਸਮੇਤ ਬਾਕੀ ਘੋਟਾਲਿਆਂ ਵਿਚ ‘ਕਲੀਨ ਚਿੱਟਾਂ’ ਜਾਰੀ ਹੁੰਦੀਆਂ ਆ ਰਹੀਆਂ ਹਨ । ਅਸੀਂ ਇਸ ਫ਼ਰਜ਼ੀ ਕਲੀਨ ਚਿਟ ਜਾਂਚ ਨੂੰ ਨਹੀਂ ਮੰਨਦੇ। ਘਪਲੇ ਦਾ ਵੱਡਾ ਹਿੱਸਾ ਮੁੱਖ ਮੰਤਰੀ ਦੇ ਸਿਸਵਾਂ ਫਾਰਮ ਹਾਊਸ ’ਤੇ ਪਹੁੰਚਿਆ ਹੈ, ਇਹੋ ਕਾਰਨ ਹੈ ਕਿ ਇਸ ਬਹੁ-ਕਰੋੜੀ ਘੁਟਾਲੇ ਵਿਚ ਧਰਮਸੌਤ ਨੂੰ ਅੱਖਾਂ ਮੀਚ ਕੇ ਕਲੀਨ ਚਿਟ ਜਾਰੀ ਕੀਤੀ ਗਈ ਹੈ। ਇਸ ਦੇ ਵਿਰੋਧ ਵਿਚ ਆਮ ਆਦਮੀ ਪਾਰਟੀ ਜਲਦੀ ਹੀ ਮੁੱਖ ਮੰਤਰੀ ਦੇ ਸਿਸਵਾਂ (ਨਿਊ ਚੰਡੀਗੜ੍ਹ) ਸਥਿਤ ਸ਼ਾਹੀ ਫਾਰਮ ਹਾਊਸ ਮੋਹਰੇ ਰੋਸ ਪ੍ਰਦਰਸ਼ਨ ਕਰਕੇ ਰਾਜੇ ਦੀ ਸੁੱਤੀ ਜ਼ਮੀਰ ਨੂੰ ਜਗਾਵੇਗੀ। ‘ਆਪ’ ਜਿੱਥੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ ਕਰੇਗੀ, ਉੱਥੇ ਹੀ ਕਾਨੂੰਨੀ ਲੜਾਈ ਲੜਕੇ ਸੀ. ਬੀ. ਆਈ. ਦੀ ਜਾਂਚ ਦੀ ਮੰਗ ਉਠਾਏਗੀ।