ਸੁਸ਼ੀਲ ਰਿੰਕੂ ਤੋਂ ਬਾਅਦ ਹੁਣ ਨਵਾਂ ਦਾਅ ਖੇਡਣ ਦੀ ਤਿਆਰੀ 'ਚ 'ਆਪ'
Friday, Apr 07, 2023 - 10:50 AM (IST)
ਜਲੰਧਰ (ਧਵਨ) : ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਕਾਂਗਰਸ ਨਾਲੋਂ ਤੋੜ ਕੇ ਬੀਤੇ ਦਿਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨ ਤੋਂ ਬਾਅਦ ਹੁਣ ਪਾਰਟੀ ਲੀਡਰਸ਼ਿਪ ਦੀਆਂ ਨਜ਼ਰਾਂ ਕੁਝ ਹੋਰ ਨੇਤਾਵਾਂ ’ਤੇ ਟਿਕੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਲੋਕ ਸਭਾ ਸੀਟ ਦੀ ਉਪ-ਚੋਣ ਨੂੰ ਲੈ ਕੇ ਕੋਈ ਵੀ ਜੋਖਮ ਮੁੱਲ ਨਹੀਂ ਲੈਣਾ ਚਾਹੁੰਦੇ। ਇਸ ਲਈ ਉਨ੍ਹਾਂ ਸੁਸ਼ੀਲ ਰਿੰਕੂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਹੋਰ ਪਾਰਟੀਆਂ ਨੂੰ ਝਟਕਾ ਦਿੱਤਾ ਗਿਆ। ਹੁਣ ਪਾਰਟੀ ਲੀਡਰਸ਼ਿਪ ਇਸ ਗੱਲ ਦਾ ਅਨੁਮਾਨ ਲਾ ਰਹੀ ਹੈ ਕਿ ਜਲੰਧਰ ਸੀਟ ਨੂੰ ਜਿੱਤਣ ਲਈ ਉਸ ਨੂੰ ਹੋਰ ਕਿਨ੍ਹਾਂ-ਕਿਨ੍ਹਾਂ ਨੇਤਾਵਾਂ ਦੀ ਲੋੜ ਪੈ ਸਕਦੀ ਹੈ।
ਇਹ ਵੀ ਪੜ੍ਹੋ- ਬਠਿੰਡਾ ਦੇ AIIMS ਹਸਪਤਾਲ 'ਚ ਹੰਗਾਮਾ, ਸਟਾਫ਼ ਨੇ ਮੇਨ ਗੇਟ 'ਤੇ ਜੜਿਆ ਜਿੰਦਾ
‘ਆਪ’ ਲੀਡਰਸ਼ਿਪ ਨੂੰ ਇਸ ਗੱਲ ਦਾ ਪਤਾ ਹੈ ਕਿ ਚੋਣ ਜਿੱਤਣ ਲਈ ਉਸ ਨੂੰ ਕੁਝ ਚੰਗੇ ਚਿਹਰਿਆਂ ਦੀ ਹੋਰ ਲੋੜ ਪਵੇਗੀ। ਇਸ ਲਈ ਕਾਂਗਰਸ ਦੇ ਇਕ ਹੋਰ ਵਿਧਾਇਕ ਵੱਲ ਵੀ ਵੇਖਿਆ ਜਾ ਰਿਹਾ ਹੈ। ਇਸੇ ਤਰ੍ਹਾਂ ਸ਼ਹਿਰੀ ਖੇਤਰ ਵਿਚ ਕਾਂਗਰਸ ਦੇ ਕੁਝ ਨੇਤਾਵਾਂ ਨੂੰ ‘ਆਪ’ ਵਿਚ ਲਿਆਉਣ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਤੇ ਇਸ ਤੋਂ ਇਲਾਵਾ ਅਕਾਲੀ ਦਲ ਵੱਲ ਵੀ ਵੇਖਿਆ ਜਾ ਰਿਹਾ ਹੈ। ‘ਆਪ’ ਲੀਡਰਸ਼ਿਪ ਸਿਰਫ਼ ਉਨ੍ਹਾਂ ਨੇਤਾਵਾਂ ਨੂੰ ਪਾਰਟੀ ਵਿਚ ਲਿਆਉਣਾ ਚਾਹੁੰਦੀ ਹੈ ਜਿਨ੍ਹਾਂ ਦਾ ਜਨਤਾ ’ਤੇ ਅਸਰ ਹੋਵੇਗਾ ਅਤੇ ਜਿਨ੍ਹਾਂ ਦਾ ਅਕਸ ਚੰਗਾ ਹੋਵੇਗਾ।
ਇਹ ਵੀ ਪੜ੍ਹੋ- ਸਮਰਾਲਾ 'ਚ ਸਨਸਨੀਖੇਜ਼ ਵਾਰਦਾਤ, ਨਸ਼ੇੜੀ ਨੇ ਕੁਹਾੜੀ ਨਾਲ ਵੱਢੀ ਪਤਨੀ ਤੇ ਨਾਬਾਲਗ ਪੁੱਤ
ਮੁੱਖ ਮੰਤਰੀ ਮਾਨ ਨੇ ਜਲੰਧਰ ਉਪ-ਚੋਣ ਦੀ ਵਾਗਡੋਰ ਆਪ ਸੰਭਾਲ ਲਈ ਹੈ ਅਤੇ ਉਹ ਸਾਰੇ ਨੇਤਾਵਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ। ਸੰਗਰੂਰ ’ਚ ਪਿਛਲੇ ਸਾਲ ਲੋਕ ਸਭਾ ਸੀਟ ’ਤੇ ਮਿਲੀ ਹਾਰ ਤੋਂ ਬਾਅਦ ਇਸ ਵਾਰ ਭਗਵੰਤ ਮਾਨ ਤੇ ‘ਆਪ’ ਦੀ ਕੌਮੀ ਲੀਡਰਸ਼ਿਪ ਬਹੁਤ ਸਾਵਧਾਨੀ ਨਾਲ ਕਦਮ ਅੱਗੇ ਵਧਾ ਰਹੀ ਹੈ। ਸੁਸ਼ੀਲ ਰਿੰਕੂ ਕਿਉਂਕਿ ਕਾਂਗਰਸ ਵਿਚੋਂ ਆਏ ਹਨ, ਇਸ ਲਈ ਉਹ ਵੀ ਆਉਣ ਵਾਲੇ ਦਿਨਾਂ ਵਿਚ ਕਾਂਗਰਸ ’ਚੋਂ ਕੁਝ ਨੇਤਾਵਾਂ ਨੂੰ ‘ਆਪ’ ਵਿਚ ਲਿਆਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਦੇ ਨਾਲ ਵੀ ਕਾਂਗਰਸ ਦੇ ਕਈ ਕੌਂਸਲਰ ਅਤੇ ਨੇਤਾ ਜੁੜੇ ਰਹੇ ਹਨ। ਇਨ੍ਹਾਂ ਨੇਤਾਵਾਂ ’ਤੇ ਰਿੰਕੂ ਦਾ ਅਸਰ ਹੈ। ਅਜੇ ਕਿਉਂਕਿ ਉਪ-ਚੋਣ ਵਿਚ ਕੁਝ ਸਮਾਂ ਬਾਕੀ ਹੈ, ਇਸ ਲਈ ਹੌਲੀ-ਹੌਲੀ ਹੋਰ ਨੇਤਾਵਾਂ ਨੂੰ ਹੋਰ ਪਾਰਟੀਆਂ ਨਾਲੋਂ ਤੋੜਿਆ ਜਾਵੇਗਾ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।