‘ਆਪ’ ਤੇ ਕਾਂਗਰਸ ਕੀ 7-7 ’ਤੇ ਸਹਿਮਤ ਹੋਣਗੇ! ਅਜੇ ਦਬਾਅ ਦੀ ਸਿਆਸਤ ਚੱਲ ਰਹੀ
Wednesday, Jan 10, 2024 - 10:39 AM (IST)
ਜਲੰਧਰ (ਧਵਨ)–ਲੋਕ ਸਭਾ ਚੋਣਾਂ ਸਬੰਧੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟਾਂ ਦਾ ਤਾਲਮੇਲ ਕਰਨ ਲਈ ਹਾਲਾਂਕਿ ਗੱਲਬਾਤ ਸ਼ੁਰੂ ਹੋ ਚੁੱਕੀ ਹੈ ਪਰ ਫਿਰ ਵੀ ਦੋਵਾਂ ਪਾਰਟੀਆਂ ਨੇ ਬੀਤੇ ਦਿਨੀਂ ਹੋਈ ਬੈਠਕ ਵਿਚ ਆਪੋ-ਆਪਣੀ ਦਲੀਲ ਰੱਖੀ ਸੀ। ਬੈਠਕ ਵਿਚ ਆਮ ਆਦਮੀ ਪਾਰਟੀ ਨੇ ਭਾਵੇਂ ਕਾਂਗਰਸ ਤੋਂ ਪੰਜਾਬ ਵਿਚ 10 ਸੀਟਾਂ ਦੀ ਮੰਗ ਕੀਤੀ ਹੈ ਪਰ ਦੋਵਾਂ ਪਾਰਟੀਆਂ ਅੰਦਰ ਚਰਚਾ ਚੱਲ ਰਹੀ ਹੈ ਕਿ ਸੰਭਵ ਤੌਰ ’ਤੇ ਕੋਈ ਅਜਿਹਾ ਫਾਰਮੂਲਾ ਕੱਢਿਆ ਜਾਵੇਗਾ, ਜਿਸ ਨਾਲ ਦੋਵੇਂ ਪਾਰਟੀਆਂ ਸਹਿਮਤ ਹੋਣ।
ਇਸ ਵੇਲੇ ਆਮ ਆਦਮੀ ਪਾਰਟੀ ਵੀ ਖ਼ੁਦ ਨੂੰ ਮਜ਼ਬੂਤ ਮੰਨ ਰਹੀ ਹੈ। ਦੂਜੇ ਪਾਸੇ ਕਾਂਗਰਸ ਵੀ ਕਹਿ ਰਹੀ ਹੈ ਕਿ ਉਹ ਵੀ ਸੂਬੇ ਵਿਚ ਮਜ਼ਬੂਤ ਹੈ। ਦੋਵਾਂ ਪਾਰਟੀਆਂ ਵਿਚਾਲੇ ਸੀਟਾਂ ਦੇ ਤਾਲਮੇਲ ’ਤੇ ਨਜ਼ਰ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੀਆਂ ਕੁਲ 14 ਸੀਟਾਂ ਸਬੰਧੀ ਤਾਲਮੇਲ ਸਥਾਪਤ ਕਰਨ ਦੀ ਗੱਲਬਾਤ ਚੱਲ ਰਹੀ ਹੈ। ਜੇ ਦੋਵਾਂ ਪਾਰਟੀਆਂ ’ਚ ਸੀਟਾਂ ਦੇ ਤਾਲਮੇਲ ਸਬੰਧੀ ਸਹਿਮਤੀ ਸਿਰੇ ਚੜ੍ਹਦੀ ਹੈ ਤਾਂ ਉਸ ਹਾਲਤ ’ਚ ਉਨ੍ਹਾਂ ਵਿਚਾਲੇ 7-7 ਸੀਟਾਂ ਦਾ ਬਟਵਾਰਾ ਹੋ ਸਕਦਾ ਹੈ। ਆਮ ਆਦਮੀ ਪਾਰਟੀ ਇਹ ਵੀ ਕਹਿ ਰਹੀ ਹੈ ਕਿ ਉਸ ਨੂੰ ਜਲੰਧਰ ਦੀ ਸੀਟ ਵੀ ਦਿੱਤੀ ਜਾਵੇ, ਜਿੱਥੇ ਉਸ ਦਾ ਮੌਜੂਦਾ ਸੰਸਦ ਮੈਂਬਰ ਹੈ। ਜਲੰਧਰ ਲੋਕ ਸਭਾ ਸੀਟ ਦੀ ਉੱਪ-ਚੋਣ ਵਿਚ ਆਮ ਆਦਮੀ ਪਾਰਟੀ ਜੇਤੂ ਰਹੀ ਸੀ। ਕਾਂਗਰਸ ਲੁਧਿਆਣਾ ਅਤੇ ਪਟਿਆਲਾ ਵਰਗੀਆਂ ਸੀਟਾਂ ’ਤੇ ਦਾਅਵਾ ਕਰ ਰਹੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਸੰਗਰੂਰ, ਬਠਿੰਡਾ, ਸ੍ਰੀ ਅਨੰਦਪੁਰ ਸਾਹਿਬ, ਜਲੰਧਰ ਤੇ ਅੰਮ੍ਰਿਤਸਰ ਵਰਗੀਆਂ ਸੀਟਾਂ ’ਤੇ ਨਜ਼ਰਾਂ ਗੱਡੀ ਬੈਠੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਤੜਕਸਾਰ ਵੱਡੀ ਵਾਰਦਾਤ, ਜਿਊਲਰ ਦੇ ਸ਼ੋਅਰੂਮ 'ਚ ਚੋਰਾਂ ਨੇ ਮਾਰਿਆ ਡਾਕਾ
ਹੁਣ ਵੇਖਣਾ ਇਹ ਹੈ ਕਿ ਸੀਟਾਂ ਦੇ ਤਾਲਮੇਲ ’ਚ ਕਾਂਗਰਸ ਦੇ ਕਿਨ੍ਹਾਂ ਸੰਸਦ ਮੈਂਬਰਾਂ ਨੂੰ ਆਪਣੀਆਂ ਸੀਟਾਂ ਤੋਂ ਹੱਥ ਧੋਣਾ ਪੈਂਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੀਟਾਂ ਦੇ ਤਾਲਮੇਲ ਤੋਂ ਬਾਅਦ ਕਾਫ਼ੀ ਸਿਆਸੀ ਚੁੱਕ-ਥੱਲ ਹੋਣ ਦੀ ਸੰਭਾਵਨਾ ਹੈ। ਜ਼ਿਆਦਾ ਚੁੱਕ-ਥੱਲ ਕਾਂਗਰਸ ਵਿਚ ਹੋ ਸਕਦੀ ਹੈ ਕਿਉਂਕਿ ਉਸ ਦੇ ਇਸ ਵੇਲੇ 8 ਸੰਸਦ ਮੈਂਬਰ ਹਨ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਵਿਚ ਆਪਣੇ ਉਮੀਦਵਾਰਾਂ ਨੂੰ ਚੋਣ ਜੰਗ ਵਿਚ ਉਤਾਰਨਾ ਹੈ। ਉਸ ਤੋਂ ਬਾਅਦ ਪੰਜਾਬ ਵਿਚ ਲੋਕ ਸਭਾ ਦਾ ਅਜੇ ਇਕੋ ਸੰਸਦ ਮੈਂਬਰ ਹੈ ਅਤੇ ਆਮ ਆਦਮੀ ਪਾਰਟੀ ਇਹ ਵੀ ਕਹਿ ਰਹੀ ਹੈ ਕਿ ਸੂਬੇ ਵਿਚ ਉਸ ਦੇ 92 ਵਿਧਾਇਕ ਹਨ। ਇਸ ਲਈ ਉਸ ਨੂੰ ਸੀਟਾਂ ਦਾ ਜ਼ਿਆਦਾ ਹਿੱਸਾ ਮਿਲਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਜ਼ਮੀਨ-ਜਾਇਦਾਦਾਂ ਦੀਆਂ ਰਜਿਸਟਰੀਆਂ ਤੋਂ ਹੋਣ ਵਾਲੀ ਆਮਦਨ ਨੂੰ ਲੈ ਕੇ ਮੰਤਰੀ ਜਿੰਪਾ ਦਾ ਅਹਿਮ ਬਿਆਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।