ਵਿਧਾਇਕ ਸੰਦੋਆ 'ਤੇ ਹਮਲੇ ਦੇ ਦੋਸ਼ 'ਚ ਫੜੇ ਅਜਵਿੰਦਰ ਸਿੰਘ ਤੇ ਸਾਥੀ ਜ਼ਮਾਨਤ 'ਤੇ ਰਿਹਾਅ (ਵੀਡੀਓ)
Sunday, Jul 29, 2018 - 12:48 PM (IST)
ਰੂਪਨਗਰ (ਕੈਲਾਸ਼)— ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੇ ਨਾਲ ਇਕ ਮਾਈਨਿੰਗ ਮਾਮਲੇ 'ਚ 21 ਜੂਨ 2018 ਨੂੰ ਹੋਏ ਝਗੜੇ ਦੇ ਦੋਸ਼ 'ਚ ਫੜੇ ਅਜਵਿੰਦਰ ਸਿੰਘ ਬੇਈਹਾਰਾ ਅਤੇ ਉਸ ਦੇ ਸਾਥੀ ਬਚਿੱਤਰ ਸਿੰਘ ਨੂੰ ਜ਼ਮਾਨਤ ਮਿਲਣ 'ਤੇ ਬੀਤੇ ਦਿਨ ਜ਼ਿਲਾ ਜੇਲ ਤੋਂ ਰਿਹਾਅ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸੈਂਕੜੇ ਸਮਰਥਕ ਦਰਜਨਾਂ ਗੱਡੀਆਂ 'ਚ ਉਨ੍ਹਾਂ ਦਾ ਸਵਾਗਤ ਕਰਨ ਪਹੁੰਚੇ ਹੋਏ ਸਨ।
ਜ਼ਿਕਰਯੋਗ ਹੈ ਕਿ 21 ਜੂਨ 2018 ਨੂੰ ਬੇਈਹਾਰਾ ਖੱਡ 'ਚ ਚੱਲ ਰਹੀ ਮਾਈਨਿੰਗ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਵਿਧਾਇਕ ਅਮਰਜੀਤ ਸਿੰਘ ਸੰਦੋਆ ਆਪਣੇ ਗੰਨਮੈਨਾਂ ਨਾਲ ਪਹੁੰਚੇ ਸਨ ਅਤੇ ਇਸੇ 'ਚ ਉਥੇ ਮੌਜੂਦ ਕੁਝ ਲੋਕਾਂ ਦਾ ਸੰਦੋਆ ਨਾਲ ਝਗੜਾ ਹੋ ਗਿਆ, ਜਿਸ 'ਤੇ ਪੁਲਸ ਵੱਲੋਂ ਝਗੜੇ ਦੇ ਮੁੱਖ ਦੋਸ਼ੀ ਅਜਵਿੰਦਰ ਸਿੰਘ ਬੇਈਹਾਰਾ, ਉਸ ਦੇ ਸਾਥੀ ਬਚਿੱਤਰ ਸਿੰਘ ਅਤੇ ਹੋਰਾਂ ਦੇ ਵਿਰੁੱਧ ਕਾਤਲਾਨਾ ਹਮਲੇ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਉਕਤ ਮਾਮਲੇ 'ਚ 7 ਮੁਲਜ਼ਮਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ ਅਤੇ ਜ਼ਿਲਾ ਅਤੇ ਸੈਸ਼ਨ ਜੱਜ ਦੁਆਰਾ ਅਜਵਿੰਦਰ ਸਿੰਘ ਬੇਈਹਾਰਾ ਅਤੇ ਉਨ੍ਹਾਂ ਦੇ ਸਾਥੀ ਬਚਿੱਤਰ ਸਿੰਘ ਨੂੰ ਬੀਤੇ ਦਿਨ ਜ਼ਮਾਨਤ ਦੇ ਦਿੱਤੀ ਗਈ ਸੀ ਪਰ ਉਨ੍ਹਾਂ ਦੀ ਜ਼ਮਾਨਤ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ 'ਚ ਭਰੀ ਜਾਣੀ ਸੀ, ਜਿਸ ਦੇ ਕਾਰਨ ਉਨ੍ਹਾਂ ਨੂੰ ਅੱਜ ਜ਼ਮਾਨਤ ਭਰਨ ਦੇ ਬਾਅਦ ਸ਼ਾਮ ਕਰੀਬ 6 ਵਜੇ ਰਿਹਾਅ ਕਰ ਦਿੱਤਾ ਗਿਆ।
ਸੰਦੋਆ ਵਿਰੁੱਧ ਅਦਾਲਤ 'ਚ ਪਾਉਣਗੇ ਇਸਤਗਾਸਾ : ਅਜਵਿੰਦਰ
ਅਜਵਿੰਦਰ ਸਿੰਘ ਬੇਈਹਾਰਾ ਨੇ ਕਿਹਾ ਕਿ ਜੋ ਮਾਮਲਾ ਪੁਲਸ ਨੇ ਉਨ੍ਹਾਂ ਵਿਰੁੱਧ ਦਰਜ ਕੀਤਾ ਹੈ, ਉਹ ਬੇਬੁਨਿਆਦ ਹੈ। ਹੁਣ ਉਹ ਵਿਧਾਇਕ ਸੰਦੋਆ ਦੇ ਵਿਰੁੱਧ ਅਦਾਲਤ 'ਚ ਇਸਤਗਾਸਾ (ਸ਼ਿਕਾਇਤ) ਪਾਉਣਗੇ। ਅਜਬਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਧਾਰਾ 307 ਲਗਾਉਣਾ ਬਿਲਕੁਲ ਗਲਤ ਸੀ ਕਿਉਂਕਿ ਉਥੇ ਅਜਿਹਾ ਕੁਝ ਨਹੀਂ ਹੋਇਆ ਕਿ ਧਾਰਾ 307 ਲਗਾਉਣੀ ਪਵੇ। ਇਹ ਸਾਰਾ ਕੁਝ ਸਰਕਾਰ ਦੀ ਮਿਲੀਭੁਗਤ ਦੇ ਨਾਲ ਹੋਇਆ ਹੈ ਅਤੇ ਜੱਜ ਸਾਬ੍ਹ ਨੇ ਸੱਚਾਈ ਦੇਖ ਕੇ ਸਾਨੂੰ ਜ਼ਮਾਨਤ ਦਿੱਤੀ ਹੈ। ਉਨ੍ਹਾਂ 'ਆਪ' ਵਿਧਾਇਕ ਅਮਰਜੀਤ ਸਿੰਘ 'ਤੇ ਕਾਂਗਰਸ ਪਾਰਟੀ ਨਾਲ ਮਿਲੀਭੁਗਤ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਐੱਸ. ਐੱਸ. ਪੀ. ਰੂਪਨਗਰ ਦੇ ਕੋਲ ਇਨ੍ਹਾਂ ਵੱਲੋਂ ਅਮਰਜੀਤ ਸਿੰਘ ਖਿਲਾਫ ਕਾਰਵਾਈ ਲਈ ਪੱਤਰ ਲਿਖਿਆ ਗਿਆ ਸੀ ਪਰ ਉਸ 'ਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ। ਅਜਬਿੰਦਰ ਨੇ ਕਿਹਾ ਕਿ ਸਾਰੇ ਪੁਲਸ ਅਤੇ ਅਧਿਕਾਰੀਆਂ ਨੂੰ ਹਿਦਾਇਤਾਂ ਸਨ, ਇਸ ਲਈ ਕੋਈ ਕਾਰਵਾਈ ਨਹੀਂ ਹੋਈ। ਅਗਲੀਆਂ ਚੋਣਾਂ 'ਚ ਇਸ ਦੇ ਖਿਲਾਫ ਪਿੰਡ-ਪਿੰਡ ਜਾ ਕੇ ਪ੍ਰਚਾਰ ਕਰਨਗੇ ਅਤੇ ਇਹ ਰਾਜਨੀਤੀ ਛੱਡ ਕੇ ਦੋਬਾਰਾ ਆਪਣਾ ਟੈਕਸੀ ਦਾ ਕਾਰੋਬਾਰ ਦਿੱਲੀ 'ਚ ਜਾ ਕੇ ਕਰਨਗੇ।
ਅਜਬਿੰਦਰ ਨੂੰ ਜਦੋਂ ਪੁੱਛਿਆ ਗਿਆ ਕਿ ਉਹ ਵਾਰ-ਵਾਰ ਅਮਰਜੀਤ ਸਿੰਘ ਖਿਲਾਫ ਸਬੂਤਾਂ ਦੇ ਬਿਆਨ ਦੇ ਰਹੇ ਹਨ ਤਾਂ ਕੀ ਹੁਣ ਉਹ ਸਬੂਤ ਦੇਣਗੇ ਤਾਂ ਅਜਬਿੰਦਰ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਸਬੂਤ ਸਨ ਪਰ ਇਸੇ ਝਗੜੇ 'ਚ ਉਸ ਖੱਡ ਦੀ ਰਾਇਲਟੀ ਲੈਣ ਵਾਲਾ ਮੁੰਸ਼ੀ ਅੰਮ੍ਰਿਤਪਾਲ ਸੀ। ਉਸ ਦੇ ਕੋਲ ਸਾਰੇ ਸਬੂਤ ਸਨ ਪਰ ਉਸ ਦਾ ਹੁਣ ਅਮਰਜੀਤ ਸਿੰਘ ਦੇ ਨਾਲ ਸਮਝੌਤਾ ਹੋ ਗਿਆ ਹੈ ਕਿਉਂਕਿ ਜੋ ਖੱਡ ਦੀ ਵੀਡੀਓ ਸੀ ਉਸ 'ਚ ਅੰਮ੍ਰਿਤਪਾਲ ਸਾਫ-ਸਾਫ ਦਿਖਾਈ ਦੇ ਰਿਹਾ ਹੈ ਕਿ ਉਹ ਅਮਰਜੀਤ ਸਿੰਘ ਦੇ ਪੀ. ਏ. ਨੂੰ ਮਾਰ ਰਿਹਾ ਹੈ ਪਰ ਡੀ. ਐੱਨ. ਏ. ਅੰਮ੍ਰਿਤਪਾਲ ਦੇ ਹੱਕ 'ਚ ਬਿਆਨ ਦੇ ਕੇ ਇਹ ਸਾਬਤ ਕਰ ਦਿੱਤਾ ਕਿ ਇਨ੍ਹਾਂ ਦੀ ਆਪਸ 'ਚ ਮਿਲੀਭੁਗਤ ਹੋ ਗਈ ਹੈ।