ਵੈਸਟ ਵਿਧਾਨ ਸਭਾ ਹਲਕੇ ਲਈ ਨਿਗਮ ਵੱਲੋਂ ਲਾਏ ਗਏ ਕਰੋੜਾਂ ਦੇ ਟੈਂਡਰਾਂ ’ਚ ਫਿਰ ਸਾਹਮਣੇ ਆਈ ਗੜਬੜੀ
Wednesday, Sep 10, 2025 - 11:30 AM (IST)

ਜਲੰਧਰ (ਖੁਰਾਣਾ)–ਕੈਬਨਿਟ ਮੰਤਰੀ ਮੋਹਿੰਦਰ ਭਗਤ ਜਿਸ ਹਲਕੇ ਦੀ ਪ੍ਰਤੀਨਿਧਤਾ ਕਰਦੇ ਹਨ, ਉਸ ਜਲੰਧਰ ਵੈਸਟ ਵਿਧਾਨ ਸਭਾ ਹਲਕੇ ਵਿਚ ਨਗਰ ਨਿਗਮ ਦੀ ਟੈਂਡਰ ਪ੍ਰਕਿਰਿਆ ’ਤੇ ਇਕ ਵਾਰ ਫਿਰ ਸਵਾਲ ਉੱਠ ਖੜ੍ਹੇ ਹੋਏ ਹਨ। ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨਾਲ ਜੁੜੇ ਟੈਂਡਰਾਂ ਵਿਚ ਦੋਬਾਰਾ ਤੋਂ ਗੜਬੜੀ ਦਾ ਸ਼ੱਕ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਕੁਝ ਹਫਤੇ ਪਹਿਲਾਂ ਨਿਗਮ ਦੇ ਠੇਕੇਦਾਰਾਂ ਵੱਲੋਂ ਵੈਸਟ ਹਲਕੇ ਦੇ ਟੈਂਡਰ ਭਰਦੇ ਸਮੇਂ ਆਪਸੀ ਪੂਲਿੰਗ ਅਤੇ ਫਿਕਸਿੰਗ ਕਰ ਕੇ ਟੈਂਡਰ ਬਹੁਤ ਘੱਟ ਡਿਸਕਾਊਂਟ ’ਤੇ ਭਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਦਾ ਖ਼ੁਲਾਸਾ ‘ਪੰਜਾਬ ਕੇਸਰੀ’ ਨੇ ਕੀਤਾ ਸੀ। ਉਸ ਸਮੇਂ ਨਿਗਮ ਦਾ ਕਰੋੜਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ ਸੀ। ਉਸ ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਪਰ ਅਜੇ ਤਕ ਜ਼ਿੰਮੇਵਾਰਾਂ ’ਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਉਸ ਵੈਸਟ ਵਿਧਾਨ ਸਭਾ ਹਲਕੇ ਵਿਚ ਲੱਗੇ ਨਵੇਂ ਟੈਂਡਰਾਂ ’ਤੇ ਵੀ ਗੜਬੜੀ ਦਾ ਪ੍ਰਛਾਵਾਂ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਜਲੰਧਰ ਸੈਂਟਰਲ ਹਲਕੇ ਦੀ ਜ਼ਿਮਨੀ ਚੋਣ ਨੂੰ ਲੈ ਕੇ ਛਿੜੀ ਚਰਚਾ
ਆਫਿਸ ਜਾਂ ਘਰ ਬੈਠ ਕੇ ਹੀ ਤਿਆਰ ਕਰ ਦਿੱਤੇ ਗਏ ਐਸਟੀਮੇਟ
ਜਲੰਧਰ ਨਿਗਮ ਨੇ ਹਾਲ ਹੀ ਵਿਚ ਐੱਨ. ਆਈ. ਟੀ. ਨੰਬਰ 2025-26/18 ਜਾਰੀ ਕੀਤੀ ਹੈ, ਜਿਸ ਦੇ ਟੈਂਡਰ 15 ਸਤੰਬਰ ਨੂੰ ਖੋਲ੍ਹੇ ਜਾਣੇ ਹਨ। ਇਸ ਐੱਨ. ਆਈ. ਟੀ. ਵਿਚ ਵੈਸਟ ਵਿਧਾਨ ਸਭਾ ਹਲਕੇ ਦੇ 11 ਵੱਖ-ਵੱਖ ਵਾਰਡਾਂ ਦੀ ਸਾਲਾਨਾ ਮੇਨਟੀਨੈਂਸ ਆਫ਼ ਪਾਵਰਸ, ਰੋਡਸ ਅਤੇ ਡ੍ਰੇਨਸ ਦੇ ਟੈਂਡਰ ਸ਼ਾਮਲ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਾਰੇ 11 ਐਸਟੀਮੇਟ ਇਕ ਹੀ ਰਾਸ਼ੀ ਯਾਨੀ 9.94 ਲੱਖ ਰੁਪਏ ਦੇ ਬਣਾਏ ਗਏ ਹਨ।
ਆਮ ਤੌਰ ’ਤੇ ਮੇਨਟੀਨੈਂਸ ਸਬੰਧੀ ਐਸਟੀਮੇਟ ਤਿਆਰ ਕਰਨ ਤੋਂ ਪਹਿਲਾਂ ਸਬੰਧਤ ਨਿਗਮ ਅਧਿਕਾਰੀ ਇਸ ਵਾਰਡ ਵਿਚ ਜਾ ਕੇ ਹੋਣ ਵਾਲੇ ਕੰਮਾਂ ਦੀ ਡਿਟੇਲ ਬਣਾਉਂਦੇ ਹਨ। ਉਨ੍ਹਾਂ ਕੰਮਾਂ ਦੀ ਪੈਮਾਇਸ਼ ਹੁੰਦੀ ਹੈ ਅਤੇ ਰੇਟ ਤੈਅ ਕੀਤੇ ਜਾਂਦੇ ਹਨ ਪਰ ਇਸ ਮਾਮਲੇ ਵਿਚ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਆਫਿਸ ਜਾਂ ਘਰ ਵਿਚ ਬੈਠੇ-ਬੈਠੇ ਹੀ ਸਾਰੇ ਐਸਟੀਮੇਟ ਬਣਾ ਦਿੱਤੇ ਗਏ। ਸਵਾਲ ਉੱਠ ਰਿਹਾ ਹੈ ਕਿ ਇਹ ਇਕੋ ਜਿਹੀ ਰਾਸ਼ੀ ਕਿੱਥੋਂ ਅਤੇ ਕਿਸ ਆਧਾਰ ’ਤੇ ਤੈਅ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਛੁੱਟੀਆਂ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ
ਸ਼ਿਕਾਇਤ ਵਿਜੀਲੈਂਸ ਅਤੇ ਲੋਕਲ ਬਾਡੀਜ਼ ਅਧਿਕਾਰੀਆਂ ਤਕ ਪਹੁੰਚੀ
ਵੈਸਟ ਹਲਕੇ ਦੇ ਟੈਂਡਰਾਂ ਵਿਚ ਇਸ ਨਵੀਂ ਗੜਬੜੀ ਸਬੰਧੀ ਸ਼ਿਕਾਇਤ ਸਟੇਟ ਵਿਜੀਲੈਂਸ, ਚੀਫ ਵਿਜੀਲੈਂਸ ਆਫਿਸਰ ਅਤੇ ਲੋਕਲ ਬਾਡੀਜ਼ ਵਿਭਾਗ ਦੇ ਉੱਚ ਅਧਿਕਾਰੀਆਂ ਤਕ ਪਹੁੰਚ ਚੁੱਕੀ ਹੈ। ਨਿਗਮ ਪ੍ਰਸ਼ਾਸਨ ਤੋਂ ਰਿਪੋਰਟ ਵੀ ਤਲਬ ਕੀਤੀ ਗਈ ਹੈ। ਫਿਲਹਾਲ ਨਿਗਮ ਕਮਿਸ਼ਨਰ ਨੇ ਜਾਂਚ ਦਾ ਜ਼ਿੰਮਾ ਜੁਆਇੰਟ ਕਮਿਸ਼ਨਰ ਨੂੰ ਸੌਪਿਆ ਹੈ, ਜਿਨ੍ਹਾਂ ਨੇ ਐੱਸ. ਈ. ਨੂੰ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਪਰ ਹੁਣ ਤਕ ਐਸਟੀਮੇਟ ਤਿਆਰ ਕਰਨ ਵਾਲੇ ਸਬੰਧਤ ਅਧਿਕਾਰੀ ਨੇ ਉੱਚ ਅਧਿਕਾਰੀਆਂ ਨੂੰ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ।
ਵੈਸਟ ਦੇ ਇਨ੍ਹਾਂ ਵਾਰਡਾਂ ਦੇ ਐਸਟੀਮੇਟ ਇਕੋ ਜਿਹੇ ਬਣੇ
ਵਾਰਡ ਨੰਬਰ 40, 41, 42, 43, 44, 45, 46, 47, 51, 52 ਅਤੇ 54 ਦੇ ਲਈ ਸਾਰੇ ਐਸਟੀਮੇਟ 9.94 ਲੱਖ ਰੁਪਏ ਦੇ ਤਿਆਰ ਕੀਤੇ ਗਏ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵੱਖ-ਵੱਖ ਵਾਰਡਾਂ ਵਿਚ ਕੰਮ ਅਤੇ ਪੈਮਾਇਸ਼ ਵੱਖ-ਵੱਖ ਹੁੰਦੇ ਹਨ। ਅਜਿਹੇ ਵਿਚ ਸਾਰੇ ਐਸਟੀਮੇਟਾਂ ਦਾ ਇਕੋ ਜਿਹੀ ਰਾਸ਼ੀ ’ਤੇ ਹੋਣਾ ਗੰਭੀਰ ਸਵਾਲ ਖੜ੍ਹੇ ਕਰਦਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਵੱਧ ਰਹੇ ਹੜ੍ਹਾਂ ਦੇ ਖ਼ਤਰੇ ਨੂੰ ਲੈ ਕੇ ਵੱਡਾ ਖ਼ੁਲਾਸਾ ! ਐਡਵਾਈਜ਼ਰੀ ਜਾਰੀ
ਐੱਫ਼. ਐਂਡ ਸੀ. ਸੀ. ’ਚ ਪਹੁੰਚਿਆ ਪੂਲਿੰਗ ਅਤੇ ਫਿਕਸਿੰਗ ਦਾ ਮਾਮਲਾ
ਵੈਸਟ ਵਿਧਾਨ ਸਭਾ ਹਲਕੇ ਦੇ ਪਿਛਲੇ ਪੂਲਿੰਗ ਅਤੇ ਫਿਕਸਿੰਗ ਵਾਲੇ ਟੈਂਡਰ ਦਾ ਮਾਮਲਾ ਹੁਣ ਐੱਫ. ਐਂਡ ਸੀ. ਸੀ. ਨੂੰ ਰੈਫਰ ਕੀਤਾ ਗਿਆ ਹੈ। 12 ਸਤੰਬਰ ਨੂੰ ਮੇਅਰ ਵਨੀਤ ਧੀਰ ਦੀ ਪ੍ਰਧਾਨਗੀ ਵਿਚ ਮੀਟਿੰਗ ਵਿਚ ਇਸ ’ਤੇ ਚਰਚਾ ਹੋਵੇਗੀ। ਜਾਣਕਾਰੀ ਮਿਲੀ ਹੈ ਕਿ ਪਹਿਲਾਂ ਮਹਿਜ਼ 2-3 ਫੀਸਦੀ ਡਿਸਕਾਊਂਟ ਆਫਰ ਕਰਨ ਵਾਲੇ ਠੇਕੇਦਾਰ ਹੁਣ ਨਿਗਮ ਨਾਲ ਗੱਲਬਾਤ ਕਰਕੇ ਡਿਸਕਾਊਂਟ ਵਧਾਉਣ ’ਤੇ ਰਾਜ਼ੀ ਹੋ ਗਏ ਹਨ। ਐੱਫ਼. ਐਂਡ ਸੀ. ਸੀ. ਦੀ ਕੋਸ਼ਿਸ਼ ਹੋਵੇਗੀ ਕਿ ਜਿਸ ਤਰ੍ਹਾਂ ਦੇ ਕੰਮਾਂ ਵਿਚ ਹੋਰ ਠੇਕੇਦਾਰਾਂ ਨੇ ਵੱਧ ਤੋਂ ਵੱਧ ਡਿਸਕਾਊਂਟ ਦਿੱਤਾ ਹੈ, ਪੂਲ ਵਾਲੇ ਠੇਕੇਦਾਰ ਵੀ ਉਹੀ ਡਿਸਕਾਊਂਟ ਸਵੀਕਾਰ ਕਰਨ। ਉਦਾਹਰਣ ਦੇ ਤੌਰ ’ਤੇ ਜੇਕਰ ਸੀ. ਸੀ. ਫਲੋਰਿੰਗ ਦਾ ਕੰਮ ਕਿਸੇ ਠੇਕੇਦਾਰ ਨੇ 2 ਫ਼ੀਸਦੀ ’ਤੇ ਲਿਆ ਹੈ ਅਤੇ ਦੂਜਾ ਠੇਕੇਦਾਰ ਉਹੀ ਕੰਮ 38 ਫੀਸਦੀ ਡਿਸਕਾਊਂਟ ’ਤੇ ਕਰਨ ਨੂੰ ਤਿਆਰ ਹੈ ਤਾਂ ਐੱਫ਼. ਐਂਡ ਸੀ. ਸੀ. ਦਬਾਅ ਬਣਾਏਗੀ ਕਿ ਪਹਿਲਾ ਠੇਕੇਦਾਰ ਵੀ 38 ਫ਼ੀਸਦੀ ’ਤੇ ਉਹੀ ਕੰਮ ਕਰਨ ਨੂੰ ਤਿਆਰ ਹੋਵੇ। ਹੁਣ ਨਜ਼ਰਾਂ ਇਸ ਮੀਟਿੰਗ ਦੇ ਫ਼ੈਸਲੇ ’ਤੇ ਟਿਕੀਆਂ ਹਨ।
ਇਹ ਵੀ ਪੜ੍ਹੋ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ! ਕੁੜੀ ਨੇ ਲਾਇਆ ਮੌਤ ਨੂੰ ਗਲੇ, ਇਸ ਹਾਲ 'ਚ ਲਾਸ਼ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e