ਆਪ’ ਆਗੂ ਨੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ’ਤੇ ਲਾਏ ਗੰਭੀਰ ਦੋਸ਼

Wednesday, May 18, 2022 - 02:34 PM (IST)

ਆਪ’ ਆਗੂ ਨੇ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ’ਤੇ ਲਾਏ ਗੰਭੀਰ ਦੋਸ਼

ਚੰਡੀਗੜ੍ਹ(ਰਮਨਜੀਤ): ਭੁਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ’ਤੇ ਆਮ ਆਦਮੀ ਪਾਰਟੀ ਦੇ ਆਗੂ ਰਾਜਿੰਦਰ ਸਿੰਘ ਰਾਣਾ ਨੇ ਗੰਭੀਰ ਦੋਸ਼ ਲਗਾਏ ਹਨ। ਰਾਣਾ ਦਾ ਕਹਿਣਾ ਹੈ ਕਿ ਖਹਿਰਾ ਨਾ ਸਿਰਫ਼ ਗਲ਼ਤ ਤਰੀਕੇ ਨਾਲ ਪੈਸਾ ਇਕੱਠਾ ਕਰਦੇ ਹਨ, ਸਗੋਂ ਉਨ੍ਹਾਂ ਨੇ ਖਹਿਰਾ ’ਤੇ ਸਰਕਾਰੀ ਜ਼ਮੀਨ ਨੂੰ ਹੜੱਪਣ ਦਾ ਵੀ ਦੋਸ਼ ਲਗਾਇਆ। ਪੱਤਰਕਾਰਾ ਨਾਲ ਗੱਲਬਾਤ  ‘ਆਪ’ ਆਗੂ ਰਾਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਸੁਖਪਾਲ ਖਹਿਰਾ ਵੱਲੋਂ ਚੋਣਾਂ ਦੇ ਸਮੇਂ ਦਾਖ਼ਲ ਕੀਤੇ ਗਏ ਜਾਇਦਾਦ ਅਤੇ ਆਮਦਨੀ ਦੇ ਸਰੋਤਾਂ ਨੂੰ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਦਾ ਸ਼ਾਹੀ ਠਾਠ-ਬਾਠ ਵਾਲਾ ਜੀਵਨ ਸੁਖਪਾਲ ਸਿੰਘ ਖਹਿਰਾ ਜੀ ਰਹੇ ਹਨ, ਉਹੋ ਜਿਹਾ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਜ਼ਮੀਨਾਂ ਦੇ ਨਾਲ ਪੰਚਾਇਤੀ ਜਗ੍ਹਾ ’ਤੇ ਬਣੇ ਘਰਾਂ ਅਤੇ ਉਸਾਰੀਆਂ ਨੂੰ ਵੀ ਤੋੜਨ ਦੇ ਹੁਕਮ ਜਾਰੀ

ਰਾਣਾ ਨੇ ਕਿਹਾ ਕਿ ਮਹਿੰਗੀਆਂ ਗੱਡੀਆਂ ਤੋਂ ਲੈ ਕੇ ਮਹਿੰਗੀਆਂ ਘੜੀਆਂ ਤੱਕ ਦੇ ਸ਼ੌਕੀਨ ਸੁਖਪਾਲ ਸਿੰਘ ਖਹਿਰਾ ਵਲੋਂ ਲੋਕਾਂ ਦੀਆਂ ਭਾਵਨਾਵਾਂ ਦਾ ਇਸਤੇਮਾਲ ਕਰਕੇ ਪੈਸਾ ਬਣਾਇਆ ਜਾ ਰਿਹਾ ਹੈ, ਜਿਸ ਲਈ ਖਹਿਰਾ ਭਾਵਨਾਤਮਕ ਮੁੱਦਿਆਂ ਨੂੰ ਸਮੇਂ-ਸਮੇਂ ’ਤੇ ਛੇੜਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਖਹਿਰਾ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਤੋਂ ਫੰਡਿਗ ਲੈਣ ਲਈ ਇਨ੍ਹਾਂ ਮੁੱਦਿਆਂ ਨੂੰ ਛੇੜਦੇ ਰਹਿੰਦੇ ਹਨ ਸਗੋਂ ਸਰਕਾਰੀ ਜਾਇਦਾਦ ਨੂੰ ਹੜੱਪ ਕੇ ਵੀ ਆਪਣੀ ਧਨ-ਜਾਇਦਾਦ ਨੂੰ ਵਧਾ ਰਹੇ ਹਨ। ਉਨ੍ਹਾਂ ਖਹਿਰਾ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਬੀਬੀ ਖਾਲੜਾ ਅਤੇ ਬਲਜਿੰਦਰ ਸਿੰਘ ਪਰਵਾਨਾ ਜਿਹੇ ਲੋਕਾਂ ਦੇ ਨਾਂ ਦਾ ਇਸਤੇਮਾਲ ਕਰ ਕੇ ਖਹਿਰਾ ਵਲੋਂ ਮੁੱਦੇ ਇਸ ਲਈ ਨਹੀਂ ਚੁੱਕੇ ਜਾਂਦੇ ਤਾਂ ਜੋ ਉਨ੍ਹਾਂ ਨੂੰ ਕਿਸੇ ਅੰਜਾਮ ਤੱਕ ਪਹੁੰਚਾਇਆ ਜਾ ਸਕੇ। ਖਹਿਰਾ ਉਸ ਤਰ੍ਹਾਂ ਦੇ ਮੁੱਦੇ ਚੁੱਕਦੇ ਹਨ ਜਿਸ ਨਾਲ ਉਹ ਸੁਰਖੀਆਂ ਵਿਚ ਰਹਿ ਸਕੇ ਅਤੇ ਵਿਦੇਸ਼ਾਂ ਵਿਚ ਰਹਿਣ ਵਾਲੇ ਪੰਜਾਬੀਆਂ ਦੀਆਂ ਨਜ਼ਰਾਂ ਵਿਚ ਬਣੇ ਰਹਿਣ ।

ਇਹ ਵੀ ਪੜ੍ਹੋ- ਬਠਿੰਡਾ 'ਚ ਕਲਯੁੱਗੀ ਪਿਓ ਦਾ ਕਾਰਾ, 4 ਸਾਲਾ ਧੀ ਦੇ ਸਿਰ 'ਚ ਲੋਹੇ ਦੀ ਰਾਡ ਮਾਰ ਕੀਤਾ ਕਤਲ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਨੇ ਕਿਹਾ ਕਿ ਸੁਖਪਾਲ ਖਹਿਰਾ ਨੇ 2019 ਦੀਆਂ ਲੋਕਸਭਾ ਚੋਣਾਂ ਵਿਚ ਬੀਬੀ ਖਾਲੜਾ ਦੇ ਨਾਂ ਨੂੰ ਇਸਤੇਮਾਲ ਕੀਤਾ ਸੀ। ਉਸ ਤੋਂ ਬਾਅਦ ਬੀਬੀ ਖਾਲੜਾ ਨੂੰ ਬਿਨ੍ਹਾਂ ਫੰਡ ਦੇ ਚੋਣ ਲੜਨ ਲਈ ਛੱਡ ਦਿੱਤਾ ਅਤੇ ਉਨ੍ਹਾਂ ਦੇ ਨਾਂ ’ਤੇ ਭਾਰੀ ਰਕਮ ਇਕੱਠਾ ਕਰ ਲਈ ਸੀ ਜੋ ਸੁਖਪਾਲ ਖਹਿਰਾ ਦੇ ਏਜੰਟਾਂ ਵਲੋਂ ਵਿਦੇਸ਼ਾਂ ਵਿਚ ਇਕੱਠਾ ਕੀਤੀ ਗਈ ਸੀ। ਰਾਣਾ ਨੇ ਕਿਹਾ ਕਿ ਇਹੀ ਕਾਰਣ ਹੈ ਕਿ ਦੇਸ਼ ਦੀ ਵੱਡੀ ਜਾਂਚ ਏਜੰਸੀ ਈ. ਡੀ. ਵੱਲੋਂ ਵੀ ਸੁਖਪਾਲ ਖਹਿਰਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰ ਕਰਦਿਆਂ 'ਆਪ' ਆਗੂ ਨੇ ਕਿਹਾ ਕਿ ਖਹਿਰਾ ਨੇ 2022 ਚੋਣਾਂ ਤੋਂ ਪਹਿਲਾਂ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦਾ ਨਾਂ ਵਰਤਿਆ ਸੀ ਪਰ ਚੋਣਾਂ ਤੋਂ ਬਾਅਦ ਇਸ ਬਾਰੇ ਕੋਈ ਜ਼ਿਕਰ ਤੱਕ ਨਹੀਂ ਕੀਤਾ। ਰਾਣਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਸੁਖਪਾਲ ਖਹਿਰਾ ਹਾਲ ਹੀ ਵਿਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਬਰਜਿੰਦਰ ਸਿੰਘ ਪਰਵਾਨਾ ਦੀ ਗ੍ਰਿਫ਼ਤਾਰੀ ਨੂੰ ਮੁੱਦਾ ਬਣਾ ਕੇ ਪੇਸ਼ ਕਰ ਰਹੇ ਹਨ ਅਤੇ ਇਸ ਦੇ ਆਧਾਰ ’ਤੇ ਫੰਡਿਗ ਹਾਸਿਲ ਕਰਨ ਦੇ ਚੱਕਰ ਵਿਚ ਹਨ । ਇਸ ਦੇ ਨਾਲ ਹੀ ਖਹਿਰਾ ਅਤੇ ਉਨ੍ਹਾਂ ਦੀ ਟੀਮ ਦੇਸ਼ ਵੰਡ ਦੇ ਸਮੇਂ ਆਪਣੀਆਂ ਜ਼ਮੀਨਾਂ ਛੱਡ ਕੇ ਹਿੰਦੁਸਤਾਨ-ਪਾਕਿਸਤਾਨ ਗਏ ਲੋਕਾਂ ਦੇ ਨਾਂ ਨਾਲ ਮਿਲਦੇ-ਜੁਲਦੇ ਨਾਵਾਂ ਵਾਲੇ ਲੋਕਾਂ ਨੂੰ ਲੱਭ ਕੇ ਉਨ੍ਹਾਂ ਦੀਆਂ ਸਰਕਾਰੀ ਜ਼ਮੀਨਾਂ ਆਪਣੇ ਨਾਂ ਕਰਵਾ ਰਹੇ ਹਨ।

ਇਹ ਵੀ ਪੜ੍ਹੇ- ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ

ਰਾਣਾ ਨੇ ਉਦਾਹਰਣ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਪਿੰਡ ਕੰਡਿਆਲੀ ਦੇ ਹੱਦ ਬਸਤ ਨੰਬਰ, 55 ਖਸਰਾ ਨੰਬਰ 104 ਅਧੀਨ ਬਣਦੀ ਜ਼ਮੀਨ-ਜਾਇਦਾਦ ਹੈ। ਰਾਣਾ ਨੇ ਕਿਹਾ ਕਿ ਇਹ ਪ੍ਰਾਪਰਟੀ ਕੇਂਦਰ ਸਰਕਾਰ ਦੀ ਹੈ ਪਰ 1965-66, 1970-71, 1975-76 ਦੇ ਜ਼ਮੀਨੀ ਰਿਕਾਰਡ ਅਨੁਸਾਰ ਭਾਖੜਾ-ਨੰਗਲ ਪ੍ਰੋਜੈਕਟ ਲਈ ਰੱਖੀ ਗਈ ਸੀ। ਇਹ ਲੈਂਡ ਰਿਕਾਰਡ 2015-16 ਵਿਚ ਸੁਖਪਾਲ ਸਿੰਘ ਖਹਿਰਾ ਦੇ ਪੁੱਤਰ ਸੁਖਜਿੰਦਰ ਸਿੰਘ ਦੇ ਨਾਂ ਤਬਦੀਲ ਹੋ ਗਈ ਕਿਉਂਕਿ ਸੁਖਪਾਲ ਖਹਿਰਾ ਦੀ ਸਿਆਸੀ ਪਹੁੰਚ ਸੀ।ਰਾਣਾ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਤੀਬਾੜੀ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਤੋਂ ਸੁਖਪਾਲ ਸਿੰਘ ਖਹਿਰਾ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਆਪਣੇ ਉਪਰ ਲੱਗੇ ਦੋਸ਼ਾਂ ਨੂੰ ਝੂਠੇ, ਬੇਬੁਨਿਆਦ ਕਰਾਰ ਦਿੰਦਿਆਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਰਣਜੀਤ ਰਾਣਾ ਨੂੰ ਬੇਬੁਨਿਆਦ ਅਤੇ ਝੂਠੇ ਦੋਸ਼ ਲਗਾਉਣ ਦੀ ਆਦਤ ਪੈ ਚੁੱਕੀ ਹੈ। ਉਨ੍ਹਾਂ ਕਿਹਾ ਕਿ 2017 ਅਤੇ 2022 ਦੋਵੇਂ ਹੀ ਵਿਧਾਨਸਭਾ ਚੋਣਾਂ ਵਿਚ ਉਸ ਨੇ ਹਾਰ ਦਾ ਮੂੰਹ ਦੇਖਿਆ ਹੈ, ਜਿਸ ਕਾਰਣ ਉਹ ਆਪਣੀ ਗੱਸਾ ਕੱਢ ਰਿਹਾ ਹੈ ।ਖਹਿਰਾ ਨੇ ਕਿਹਾ ਕਿ ਉਨ੍ਹਾਂ ਖਿਲਾਫ਼ ਪੈਂਡਿੰਗ ਕ੍ਰਿਮੀਨਲ ਕੇਸਾਂ ਬਾਰੇ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਵਿਚ ਸਾਰੀ ਡਿਟੇਲ ਦਿੱਤੀ ਹੋਈ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ’ਤੇ ਝੂਠੇ ਦੋਸ਼ ਲਗਾਉਣ ਵਾਲੇ ਰਾਣਾ, ਜੋ ਕਿ ਇਕ ਸਥਾਨਕ ਟਰਾਂਸਪੋਰਟਰ ਹਨ, ਨੂੰ ਸਰਕਾਰੀ ਅਨਾਜ ਚੋਰੀ ਕਰਦਿਆਂ ਵੀਡੀਓ ਵਿਚ ਕੈਦ ਕੀਤਾ ਗਿਆ ਸੀ ਅਤੇ ਮੇਰੇ (ਖਹਿਰਾ ਦੇ) ਵੱਲੋਂ ਉਸ ਦੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਭ੍ਰਿਸ਼ਟਾਚਾਰ ਨਿਰੋਧਕ ਹੈਲਪਲਾਈਨ ’ਤੇ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮੀਡੀਆ ਨੂੰ ਚਾਹੀਦਾ ਹੈ ਕਿ ਉਹ ਦੋਸ਼ ਲਗਾਉਣ ਵਾਲੇ ਰਾਣਾ ਤੋਂ ਸਬੂਤ ਮੰਗਣ, ਜਿਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Anuradha

Content Editor

Related News