‘ਆਪ’ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ’ਚ ਫੇਲ੍ਹ ਸਾਬਤ ਹੋਈ : ਸੁਖਜਿੰਦਰ ਰੰਧਾਵਾ
Thursday, Jun 09, 2022 - 09:56 PM (IST)
ਬਟਾਲਾ (ਮਠਾਰੂ) : ‘ਆਪ’ ਸਰਕਾਰ ਦੇ ਰਾਜ ’ਚ ਗੋਲੀਬਾਰੀ ਅਤੇ ਕਤਲ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਪੰਜਾਬ ਦੇ ਵਾਸੀਆਂ ਦੇ ਮਨਾਂ ਅੰਦਰ ਡਰ ਤੇ ਖੌਫ਼ ਪੈਦਾ ਕਰ ਦਿੱਤਾ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਨਾਲਾਇਕੀ ਕਾਰਨ ਅੱਜ ਮਾਪਿਆਂ ਦੇ ਜਵਾਨ ਪੁੱਤ ਬੰਦੂਕ ਦੀ ਗੋਲ਼ੀ ਜਾਂ ਫਿਰ ਨਸ਼ੇ ਦੀ ਗੋਲੀ ਨਾਲ ਮੌਤ ਦੇ ਮੂੰਹ ’ਚ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬੇ ਦੇ ਸਾਬਕਾ ਉੱਪ ਮੁੱਖ ਮੰਤਰੀ ਤੇ ਮੌਜੂਦਾ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਉਸ ਤੋਂ ਬਾਅਦ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਸ਼ਰੇਆਮ ਕਤਲ ਕਰਨ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੁਲਟ ਦੇ ਨੌਜਵਾਨ ਲਵਪ੍ਰੀਤ ਸਿੰਘ ਦਾ ਅੰਮ੍ਰਿਤਸਰ ਵਿਖੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ੲਿਹ ਵੀ ਪੜ੍ਹੋ : ਕਿਸਾਨਾਂ ਨੂੰ ਵੱਡੀ ਰਾਹਤ, ਮੁੱਖ ਮੰਤਰੀ ਮਾਨ ਨੇ ਟਿਊਬਵੈੱਲਾਂ ਦਾ ਲੋਡ ਵਧਾਉਣ ਦੀ ਘਟਾਈ ਫੀਸ
ਰੰਧਾਵਾ ਨੇ ਇਨ੍ਹਾਂ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਦੀ ਸਾਂਝ ਪਾਉਂਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ’ਚ ਪੂਰੀ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਸ਼ਰੇਆਮ ਬੇਕਸੂਰ ਲੋਕਾਂ ਨੂੰ ਆਪਣੀਆਂ ਗੋਲ਼ੀਆਂ ਦਾ ਨਿਸ਼ਾਨਾ ਬਣਾ ਰਹੇ ਹਨ, ਜਦਕਿ ਦੂਸਰੇ ਪਾਸੇ ਨਸ਼ੇ ਦਾ ਦੈਂਤ ਹਰ ਰੋਜ਼ ਪੰਜਾਬ ਦੇ ਨੌਜਵਾਨਾਂ ਨੂੰ ਨਿਗਲਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਿਨਾਂ ਸੋਚੇ-ਸਮਝੇ ਸਿਆਸੀ, ਧਾਰਮਿਕ ਅਤੇ ਸਮਾਜ ਵਿਚ ਵਿਚਰਨ ਵਾਲੇ ਆਗੂਆਂ ਦੀ ਸੁਰੱਖਿਆ ਵਾਪਸ ਲੈ ਕੇ ਉਸ ਨੂੰ ਜਗ ਜ਼ਾਿਹਰ ਕਰ ਰਹੀ ਹੈ, ਜਦਕਿ ਸੁਰੱਖਿਆ ਕਟੌਤੀ ਦਾ ਗੈਂਗਸਟਰਾਂ ਨੂੰ ਪਤਾ ਲੱਗਣ ਤੋਂ ਬਾਅਦ ਲਗਾਤਾਰ ਹੀ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਤਜਰਬੇ ਤੋਂ ਹੀਣੀ ‘ਆਪ’ ਸਰਕਾਰ ਪੰਜਾਬ ਦੀ ਅਮਨ ਸ਼ਾਂਤੀ ਵਾਲੇ ਮਾਹੌਲ ਨੂੰ ਅੱਗ ਲਾਉਣ ਲਈ ਕੰਮ ਕਰ ਰਹੀ ਹੈ, ਜਦਕਿ ਆਮ ਲੋਕਾਂ ਦੀ ਜਾਨ-ਮਾਲ ਨੂੰ ਖਤਰਾ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਸ਼ਰੇਆਮ ਵਾਪਰ ਰਹੀਆਂ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨੇ ਸੂਬੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਨਤੀਜਾਮੁਖੀ ਨਵੀਂ ਆਬਕਾਰੀ ਨੀਤੀ ਸ਼ਰਾਬ ਮਾਫ਼ੀਆ ਦੇ ਤਾਬੂਤ ’ਚ ਕਿੱਲ ਹੋਵੇਗੀ ਸਾਬਤ : ਆਬਕਾਰੀ ਕਮਿਸ਼ਨਰ
ਸਾਬਕਾ ਡਿਪਟੀ ਸੀ. ਐੱਮ. ਰੰਧਾਵਾ ਨੇ ਕਿਹਾ ਕਿ ਆਪਣੀਅਾਂ ਨਾਲਾਇਕੀਅਾਂ ਨੂੰ ਛੁਪਾਉਣ ਲਈ ‘ਆਪ’ ਸਰਕਾਰ ਕਾਂਗਰਸੀ ਆਗੂਆਂ ਨੂੰ ਝੂਠੇ ਪਰਚਿਆਂ ’ਚ ਫਸਾਉਣ ਵਿਚ ਲੱਗੀ ਹੋਈ ਹੈ, ਤਾਂ ਜੋ ਪੰਜਾਬ ਦੇ ਗੰਭੀਰ ਬਣੇ ਮੌਜੂਦਾ ਹਾਲਾਤ ਅਤੇ ਭਖ਼ਦੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਲਾਂਭੇ ਕੀਤਾ ਜਾ ਸਕੇ ਪਰ ਸੂਬੇ ਦੇ ਸੂਝਵਾਨ ਲੋਕ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਸੱਚਾਈ ਜਾਣ ਚੁੱਕੇ ਹਨ।