ਜਲੰਧਰ ਜ਼ਿਮਨੀ ਚੋਣ ਜਿੱਤਣ ਮਗਰੋਂ ਐਕਸ਼ਨ 'ਚ 'ਆਪ', ਹੁਣ ਇਕ ਹੋਰ ਕਿਲ੍ਹਾ ਫਤਿਹ ਕਰਨ ਦੀ ਤਿਆਰੀ
Tuesday, May 16, 2023 - 05:15 PM (IST)
 
            
            ਲੁਧਿਆਣਾ (ਹਿਤੇਸ਼) : ਜਲੰਧਰ ਲੋਕ ਸਭਾ ਉਪ ਚੋਣ ’ਚ ਜਿੱਤ ਦਰਜ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਵਲੋਂ ਨਗਰ ਨਿਗਮ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਲਈ 19 ਮਈ ਨੂੰ ਮੀਟਿੰਗ ਬੁਲਾਈ ਗਈ ਹੈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਨਗਰ ਨਿਗਮ ਦੇ ਜਨਰਲ ਹਾਊਸ ਦਾ ਕਾਰਜਕਾਲ 25 ਮਾਰਚ ਨੂੰ ਪੂਰਾ ਹੋ ਗਿਆ ਸੀ ਪਰ ਹੁਣ ਤੱਕ ਨਗਰ ਨਿਗਮ ਚੋਣ ਕਰਵਾਉਣ ਲਈ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ, ਜਿਸ ਦੇ ਲਈ ਚਾਹੇ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਨਾ ਹੋਣ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਆਮ ਆਦਮੀ ਪਾਰਟੀ ਵਲੋਂ ਪਹਿਲਾਂ ਜਲੰਧਰ ਲੋਕ ਸਭਾ ਉਪ ਚੋਣ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਮੰਡੀ ਗੋਬਿੰਦਗੜ੍ਹ 'ਚ ਸੈਕਸ ਰੈਕੇਟ ਦਾ ਪਰਦਾਫਾਸ਼, ਜੋੜੇ ਨੇ 17 ਸਾਲਾ ਕੁੜੀ ਦੇ ਕਰਵਾਏ 18 ਵਿਆਹ
ਹੁਣ ਜਿੱਤ ਹਾਸਲ ਕਰਨ ਤੋਂ ਉਤਸ਼ਾਹਿਤ ਆਮ ਆਦਮੀ ਪਾਰਟੀ ਦੇ ਨੇਤਾਵਾਂ ਵਲੋਂ ਨਗਰ ਨਿਗਮ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜਿਸ ਦੇ ਸੰਕੇਤ ਲੋਕਲ ਬਾਡੀਜ਼ ਵਿਭਾਗ ਵਲੋਂ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਲਈ 19 ਮਈ ਨੂੰ ਮੀਟਿੰਗ ’ਚ ਮਿਲ ਰਹੇ ਹਨ।
ਸਰਕਾਰ ਨੇ ਦੇਰ ਲਈ ਨਗਰ ਨਿਗਮ ’ਤੇ ਭੰਨ੍ਹਿਆ ਠੀਕਰਾ
ਲੋਕਲ ਬਾਡੀਜ਼ ਵਿਭਾਗ ਵਲੋਂ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਲਈ ਨੋਟਿਸ ਪਿਛਲੇ ਸਾਲ ਜੂਨ ’ਚ ਜਾਰੀ ਕੀਤਾ ਗਿਆ ਸੀ ਅਤੇ ਇਹ ਕੰਮ ਇਕ ਹਫ਼ਤੇ ਦੇ ਅੰਦਰ ਪੂਰਾ ਕਰਨ ਦੀ ਡੈੱਡਲਾਈਨ ਫਿਕਸ ਕੀਤੀ ਗਈ ਸੀ ਪਰ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਦਾ ਕੰਮ ਹੁਣ ਤੱਕ ਅੱਧ-ਵਿਚਾਲੇ ਲਟਕਿਆ ਹੋਇਆ ਹੈ, ਜਿਸ ਦਾ ਕਾਰਨ ਇਹ ਹੈ ਕਿ ਪਹਿਲਾਂ ਆਬਾਦੀ ਦਾ ਅੰਕੜਾ ਜੁਟਾਉਣ ਲਈ ਡੋਰ-ਟੂ-ਡੋਰ ਸਰਵੇ ਕਰਨ ਦਾ ਕੰਮ ਪੂਰਾ ਕਰਨ ’ਚ ਹੀ ਕਾਫ਼ੀ ਸਮਾਂ ਲੱਗ ਗਿਆ।
ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਬਾੜੇਵਾਲੀਆ ਦੇ ਕਤਲ ਕੇਸ ’ਚ ਨਵਾਂ ਮੋੜ, ਵਾਇਰਲ ਵੀਡੀਓ 'ਚ ਹੈਰਾਨੀਜਨਕ ਖ਼ੁਲਾਸੇ
ਹੁਣ ਵਾਰਡਾਂ ਦੀ ਬਾਊਂਡਰੀ ’ਚ ਬਦਲਾਅ ਕਰਨ ਦਾ ਕੰਮ ਕਾਫ਼ੀ ਦੇਰ ਪਹਿਲਾਂ ਪੂਰਾ ਹੋ ਗਿਆ ਹੈ ਪਰ ਵਾਰਡਾਂ ਦੀ ਨੰਬਰਿੰਗ ਅਤੇ ਰਿਜ਼ਰਵੇਸ਼ਨ ਸਬੰਧੀ ਵਿਧਾਇਕਾਂ ’ਚ ਸਹਿਮਤੀ ਨਾ ਬਣਨ ਕਾਰਨ ਪੇਚ ਫਸਿਆ ਹੋਇਆ ਹੈ। ਇਸ ਕਾਰਨ ਚੰਡੀਗੜ੍ਹ ਵਿਚ ਹੋਣ ਵਾਲੀਆਂ ਮੀਟਿੰਗਾਂ ਨੂੰ ਇਕ ਤੋਂ ਬਾਅਦ ਇਕ ਕਰ ਕੇ 5 ਵਾਰ ਰੱਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ’ਚ ਹੋ ਰਹੀ ਦੇਰ ਦਾ ਠੀਕਰਾ ਸਰਕਾਰ ਵਲੋਂ ਨਗਰ ਨਗਮ ਸਿਰ ਭੰਨ੍ਹ ਦਿੱਤਾ ਹੈ।
ਇਹ ਵੀ ਪੜ੍ਹੋ : ਜ਼ਿਮਨੀ ਚੋਣ ਜਿੱਤਣ ਮਗਰੋਂ ਹੁਣ ਇਹ ਹੋਵੇਗਾ ‘ਆਪ’ ਦਾ ਅਗਲਾ ਨਿਸ਼ਾਨਾ, ਲੀਡਰਸ਼ਿਪ ਲਈ ਵੱਡੀ ਚੁਣੌਤੀ
ਵਿਧਾਇਕਾਂ ਦੇ ਵਿਰੋਧ ਕਾਰਨ ਸਾਬਕਾ ਕੌਂਸਲਰਾਂ ਨੂੰ ਨਹੀਂ ਮਿਲੇਗੀ ਐਂਟਰੀ
ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਲਈ ਸਰਕਾਰ ਵਲੋਂ ਬਣਾਈ ਕਮੇਟੀ ’ਚ ਮੇਅਰ, ਕਮਿਸ਼ਨਰ, ਡੀ. ਸੀ., ਏ. ਡੀ. ਸੀ., ਵਧੀਕ ਕਮਿਸ਼ਨਰ, ਜੁਆਇੰਟ ਕਮਿਸ਼ਨਰ ਤੋਂ ਇਲਾਵਾ ਕੌਂਸਲਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਪਰ 25 ਮਾਰਚ ਨੂੰ ਨਗਰ ਨਿਗਮ ਦੇ ਜਨਰਲ ਹਾਊਸ ਦੇ ਨਾਲ ਕੌਂਸਲਰਾਂ ਦਾ ਕਾਰਜਕਾਲ ਵੀ ਪੂਰਾ ਹੋ ਗਿਆ ਹੈ। ਹਾਲਾਂਕਿ ਉਸ ਤੋਂ ਬਾਅਦ ਬੁਲਾਈ ਗਈ ਬੈਠਕ ’ਚ ਸਿਆਸੀ ਪਾਰਟੀਆਂ ਦੇ ਮੈਂਬਰਾਂ ਦੇ ਰੂਪ ’ਚ ਸ਼ਾਮਲ ਹੋਣ ਲਈ ਕੌਂਸਲਰਾਂ ਨੂੰ ਸੱਦਾ ਦਿੱਤਾ ਗਿਆ ਸੀ, ਜਿਸ ਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਵਿਰੋਧ ਕੀਤਾ ਗਿਆ ਸੀ। ਇਸ ਦੇ ਮੱਦੇਨਜ਼ਰ 19 ਮਈ ਨੂੰ ਹੋਣ ਵਾਲੀ ਮੀਟਿੰਗ ਲਈ ਜਾਰੀ ਨੋਟਿਸ ’ਚ ਸਾਬਕਾ ਕੌਂਸਲਰਾਂ ਨੂੰ ਬੁਲਾਉਣ ਦਾ ਜ਼ਿਕਰ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਵਾਪਰੀ ਘਟਨਾ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਤਿੱਖਾ ਪ੍ਰਤੀਕਰਮ
ਹੁਣ ਇਹ ਅਪਣਾਈ ਜਾਵੇਗੀ ਪ੍ਰਕਿਰਿਆ
ਜੇਕਰ 19 ਮਈ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਵਾਰਡਾਂ ਦੀ ਬਾਊਂਡਰੀ ’ਚ ਬਦਲਾਅ ਕਰਨ ਤੋਂ ਇਲਾਵਾ ਵਾਰਡਾਂ ਦੀ ਨੰਬਰਿੰਗ ਅਤੇ ਰਿਜ਼ਰਵੇਸ਼ਨ ਨੂੰ ਲੈ ਕੇ ਵਿਧਾਇਕਾਂ ’ਚ ਸਹਿਮਤੀ ਬਣ ਗਈ ਤਾਂ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਤੋਂ ਪਹਿਲਾਂ ਪਬਲਿਕ ਤੋਂ ਇਤਰਾਜ਼ ਮੰਗਣੇ ਜ਼ਰੂਰੀ ਹਨ, ਜਿਸ ਦੇ ਲਈ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕਰਨ ਦੀ ਵਿਵਸਥਾ ਹੈ ਅਤੇ ਲੋਕਾਂ ਦੇ ਸੁਝਾਅ ਮੁਤਾਬਕ ਫ਼ੈਸਲਾ ਲੈਣ ਤੋਂ ਬਾਅਦ ਫਾਈਨਲ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            