'ਆਪ' ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਦਾਅਵਾ, ਬਿਜਲੀ ਸਬੰਧੀ ਸਮਝੌਤੇ ਹਰ ਹਾਲ ’ਚ ਹੋਣਗੇ ਰੱਦ
Saturday, May 21, 2022 - 12:53 PM (IST)
ਜਲੰਧਰ- ਪੰਜਾਬ ’ਚ ਬਿਜਲੀ ਕੱਟ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਚੁੱਕੀ ਹੈ। ਲੰਬੇ-ਲੰਬੇ ਕੱਟ ਲੱਗ ਰਹੇ ਹਨ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਡਿਮਾਂਡ ਮੁਤਾਬਕ ਬਿਜਲੀ ਦੀ ਸਪਲਾਈ ਕਰਨ ’ਚ ਫੇਲ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਲੋਕਾਂ ਨੂੰ ਬਿਜਲੀ ਲਈ ਇਨਵਰਟਰਾਂ ਸਮੇਤ ਦੂਜੇ ਸਾਧਨਾਂ ਦੀ ਵਰਤੋਂ ਕਰਨੀ ਪੈ ਰਹੀ ਹੈ। ਬੇਸ਼ੱਕ ਇਹ ਸਮੱਸਿਆ ਇਕੱਲੇ ਪੰਜਾਬ ਦੀ ਨਾ ਹੋ ਕੇ ਦੇਸ਼ ਦੇ 14 ਸੂਬਿਆਂ ਦੀ ਸਮੱਸਿਆ ਹੈ ਪਰ ਪੰਜਾਬ ਸਰਕਾਰ ਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਬਣਦੀ ਹੈ, ਕਿਉਂਕਿ ਬਿਜਲੀ ਆਮ ਆਦਮੀ ਪਾਰਟੀ ਦਾ ਪੰਜਾਬ ’ਚ ਸਭ ਤੋਂ ਵੱਡਾ ਮੁੱਦਾ ਰਹੀ ਹੈ। ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਪਿਛਲੇ ਸਮੇਂ ’ਚ ਬਿਜਲੀ ਸਪਲਾਈ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕਰਨ ਦਾ ਦਾਅਵਾ ਆਮ ਆਦਮੀ ਪਾਰਟੀ ਕਰਦੀ ਰਹੀ ਹੈ।
ਪੰਜਾਬ ’ਚ ਹਾਲ ਹੀ ’ਚ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਗਏ ਸਮਝੌਤਿਆਂ ਨੂੰ ਰੱਦ ਕਰ ਸਕੇਗੀ ਅਤੇ ਕੀ ਸਰਕਾਰ ਮੌਜ਼ੂਦਾ ’ਚ ਸੂਬੇ ’ਚ ਜੋ ਬਿਜਲੀ ਸੰਕਟ ਪੈਦਾ ਹੋਇਆ ਹੈ, ਸੂਬੇ ਦੀ ਜਨਤਾ ਨੂੰ ਉਸ ਦਾ ਕੋਈ ਹੱਲ ਦੇ ਸਕੇਗੀ। ਇਨ੍ਹਾਂ ਸਾਰੇ ਸਵਾਲਾਂ ਨੂੰ ਲੈ ਕੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਅਤੇ ਪਾਲੀ ਵੱਲੋਂ ਜਦੋਂ ਨਕੋਦਰ ਹਲਕੇ ਤੋਂ ਚੁਣੀ ਗਈ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬਿਜਲੀ ਸਮਝੌਤੇ ਹਰ ਹਾਲ ’ਚ ਰੱਦ ਹੋਣਗੇ ਪਰ ਪਹਿਲਾਂ ਸਾਨੂੰ ਉਸ ਦਾ ਬਦਲ ਤਲਾਸ਼ਣਾ ਹੋਵੇਗਾ। ਪੰਜਾਬ ’ਚ ਬਲੈਕਆਊਟ ਤਾਂ ਕੀਤਾ ਨਹੀਂ ਜਾ ਸਕਦਾ ਹੈ। ਇਸ ਲਈ ਪਹਿਲਾਂ ਸਾਨੂੰ ਪ੍ਰਾਈਵੇਟ ਕੰਪਨੀਆਂ ਦੇ ਬਰਾਬਰ ਇਨਫ੍ਰਾਸਟ੍ਰਕਚਰ ਖੜ੍ਹਾ ਕਰਨਾ ਪਵੇਗਾ।
ਇਹ ਵੀ ਪੜ੍ਹੋ: ਹਿੰਦੂ ਟੁੱਟਣ ਲੱਗੇ ਕਾਂਗਰਸ ਨਾਲੋਂ, ਭਾਜਪਾ ਨੇ ਵੀ ਪੰਜਾਬ ’ਚ ‘ਆਪਰੇਸ਼ਨ ਹਿੰਦੂ’ ਸ਼ੁਰੂ ਕੀਤਾ
ਵਿਧਾਇਕਾ ਨੇ ਕਿਹਾ ਕਿ ਅਸੀਂ ਇਸ ਨੂੰ ਸਰਕਾਰ ਦਾ ਫੇਲੀਅਰ ਨਹੀਂ ਕਹਿ ਸਕਦੇ ਕਿਉਂਕਿ ਇਹ 14 ਸੂਬਿਆਂ ’ਚ ਸਮੱਸਿਆ ਖੜ੍ਹੀ ਹੋਈ ਹੈ। ਕੇਂਦਰ ਸਰਕਾਰ ਦੇ ਪਾਲੇ ’ਚ ਗੇਂਦ ਹੈ। ਕੋਲੇ ਦੀ ਸਪਲਾਈ ਬੰਦ ਕੀਤੀ ਹੈ ਅਤੇ ਇਸ ਦੇ ਨਾਲ ਹੀ ਸੈਂਟਰ ਪੂਲ ਤੋਂ ਬਿਜਲੀ ਦੇਣ ਤੋਂ ਇਨਕਾਰ ਕੀਤਾ ਹੈ। ਬਹੁਤ ਸਾਰੀਆਂ ਸਮੱਸਿਆਵਾਂ ਆਈਆਂ ਹਨ। ਸਾਡੇ ਥਰਮਲ ਪਲਾਂਟ ਬੰਦ ਹੋ ਗਏ ਹਨ। ਇਹ ਥਰਮਲ ਪਲਾਂਟ ਕਿਉਂ ਬੰਦ ਹੋਏ, ਕਿਉਂਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਇਨ੍ਹਾਂ ਨੂੰ ਕਿਸੇ ਨੇ ਵੇਖਿਆ ਹੀ ਨਹੀਂ। ਕੋਈ ਮੈਂਟੀਨੈਂਸ ਤੱਕ ਨਹੀਂ ਹੋਈ। ਉੱਥੇ ਹੀ ਬਿਜਲੀ ਦੀ ਖਪਤ 14 ਹਜ਼ਾਰ ਤੋਂ 18 ਹਜ਼ਾਰ ਮੈਗਾਵਾਟ ਚਲੀ ਗਈ ਹੈ। ਇਸ ’ਚ ਬਹੁਤ ਸਾਰੇ ਫੈਕਟ ਕੰਮ ਕਰਦੇ ਹਨ ਅਤੇ ਲੋਕ ਵੀ ਇਸ ਨੂੰ ਭਲੀ-ਭਾਂਤ ਜਾਣਦੇ ਹਨ। ਬਿਜਲੀ ਨੂੰ ਲੈ ਕੇ ਸਰਕਾਰ ਬਹੁਤ ਵੱਡੇ ਫੈਸਲੇ ਲੈਣ ਜਾ ਰਹੀ ਹੈ। ਵੱਡੇ-ਵੱਡੇ ਸੋਲਰ ਪਲਾਂਟ ਲਗਾਏ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ, ਤਾਂਕਿ ਪ੍ਰਾਈਵੇਟ ਕੰਪਨੀਆਂ ਨੂੰ ਚੁਣੌਤੀ ਦਿੱਤੀ ਜਾ ਸਕੇ।
ਜਲਦਬਾਜ਼ੀ ’ਚ ਲਿਆਂਦੀਆਂ ਗਈਆਂ ਪਾਲਿਸੀਆਂ ਅਕਸਰ ਫੇਲ ਹੋ ਜਾਂਦੀਆਂ ਹਨ
ਤੁਹਾਡੇ ਹਲਕੇ ’ਚ ਰੇਤ ਦਾ ਬਹੁਤ ਜ਼ਿਆਦਾ ਰੌਲਾ ਰਿਹਾ ਹੈ। ਹੁਣ ਸਥਿਤੀ ਕੀ ਚੱਲ ਰਹੀ ਹੈ, ਇਸ ’ਤੇ ਵਿਧਾਇਕਾ ਨੇ ਕਿਹਾ ਕਿ ਗ਼ੈਰ-ਕਾਨੂੰਨੀ ਮਾਈਨਿੰਗ ਕਿਸੇ ਵੀ ਹਾਲਤ ’ਚ ਹੋਣ ਨਹੀਂ ਦੇਵਾਂਗੇ। ਸਾਡਾ ਆਪਣਾ ਰੇਤਾ ਦਾ ਕਾਰੋਬਾਰ ਰਿਹਾ ਹੈ ਅਤੇ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਜਾਇਜ਼ ਕੀ ਹੈ ਅਤੇ ਨਜਾਇਜ਼ ਕੀ ਹੈ। ਗ਼ੈਰ-ਕਾਨੂੰਨੀ ਮਾਈਨਿੰਗ ਖ਼ਿਲਾਫ਼ ਸਾਨੂੰ ਕੋਈ ਲੜਾਈ ਵੀ ਲੜਣੀ ਪਈ ਤਾਂ ਮੈਂ ਪਿੱਛੇ ਨਹੀਂ ਹਟਾਂਗੀ।
ਸਰਕਾਰ ਰੇਤਾ ’ਤੇ ਪਾਲਿਸੀ ਲੈ ਕੇ ਆ ਰਹੀ ਹੈ। ਤਿਆਰੀ ਲਈ ਕੁਝ ਸਮਾਂ ਚਾਹੀਦਾ ਹੈ, ਕਿਉਂਕਿ ਜਲਦਬਾਜ਼ੀ ’ਚ ਲਿਆਂਦੀਆਂ ਗਈਆਂ ਪਾਲਿਸੀਆਂ ਅਕਸਰ ਫੇਲ ਹੋ ਜਾਂਦੀਆਂ ਹਨ। ਸਰਕਾਰ ਨੇ ਰੇਤਾ ਦੀਆਂ ਕੁਝ ਖੱਡਾਂ ਰਿਲੀਜ਼ ਕਰ ਦਿੱਤੀਆਂ ਹਨ, ਤਾਂਕਿ ਬਾਜ਼ਾਰ ’ਚ ਰੇਤਾ ਦੀਆਂ ਅਸਮਾਨ ਛੂੰਹਦੀਆਂ ਕੀਮਤਾਂ ਘੱਟ ਹੋ ਸਕਣ ਹਨ।
ਇਹ ਵੀ ਪੜ੍ਹੋ: ਫਿਲੌਰ ਤੋਂ ਵੱਡੀ ਖ਼ਬਰ: ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ
ਜਿੰਨਾ ਵੱਡਾ ਸਮਰਥਨ ਓਨੀਆਂ ਵੱਡੀਆਂ ਜਨਤਾ ਦੀਆਂ ਉਮੀਦਾਂ
ਪੰਜਾਬ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜਨਤਾ ਨੇ ਬਹੁਤ ਵੱਡੇ ਮਾਰਜਿਨ ਨਾਲ ਆਮ ਆਦਮੀ ਪਾਰਟੀ ਨੂੰ ਸੂਬੇ ਦੀ ਸੱਤਾ ਸੌਂਪੀ ਹੈ। ਕੀ ‘ਆਪ’ ਸਰਕਾਰ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰ ਪਾਏਗੀ। ਇਸ ਸਵਾਲ ਦੇ ਜਵਾਬ ’ਚ ਵਿਧਾਇਕਾ ਮਾਨ ਨੇ ਕਿਹਾ ਕਿ ਜਨਤਾ ਦਾ ਜਿੰਨਾ ਵੱਡਾ ਸਮਰਥਨ ਹੈ, ਉਮੀਦਾਂ ਵੀ ਓਨੀਆਂ ਹੀ ਵੱਡੀਆਂ ਹਨ। ਪੰਜਾਬ ਦੇ ਵਿਕਾਸ ਨੂੰ ਲੈ ਕੇ ਅਸੀਂ ਖ਼ੁਦ ਬਹੁਤ ਵੱਡੇ ਸੁਫ਼ਨੇ ਵੇਖੇ ਹਨ ਅਤੇ ਉਹੀ ਸੁਫ਼ਨੇ ਲੈ ਕੇ ਅਸੀਂ ਲੋਕਾਂ ਵਿਚਾਲੇ ਗਏ ਹਾਂ। ਲੋਕਾਂ ਨਾਲ ਅਸੀਂ ਵਾਅਦੇ ਕੀਤੇ ਹਨ ਕਿ ਸੱਤਾ ’ਚ ਆਉਣ ਤੋਂ ਬਾਅਦ ਅਸੀਂ ਕੀ-ਕੀ ਕਰਾਂਗੇ। ਸੱਤਾ ’ਚ ਆਉਣ ਤੋਂ ਬਾਅਦ ਹੁਣ ਜਦੋਂ ਅਸੀਂ ਲੋਕਾਂ ਵਿਚਾਲੇ ਜਾਂਦੇ ਹਾਂ ਤਾਂ ਉਨ੍ਹਾਂ ਨੂੰ ਦੱਸਦੇ ਹਾਂ ਕਿ ਤੁਸੀਂ ਹੁਣ ਤੱਕ ਸਾਥ ਦੇ ਕੇ ਜਿਨ੍ਹਾਂ ਉਮੀਦਾਂ ਨਾਲ ਸਾਨੂੰ ਜਿਤਾਇਆ ਹੈ, ਹੁਣ ਤੁਸੀਂ ਅਗਲੇ ਕੁਝ ਸਮੇਂ ਲਈ ਸਾਡਾ ਸਾਥ ਦੇਣਾ ਹੈ, ਤਾਂ ਕਿ ਅਸੀਂ ਤੁਹਾਡੇ ਨਾਲ ਕੀਤੇ ਵਾਅਦੇ ਪੂਰੇ ਕਰ ਸਕੀਏ ਅਤੇ ਲੋਕ ਵੀ ਸਭ ਸਮਝ ਰਹੇ ਹਨ।
ਅਕਾਲੀ ਦਲ ’ਚ ਹੋ ਰਹੀ ਸੀ ਅਣਦੇਖੀ
ਜਦੋਂ ਵਿਧਾਇਕਾ ਤੋਂ ਪੁੱਛਿਆ ਗਿਆ ਕਿ ਤੁਸੀਂ ਲੰਬੇ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ’ਚ ਰਹੇ ਅਤੇ ਅਚਾਨਕ ਆਮ ਆਦਮੀ ਪਾਰਟੀ ’ਚ ਆਉਣਾ ਕਿਵੇਂ ਹੋਇਆ ਤਾਂ ਉਨ੍ਹਾਂ ਨੇ ਇਕ ਵੱਡਾ ਕਾਰਨ ਅਕਾਲੀ ਦਲ ’ਚ ਅਣਦੇਖੀ ਅਤੇ ਪਾਰਟੀ ਲੀਡਰਾਂ ਵੱਲੋਂ ਡੀਗ੍ਰੇਡ ਕਰਨਾ ਦੱਸਿਆ। ਉਨ੍ਹਾਂ ਦੱਸਿਆ ਕਿ 2017 ’ਚ ਵੀ ਆਮ ਆਦਮੀ ਪਾਰਟੀ ਨੇ ਉਨ੍ਹਾਂ ਨੂੰ ਅਪ੍ਰੋਚ ਕੀਤਾ ਸੀ। ਇਸ ਵਾਰ ਜਦੋਂ ਮੈਂ ਦਿੱਲੀ ’ਚ ‘ਆਪ’ ਸਰਕਾਰ ਵੱਲੋਂ ਜਨਹਿਤ ’ਚ ਕੀਤੇ ਕੰਮਾਂ ਨੂੰ ਵੇਖਿਆ ਤਾਂ ਪਾਰਟੀ ’ਚ ਆਉਣ ਦਾ ਮਨ ਬਣਾਇਆ। ਇਸ ਵਾਰ ਕੁਝ ਲੋਕ ਦਿੱਲੀ ਤੋਂ ਸਨ ਅਤੇ ਕੁਝ ਪੰਜਾਬ ਤੋਂ ਨੇਤਾ ਸਨ, ਜੋ ਮੈਨੂੰ ‘ਆਪ’ ’ਚ ਲੈ ਕੇ ਆਏ। ‘ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਾਰਟੀ ’ਚ ਮੇਰੀ ਜੁਆਇਨਿੰਗ ਕਰਵਾਈ ਸੀ।
ਇਸ ਦਰਮਿਆਨ ਉਨ੍ਹਾਂ ਨੇ ਦੱਸਿਆ ਕਿ ਉਹ ਰਾਜਨੀਤੀ ਛੱਡਣਾ ਚਾਹੁੰਦੀ ਸੀ। ਕਿਉਂਕਿ ਮੈਂ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਸੀ ਪਰ ਜਦੋਂ ਪਾਰਟੀ ਨੇ ਲੋਕਾਂ ਲਈ ਕੁਝ ਕਰਨ ਲਈ ਕਿਹਾ ਤਾਂ ਮੈਂ ‘ਆਪ’ ਦੀ ਟਿਕਟ ’ਤੇ ਚੋਣ ਲੜਣ ਦਾ ਮਨ ਬਣਾਇਆ ਅਤੇ ਲੋਕਾਂ ਨੇ ਮੇਰੇ ’ਤੇ ਵਿਸ਼ਵਾਸ ਪ੍ਰਗਟਾਇਆ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਦਰਿੰਦਗੀ ਦੀ ਘਟਨਾ, ਦਿਵਿਆਂਗ ਵਿਅਕਤੀ ਨੂੰ ਕੁੱਟ-ਕੁੱਟ ਕੀਤਾ ਬੇਹਾਲ, ਤੋੜ ਦਿੱਤੀ ਬਾਂਹ
ਨਕੋਦਰ ਨੂੰ ਮਿਲੇਗਾ 100 ਬੈੱਡ ਦਾ ਹਸਪਤਾਲ
ਸਿਹਤ, ਸਿੱਖਿਆ, ਪਾਣੀ ਅਤੇ ਬਿਜਲੀ ਆਮ ਆਦਮੀ ਪਾਰਟੀ ਦਾ ਮੁੱਖ ਵਿਸ਼ਾ ਰਿਹਾ ਹੈ। ਤੁਸੀਂ ਆਪਣੇ ਹਲਕੇ ਨੂੰ ਲੈ ਕੇ ਕਿਹੜੇ ਕੰਮ ਕਰਨ ਜਾ ਰਹੇ ਹੋ, ਤਾਂ ਮਾਨ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸ਼ਹਿਰ ’ਚ ਸੜਕਾਂ ਦੀ ਹਾਲਤ ਸੁਧਾਰਣਾ ਅਤੇ ਇਸ ਦੇ ਨਾਲ-ਨਾਲ ਮੇਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਨਕੋਦਰ ਦੇ ਸਿਵਲ ਹਸਪਤਾਲ ਨੂੰ 100 ਬੈੱਡ ਦਾ ਬਣਾਉਣ ਦੀ ਗੱਲ ਹੋਈ ਹੈ। ਮੁੱਖ ਮੰਤਰੀ ਨੇ ਪ੍ਰਪੋਜ਼ਲ ਲਿਆਉਣ ਲਈ ਕਿਹਾ ਹੈ। ਇਸ ਦੇ ਲਈ ਪ੍ਰਾਜੈਕਟ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਕੋਦਰ ਧਾਰਮਿਕ ਸਥਾਨਾਂ ਦਾ ਸ਼ਹਿਰ ਹੈ। ਲੱਖਾਂ ਲੋਕ ਇਨ੍ਹਾਂ ਧਾਰਮਿਕ ਸਥਾਨਾਂ ’ਤੇ ਨਤਮਸਤਕ ਹੋਣ ਆਉਂਦੇ ਹਨ। ਇਸ ਲਈ ਸ਼ਹਿਰ ਦੀ ਹਰੇਕ ਸੜਕ ਨੂੰ ਪੱਕਾ ਕੀਤਾ ਜਾਵੇਗਾ, ਤਾਂਕਿ ਲੋਕਾਂ ਨੂੰ ਨਕੋਦਰ ’ਚ ਆ ਕੇ ਕੋਈ ਪਰੇਸ਼ਾਨੀ ਨਾ ਹੋਵੇ।
ਇਹ ਵੀ ਪੜ੍ਹੋ: ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ ਪੰਜਾਬ ਸਰਕਾਰ, ਆਬਕਾਰੀ ਮਹਿਕਮੇ ਨੇ ਲਿਆ ਵੱਡਾ ਫ਼ੈਸਲਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ