ਚੰਡੀਗੜ੍ਹ : 'ਆਪ' ਵਿਧਾਇਕਾਂ ਤੇ ਬੈਂਸ ਭਰਾਵਾਂ ਨੇ ਮੁਫਤ ਪਾਣੀ ਦੇ ਮੁੱਦੇ 'ਤੇ ਲਾਇਆ ਧਰਨਾ ਚੁੱਕਿਆ (ਤਸਵੀਰਾਂ)

11/14/2017 2:32:48 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਦਾ ਪਾਣੀ ਰਾਜਸਥਾਨ ਨੂੰ ਮੁਫਤ ਦੇਣ ਦੇ ਮਾਮਲੇ 'ਚ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ 3 ਵਿਧਾਇਕਾਂ ਅਤੇ ਬੈਂਸ ਭਰਾਵਾਂ ਨੇ ਪੰਜਾਬ ਸਕੱਤਰੇਤ ਦੇ ਬਾਹਰ ਲਾਏ ਧਰਨੇ ਨੂੰ ਉਸ ਸਮੇਂ ਚੁੱਕ ਲਿਆ, ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਭਰੋਸਾ ਦੁਆਇਆ ਕਿ ਇਸ ਮੁੱਦੇ ਬਾਰੇ ਸੋਚ-ਵਿਚਾਰ ਕੀਤਾ ਜਾਵਾ। ਜਾਣਕਾਰੀ ਮੁਤਾਬਕ ਧਰਨਾਕਾਰੀਆਂ ਨੇ ਰਾਜਸਥਾਨ ਨੂੰ ਪਾਣੀ ਦੇਣ ਦੇ ਏਵਜ਼ 'ਚ 16 ਲੱਖ ਕਰੋੜ ਰੁਪਏ ਲੈਣ ਦੀ ਮੰਗ ਕੀਤੀ ਸੀ। ਧਰਨਾ ਦੇਣ ਵਾਲੇ ਬੈਂਸ ਭਰਾਵਾਂ ਤੇ ਵਿਧਾਇਕਾਂ ਦਾ ਕਹਿਣਾ ਸੀ ਕਿ ਹੁਣ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਬਾਹਰ ਧਰਨਾ ਨਹੀਂ ਲਾਉਣਗੇ ਕਿਉਂਕਿ ਕੈਪਟਨ ਸਾਹਿਬ ਉੱਥੇ ਹੁੰਦੇ ਹੀ ਨਹੀਂ ਤਾਂ ਧਰਨਾ ਲਾਉਣਾ ਦਾ ਕੀ ਫਾਇਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਰ ਮੰਗਲਵਾਰ ਨੂੰ ਇੰਝ ਹੀ ਇੱਥੇ ਧਰਨਾ ਲਾਇਆ ਜਾਵੇ। ਧਰਨਾਕਾਰੀਆਂ ਨੇ ਕਿਹਾ ਸੀ ਕਿ ਪੰਜਾਬ ਜੇਕਰ ਕਿਸੇ ਦੂਜੇ ਸੂਬੇ ਤੋਂ ਕੋਈ ਚੀਜ਼ ਲੈਂਦਾ ਹੈ ਤਾਂ ਇਸ ਦੇ ਏਵਜ਼ 'ਚ ਪੂਰੀ ਅਦਾਇਗੀ ਕਰਦਾ ਹੈ, ਫਿਰ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਮੁਫਤ ਕਿਉਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਉਹ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਣਗੇ ਅਤੇ ਪੰਜਾਬ ਦਾ ਪਾਣੀ ਮੁਫਤ 'ਚ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। 


Related News