‘ਆਪ’ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਕਾਰਪੋਰੇਸ਼ਨ ਚੋਣਾਂ 2 ਪੜਾਵਾਂ ’ਚ ਕਰਵਾਉਣ ਦਾ ਸੁਝਾਅ ਦਿੱਤਾ

Wednesday, Jun 28, 2023 - 01:27 PM (IST)

‘ਆਪ’ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਕਾਰਪੋਰੇਸ਼ਨ ਚੋਣਾਂ 2 ਪੜਾਵਾਂ ’ਚ ਕਰਵਾਉਣ ਦਾ ਸੁਝਾਅ ਦਿੱਤਾ

ਜਲੰਧਰ (ਧਵਨ) : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਝਾਅ ਦਿੱਤਾ ਹੈ ਕਿ ਕਾਰਪੋਰੇਸ਼ਨ ਚੋਣਾਂ 2 ਪੜਾਵਾਂ ’ਚ ਕਰਵਾਈਆਂ ਜਾਣ ਅਤੇ ਇਕ ਪੜਾਅ ਕਰਵਾਉਣ ਤੋਂ ਬਾਅਦ ਦੂਜਾ ਪੜਾਅ 15-20 ਦਿਨਾਂ ਬਾਅਦ ਕਰਵਾਇਆ ਜਾਵੇ। ‘ਆਪ’ ਦੇ ਸੀਨੀਅਰ ਨੇਤਾਵਾਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਇਸ ਸੁਝਾਅ ’ਤੇ ਵੀ ਗੌਰ ਕਰ ਰਹੇ ਹਨ ਪਰ ਅੰਤਿਮ ਫੈਸਲਾ ਉਹ ਆਉਣ ਵਾਲੇ ਸਮੇਂ ’ਚ ਹੀ ਲੈਣਗੇ। 2 ਪੜਾਵਾਂ ’ਚ ਕਾਰਪੋਰੇਸ਼ਨ ਚੋਣਾਂ ਕਰਵਾਉਣ ਦੀ ਦਲੀਲ ਦੇਣ ਵਾਲੇ ਨੇਤਾਵਾਂ ਦਾ ਮੰਨਣਾ ਹੈ ਕਿ ਇਸ ਨਾਲ ਆਮ ਆਦਮੀ ਪਾਰਟੀ ਪੂਰੇ ਜ਼ੋਰ-ਸ਼ੋਰ ਨਾਲ ਚੋਣ ਜੰਗ ਲੜ ਸਕੇਗੀ, ਨਹੀਂ ਤਾਂ ਇਕ ਪੜਾਅ ਵਿਚ ਚੋਣ ਹੋਣ ’ਤੇ ਉਸ ਨੂੰ ਸਾਰੇ ਸ਼ਹਿਰਾਂ ’ਚ ਆਪਣੀ ਸ਼ਕਤੀ ਬਿਖੇਰਨੀ ਪਵੇਗੀ। ਜਲੰਧਰ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ’ਚ ਕਾਰਪੋਰੇਸ਼ਨ ਚੋਣਾਂ ਹੋਣੀਆਂ ਹਨ। ਆਮ ਆਦਮੀ ਪਾਰਟੀ ਜੇ 2 ਹਿੱਸਿਆਂ ’ਚ ਕਾਰਪੋਰੇਸ਼ਨ ਚੋਣਾਂ ਕਰਵਾਉਂਦੀ ਹੈ ਤਾਂ ਉਸ ਹਾਲਤ ’ਚ ਉਹ ਇਨ੍ਹਾਂ ਸ਼ਹਿਰਾਂ ਦੀਆਂ ਚੋਣਾਂ ਆਸਾਨੀ ਨਾਲ ਜਿੱਤ ਸਕੇਗੀ।

ਇਹ ਵੀ ਪੜ੍ਹੋ : ਵਿਜੀਲੈਂਸ ਵੱਲੋਂ 18000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਤੇ ਉਸਦਾ ਨਿੱਜੀ ਸਹਾਇਕ ਕਾਬੂ 

ਮੁੱਖ ਮੰਤਰੀ ਨੂੰ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਕਾਰਪੋਰੇਸ਼ਨ ਚੋਣਾਂ ਕਰਵਾਉਣ ਤੋਂ ਪਹਿਲਾਂ ਉਹ ਇਨ੍ਹਾਂ ਸਾਰੇ ਸ਼ਹਿਰਾਂ ’ਚ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨ। ਮੁੱਖ ਮੰਤਰੀ ਨੂੰ ਜਲੰਧਰ ਵਾਂਗ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ ’ਚ ਵੀ ਕਾਰਪੋਰੇਸ਼ਨਾਂ ਨੂੰ ਕਰੋੜਾਂ ਦੀਆਂ ਗ੍ਰਾਂਟਾਂ ਦੇਣ ਲਈ ਕਿਹਾ ਜਾ ਰਿਹਾ ਹੈ। ਮੁੱਖ ਮੰਤਰੀ ਨੂੰ ਹੁਣ ਤਕ ਇਹੀ ਸੁਝਾਅ ਦਿੱਤਾ ਗਿਆ ਹੈ ਕਿ ਸਤੰਬਰ ਦੇ ਅੱਧ ਤੋਂ ਬਾਅਦ ਕਾਰਪੋਰੇਸ਼ਨ ਚੋਣਾਂ ਕਰਵਾਈਆਂ ਜਾਣ। ਕੁਝ ਨੇਤਾਵਾਂ ਦਾ ਮੰਨਣਾ ਹੈ ਕਿ ਲੋਕ ਸਭਾ ਚੋਣਾਂ ਤੋਂ 3-4 ਮਹੀਨੇ ਪਹਿਲਾਂ ਕਾਰਪੋਰੇਸ਼ਨ ਚੋਣਾਂ ਹੋਣੀਆਂ ਚਾਹੀਦੀਆਂ ਹਨ, ਜਿਸ ਨਾਲ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਨੂੰ ਜਿੱਤ ਕੇ ਉਸ ਦਾ ਅਸਰ ਲੋਕ ਸਭਾ ਚੋਣਾਂ ਤਕ ਲਿਜਾ ਸਕੇ।

ਇਹ ਵੀ ਪੜ੍ਹੋ : ਐਕਸ਼ਨ ’ਚ ਪਾਵਰਕਾਮ : 40 ਖਪਤਕਾਰਾਂ ਨੂੰ ਕੀਤਾ 15.70 ਲੱਖ ਰੁਪਏ ਜੁਰਮਾਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News