ਤਨਖਾਹਾਂ ਨਾ ਵਧਾ ਕੇ ‘ਆਪ’ ਸਰਕਾਰ ਨੇ ਕੀਤਾ ਧੋਖਾ, ਪੰਜਾਬ ’ਚ ਅਧਿਆਪਕਾਂ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ
Friday, Apr 15, 2022 - 11:46 AM (IST)
ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) : ਪੰਜਾਬ ਦੇ 13 ਹਜ਼ਾਰ ਦੇ ਕਰੀਬ ਈ. ਜੀ. ਐੱਸ. ਅਧਿਆਪਕਾਂ ਨੇ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਕੇ ਅਧਿਆਪਕਾਂ ਦੀਆਂ ਤਨਖਾਹਾਂ ਵਧਾਉਣ ਦੀ ਮੰਗ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਕਨਵੀਨਰ ਸੁਖਚੈਨ ਸਿੰਘ ਨੇ ਕਿਹਾ ਕਿ ਪੰਜਾਬ ’ਚ 13 ਹਜ਼ਾਰ ਦੇ ਕਰੀਬ ਈ. ਜੀ. ਐੱਸ. ਅਧਿਆਪਕ ਪਿਛਲੇ 18 ਸਾਲਾਂ ਤੋਂ 6 ਹਜ਼ਾਰ ਰੁਪਏ ਦੀ ਮਾਮੂਲੀ ਤਨਖਾਹ ’ਤੇ ਕੰਮ ਕਰ ਰਹੇ ਹਨ। ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਨ੍ਹਾਂ ਅਧਿਆਪਕਾਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ। ਅੱਜ ਦੇ ਮਹਿੰਗਾਈ ਦੇ ਯੁੱਗ ’ਚ ਇਕ ਮਜ਼ਦੂਰ ਵੀ ਹਰ ਮਹੀਨੇ 500 ਰੁਪਏ ਦੀ ਦਿਹਾੜੀ ਕਰ ਕੇ 15000 ਰੁਪਏ ਮਹੀਨਾ ਕਮਾ ਲੈਂਦਾ ਹੈ। ਇਹ ਅਧਿਆਪਕ ਤਾਂ ਪੜ੍ਹੇ ਲਿਖੇ ਹਨ।
ਇਹ ਵੀ ਪੜ੍ਹੋ : ਸ਼ਰਾਬ ਛੁਡਵਾਉਣ ਆਏ ਮਰੀਜ਼ ਦੀ ਹੋਈ ਮੌਤ, ਪਰਿਵਾਰ ਨੇ ਡਾਕਟਰਾਂ ’ਤੇ ਲਗਾਏ ਗਲਤ ਦਵਾਈ ਦੇਣ ਦੇ ਦੋਸ਼
ਅਧਿਆਪਕਾਂ ਨੇ ਦੱਸਿਆ ਕਿ ‘ਆਪ’ ਪਾਰਟੀ ਨੂੰ ਵੋਟਾਂ ਪਾਈਆਂ ਸਨ ਕਿ ਸਰਕਾਰ ਆਉਣ ’ਤੇ ‘ਆਪ’ ਦੀ ਸਰਕਾਰ ਸਾਡੀ ਗੱਲ ਸੁਣੇਗੀ। ਸਾਡੀਆਂ ਸਟੇਜਾਂ ’ਤੇ ਵੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਪਹਿਲੀ ਕੈਬਨਿਟ ਬੈਠਕ ’ਚ ਹੀ ਦਿੱਲੀ ਦੀ ਤਰਜ਼ ’ਤੇ ਤੁਹਾਡੀਆਂ ਤਨਖਾਹਾਂ 36, 000 ਰੁਪਏ ਮਹੀਨਾ ਕਰ ਦਿੱਤੀਆਂ ਜਾਣਗੀਆਂ। ਕੈਬਨਿਟ ਦੀਆਂ ਬੈਠਕਾਂ ਵੀ ਹੋ ਗਈਆਂ ਪਰ ਸਾਡੀਆਂ ਤਨਖਾਹਾਂ ਨਹੀਂ ਵਧਾਈਆਂ ਗਈਆਂ। ਸਾਡਾ ਹੁਣ ‘ਆਪ’ ਦੀ ਸਰਕਾਰ ਤੋਂ ਭਰੋਸਾ ਟੁੱਟ ਗਿਆ ਹੈ। ਅਸੀਂ ਇਸ ਸਬੰਧ ’ਚ ਸਿੱਖਿਆ ਮੰਤਰੀ ਸਮੇਤ ਪੰਜਾਬ ਦੇ ਮੰਤਰੀਆਂ ਨੂੰ ਵੀ ਮਿਲ ਚੁੱਕੇ ਹਾਂ ਪਰ ਸਾਡੀ ਕਿਸੇ ਨੇ ਵੀ ਸਾਰ ਨਹੀਂ ਲਈ। ਸਾਡੀ ਇਕ ਅਧਿਆਪਕਾ ਨੇ ‘ਆਪ’ ਨੂੰ ਵੋਟਾਂ ਪਾਉਣ ਲਈ ਸਟੇਜਾਂ ਤੋਂ ਐਲਾਨ ਕੀਤਾ ਸੀ ਕਿ ‘ਆਪ’ ਪਾਰਟੀ ਦੀ ਸਰਕਾਰ ਬਣਨ ਮਗਰੋਂ ਅਧਿਆਪਕਾਂ ਦੀਆਂ ਤਨਖਾਹਾਂ ਵਧ ਜਾਣਗੀਆਂ ਪਰ ਤਨਖਾਹਾਂ ਨਹੀਂ ਵਧੀਆਂ। ਇਸ ਲਈ ਉਸਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਾਡੀ ਮੰਗ ਹੈ ਕਿ ਉਸਦਾ ਅਸਤੀਫਾ ਸਵੀਕਾਰ ਨਾ ਕੀਤਾ ਜਾਵੇ ਅਤੇ ਸਾਡੀਆਂ ਤਨਖਾਹਾਂ ਵਧਾਈਆਂ ਜਾਣ। ਨਹੀਂ ਤਾਂ ਸਾਡੇ ਵੱਲੋਂ ਖੁੱਲ੍ਹੇ ਤੌਰ ’ਤੇ ਪੂਰੇ ਪੰਜਾਬ ’ਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ , ਜਿਸਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਗੁਰਜੀਤ ਸਿੰਘ ਉੱਗੋਕੇ ਤੇ ਸਰਬਜੀਤ ਕੌਰ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਅਧਿਆਪਕ ਹਾਜ਼ਰ ਸਨ।
ਇਹ ਵੀ ਪੜ੍ਹੋ : ਵਿਸਾਖੀ ਮੌਕੇ ਖੇਤਾਂ ’ਚ ਕਣਕ ਕਟਵਾ ਰਹੇ ਕਿਸਾਨ ਹੋਏ ਭਾਵੁਕ, ਕੈਮਰੇ ਸਾਹਮਣੇ ਆਖੀ ਵੱਡੀ ਗੱਲ
ਈ. ਟੀ. ਟੀ. ਅਧਿਆਪਕਾਂ ਨੇ ਮੁੜ ਤੋਂ ਲਗਾਇਆ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਧਰਨਾ
ਈ. ਟੀ. ਟੀ. ਅਧਿਆਪਕਾਂ ਨੇ ਫਿਰ ਤੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਅਧਿਆਪਕਾਂ ਨੇ ਸਰਕਾਰ ਖਿਲਾਫ ਵਾਅਦਾਖਿਲਾਫੀ ਕਰਨ ਦਾ ਵੀ ਦੋਸ਼ ਲਗਾਇਆ | ਗੱਲਬਾਤ ਕਰਦਿਆਂ ਅਧਿਆਪਕ ਆਗੂ ਮੁਨੀਸ਼ ਕੁਮਾਰ ਨੇ ਕਿਹਾ ਕਿ 2021 ’ਚ ਹੋਈਆਂ ਬਦਲੀਆਂ ਸਿੱਖਿਆ ਵਿਭਾਗ ਵੱਲੋਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ , ਜਿਸਦੇ ਵਿਰੋਧ ’ਚ ਅਸੀਂ ਪਿਛਲੇ ਦਿਨੀਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਸੀ ਪਰ ਸਾਨੂੰ ਇਹ ਕਹਿ ਕੇ ਸਾਡਾ ਧਰਨਾ ਚੁਕਵਾ ਦਿੱਤਾ ਸੀ ਕਿ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਸੋਮਵਾਰ ਨੂੰ ਇਸ ਸਬੰਧੀ ਪੱਤਰ ਵੀ ਜਾਰੀ ਕਰਵਾਇਆ ਜਾਵੇਗਾ। ਸਮੋਵਾਰ ਨੂੰ ਪੱਤਰ ਤਾਂ ਜਾਰੀ ਹੋਇਆ ਪਰ ਸਾਡੀ ਮੰਗਾਂ ਸਿਰਫ ਦਸ ਫੀਸਦੀ ਹੀ ਮੰਨੀਆਂ ਗਈਆਂ। 6 ਅਪ੍ਰੈਲ ਨੂੰ ਹੋਈ ਮੀਟਿੰਗ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ। ਜਿਸਦੇ ਰੋਸ ਵਜੋਂ ਅੱਜ ਸਾਨੂੰ ਫਿਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਉਣਾ ਪਿਆ |
ਆਪਣੀ ਸੇਫਟੀ ਲਈ ਕਰ ਲਈ ਬੈਰੀਕੇਡਿੰਗ
ਜਿਸ ਸਮੇਂ ਅਧਿਆਪਕ ਰੋਸ ਮਾਰਚ ਕੱਢ ਕੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਆ ਰਹੇ ਸਨ ਤਾਂ ਸਿੱਖਿਆ ਮੰਤਰੀ ਦੇ ਕੋਠੀ ਦੇ ਦੋਵਾਂ ਰਸਤਿਆਂ ’ਤੇ ਬੈਰਕੇਡਿੰਗ ਕੀਤੀ ਹੋਈ ਸੀ। ਇਸ ਦੌਰਾਨ ਅਧਿਆਪਕਾਂ ਨੇ ਪੁਲਸ ਅਧਿਆਪਕਾਂ ਨਾਲ ਗੱਲਬਾਤ ਵੀ ਕੀਤੀ। ਅਧਿਆਪਕਾਂ ਦਾ ਕਹਿਣਾ ਸੀ ਕਿ ਸਿੱਖਿਆ ਮੰਤਰੀ ਨੇ ਆਪਣੀ ਸੁਰੱਖਿਆ ਲਈ ਬੈਰੀਕੇਡਿੰਗ ਕਰਵਾ ਲਈ। ਇਸਦਾ ਸਾਨੂੰ ਕੋਈ ਫਰਕ ਨਹੀਂ ਪੈਣਾ, ਅਸੀਂ ਉਨ੍ਹਾਂ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਬੈਠੇ ਰਹਾਂਗੇ।