AAP ਆਗੂਆਂ ਨੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਰੋਸ ਵੱਜੋਂ ਪੰਜਾਬ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

Sunday, Aug 02, 2020 - 02:37 PM (IST)

ਭਵਾਨੀਗੜ੍ਹ (ਕਾਂਸਲ,ਵਿਕਾਸ, ਸੰਜੀਵ) :- ਜ਼ਹਿਰੀਲੀ ਸ਼ਰਾਬ ਕਾਰਨ ਤਰਨਤਾਰਨ, ਅੰਮ੍ਰਿਤਸਰ ਦੇਹਾਤੀ ਅਤੇ ਗੁਰਦਾਸਪੁਰ ’ਚ ਮ੍ਰਿਤਕਾਂ ਦਾ ਅੰਕੜਾ 87 ਤੱਕ ਪਹੁੰਚ ਜਾਣ ਦੇ ਰੋਸ ਵੱਜੋਂ ਅੱਜ ਆਮ ਆਦਮੀ ਪਾਰਟੀ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਜਿਲ੍ਹਾ ਯੂਥ ਪ੍ਰਧਾਨ ਸੰਗਰੂਰ ਅਤੇ ਹਲਕਾ ਸਹਿ ਪ੍ਰਧਾਨ ਸੰਗਰੂਰ ਨਰਿੰਦਰ ਕੌਰ ਭਰਾਜ ਦੀ ਅਗਵਾਈ ਹੇਠ ਬਲਿਆਲ ਰੋਡ ਨਜ਼ਦੀਕ ਸਥਾਨਕ ਸ਼ਹਿਰ ’ਚੋਂ ਲੰਘਦੀ ਨੈਸ਼ਨ ਹਾਈਵੇ ਦੇ ਵਿਚਕਾਰ ਬਣੇ ਡਵਾਇਡਰ ਉਪਰ ਖੜੇ ਹੋ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਧਰਨੇ ਦਿੱਤੇ ਗਏ।

ਇਸ ਮੌਕੇ ਆਪਣੇ ਸੰਬੋਧਨ ’ਚ ਨਰਿੰਦਰ ਕੌਰ ਭਰਾਜ, ਅਵਤਾਰ ਸਿੰਘ ਤਾਰੀ, ਬਲਜਿੰਦਰ ਸਿੰਘ ਗੋਗੀ ਨੇ ਕਿਹਾ ਕਿ ਪੰਜਾਬ ’ਚ ਲੋਕਾਂ ਦੀ ਸਰਕਾਰ ਨਾ ਹੋ ਕੇ ਸ਼ਰਾਬ ਮਾਫੀਆ ਦੀ ਸਰਕਾਰ ਚਲ ਰਹੀ ਹੈ। ਕਾਂਗਰਸੀ ਆਗੂਆਂ ਅਤੇ ਸ਼ਰਾਬ ਤਸਕਰਾਂ ਦੀ ਕਥਿਤ ਸਾਂਝ ਨੇ ਸੈਂਕੜੇ ਪਰਿਵਾਰਾਂ ਦੇ ਘਰਾਂ ’ਚ ਸੱਥਰ ਵਿੱਛਾ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਹ ਵੱਡਾ ਦੁਖਾਂਤ ਹੈ ਕਿ ਪਹਿਲਾਂ ਸੂਬਾ ਸਰਕਾਰ ਦੀ ਨਲਾਇਕੀ ਕਾਰਨ ਪੰਜਾਬ ’ਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਮੌਤ ਦੀ ਦਰ ’ਚ ਵਾਧਾ ਹੋ ਰਿਹਾ ਹੈ। ਹੁਣ ਸ਼ਰਾਬ ਮਾਫੀਆਂ ਵੱਲੋਂ ਇਸ ’ਚ ਹੋਰ ਯੋਗਦਾਨ ਪਾਉਂਦਿਆਂ ਨਕਲੀ ਜ਼ਹਿਰੀਲ ਸ਼ਰਾਬ ਰਾਹੀ 87 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਭਾਵੇ ਸਰਕਾਰਾਂ ਬਦਲ ਗਈਆਂ ਹਨ ਪਰ ਇਥੇ ਨਸ਼ਾ ਤਸਕਰੀ ਦਾ ਧੰਦਾ ਉਸੇ ਤਰ੍ਹਾਂ ਹੀ ਜਾਰੀ ਹੈ। ਜਦੋਂ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ  ’ਚ ਸਰਕਾਰ ਦਾ ਗਠਨ ਕਰਨ ਤੋਂ ਪਹਿਲਾਂ ਸੂਬੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਲਈ ਗੁਟਕਾ ਸਾਹਿਬ ਨੂੰ ਆਪਣੇ ਹੱਥਾਂ ’ਚ ਚੁੱਕ ਕੇ ਸਹੁੰ ਖਾਦੀ ਸੀ। ਪਰ ਸਰਕਾਰ ਬਣਨ ’ਤੇ ਨਸ਼ਿਆਂ ਦੇ ਖਤਮੇ ਲਈ ਕੋਈ ਠੋਸ ਕਦਮ ਨਾ ਚੁੱਕੇ ਜਾਣ ਕਾਰਨ ਪਹਿਲਾਂ ਚਿੱਟੇ, ਸਮੈਕ ਆਦ ਵਰਗੇ ਨਸ਼ਿਆਂ ਨਾਲ ਸੈਂਕੜੇ ਨੌਜਵਾਨ ਦਮ ਤੋੜ ਚੁੱਕੇ ਹਨ ਅਤੇ ਹੁਣ ਇਸ ਨਕਲੀ ਜ਼ਹਿਰਲੀ ਸ਼ਰਾਬ ਵੱਲੋਂ ਵੀ ਕਹਿਰ ਢਾਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਤੋਂ ਸਰਕਾਰ ਨਹੀਂ ਚਲਦੀ ਤਾਂ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਪੰਜਾਬ ’ਚੋਂ ਨਸ਼ਾ ਤਸਕਰੀ ਅਤੇ ਸ਼ਰਾਬ ਮਾਫੀਆਂ ਦਾ ਸਫਾਇਆ  ਨਾ ਕੀਤਾ ਤਾਂ ਆਮ ਆਦਮੀ ਪਾਰਟੀ ਵੱਲੋਂ ਹੋਰ ਵੀ ਤਿੱਖਾ ਸੰਰਘਸ਼ ਉਲੀਕਿਆਂ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਹਰਦੀਪ ਸਿੰਘ ਤੂਰ, ਗੁਰਵਿੰਦਰ ਸਿੰਘ ਘਰਾਚੋਂ ਸਮੇਤ ਆਮ ਆਦਮੀ ਪਾਰਟੀ ਦੇ ਕਈ ਹੋਰ ਵਰਕਰ ਅਤੇ ਆਗੂ ਵੀ ਮੌਜੂਦ ਸਨ।


Harinder Kaur

Content Editor

Related News