ਸੀ. ਡੀ. ਪੀ. ਓ. ਦਫਤਰ ਵਿਖੇ ਆਂਗਣਵਾੜੀ ਵਰਕਰਾਂ ਲਾਇਆ ਧਰਨਾ
Tuesday, Sep 26, 2017 - 03:04 PM (IST)

ਭਿੱਖੀਵਿੰਡ/ਬੀੜ ਸਾਹਿਬ (ਭਾਟੀਆ, ਚਾਨਣ, ਬਖਤਾਵਰ, ਹਰਬੰਸ)-ਸੀ. ਡੀ. ਪੀ. ਓ. ਦਫਤਰ ਭਿੱਖੀਵਿੰਡ ਵਿਖੇ ਆਂਗਣਵਾੜੀ ਵਰਕਰਾਂ ਵੱਲੋਂ 12ਵੇਂ ਦਿਨ ਤੱਕ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਪ੍ਰਧਾਨ ਅਨੂਪ ਕੌਰ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਦਸੰਬਰ, ਜਨਵਰੀ ਦਾ ਸਟੇਟ ਸ਼ੇਅਰ ਦਾ ਕਿਰਾਇਆ, ਫਲੈਕਸੀ ਫੰਡ, ਵਰਦੀਆਂ ਦੇ ਪੈਸੇ ਤਨਖਾਹ ਦੇ ਨਾਲ ਹੀ ਭੇਜੇ ਜਾਣ। ਪ੍ਰਧਾਨ ਅਨੂਪ ਕੌਰ ਨੇ ਕਿਹਾ ਕਿ ਬੀਤੀ 24 ਸਤੰਬਰ ਨੂੰ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਬਿਆਨ ਦਿੱਤਾ ਸੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਕੋਈ ਖਤਰਾ ਨਹੀਂ, ਜੇ ਆਂਗਣਵਾੜੀ ਵਰਕਰਾਂ ਨੂੰ ਕੋਈ ਖਤਰਾ ਨਹੀਂ ਤਾਂ 3 ਤੋਂ 6 ਸਾਲ ਦੇ ਬੱਚੇ ਸਰਕਾਰੀ ਸਕੂਲਾਂ 'ਚ ਭੇਜਣ ਦਾ ਕੀ ਮਤਲਬ ਹੈ। ਆਂਗਣਵਾੜੀ ਸੈਂਟਰਾਂ 'ਚ ਵੀ ਗਰੀਬ ਲੋਕਾਂ ਦੇ ਬੱਚੇ ਹੀ ਆਉਂਦੇ ਹਨ, ਜਿਹੜੇ ਕਿ ਪ੍ਰੀ-ਨਰਸਰੀ 'ਚ ਜਾਂਦੇ ਹਨ।
ਇਸ ਲਈ ਪ੍ਰਾਈਵੇਟ ਸਕੂਲਾਂ 'ਚ ਪਹਿਲਾਂ ਐੱਲ. ਕੇ. ਜੀ., ਯੂ. ਕੇ. ਜੀ. ਤੇ ਨਰਸਰੀ ਉਹ ਵੀ 6 ਸਾਲ ਦਾ ਬੱਚਾ ਹੀ ਪਹਿਲੀ ਕਲਾਸ 'ਚ ਦਾਖਲ ਕਰਦੇ ਹਨ। ਇਨ੍ਹਾਂ ਨੇ ਆਂਗਣਵਾੜੀ ਨਾਲ ਕੋਝਾ ਮਜ਼ਾਕ ਕੀਤਾ ਹੈ ਕਿ ਪਿੰਡ ਦੇ ਮੈਂਬਰ ਪੰਚਾਇਤ ਤੋਂ ਲੈ ਕੇ ਸਰਪੰਚਾਂ ਤੇ ਵੱਡੇ ਘਰਾਂ ਦੇ ਚੇਅਰਮੈਨ ਤੋਂ ਲੈ ਕੇ ਐੱਮ. ਐੱਲ. ਏ., ਕੈਬਨਿਟ ਮੰਤਰੀ ਸਰਕਾਰੀ ਸਕੂਲ ਦੇ ਟੀਚਰ ਤੋਂ ਲੈ ਕੇ ਬੀ. ਈ. ਓ., ਡੀ. ਈ. ਓ. ਇਨ੍ਹਾਂ ਸਾਰਿਆਂ ਦੇ ਬੱਚੇ ਤਾਂ ਬਹੁਤ ਵੱਡੇ-ਵੱਡੇ ਸਕੂਲਾਂ ਵਿਚ ਪੜ੍ਹਦੇ ਹਨ। ਪ੍ਰਧਾਨ ਅਨੂਪ ਕੌਰ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਅਪੀਲ ਕਰਦੀ ਹੈ ਕਿ ਇਹ ਸਾਰੇ ਆਪਣੇ ਬੱਚੇ ਪ੍ਰੀ-ਨਰਸਰੀ ਸਰਕਾਰੀ ਸਕੂਲਾਂ ਵਿਚ ਹੀ ਭੇਜਣ ਤਾਂ ਇਨ੍ਹਾਂ ਉੱਚ ਅਧਿਕਾਰੀਆਂ ਨੂੰ ਵੇਖ ਕੇ ਸਾਰੇ ਪਿੰਡਾਂ ਦੇ ਲੋਕ ਵੀ ਆਪਣੇ ਬੱਚੇ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਹੀ ਪੜ੍ਹਾਉਣਗੇ।
ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਤੇ ਕਿਹਾ ਕਿ ਉਹ ਇਸ ਫੈਸਲੇ ਨੂੰ ਕਦੇ ਵੀ ਲਾਗੂ ਨਹੀਂ ਹੋਣ ਦੇਣਗੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਹੀ ਨਰਸਰੀ ਅਧਿਆਪਕਾਂ ਦਾ ਦਰਜਾ ਦਿੱਤਾ ਜਾਵੇ ਤੇ ਪ੍ਰੀ-ਨਰਸਰੀ ਕਲਾਸਾਂ ਆਂਗਣਵਾੜੀ ਕੇਂਦਰਾਂ ਵਿਚ ਹੀ ਲਾਈਆਂ ਜਾਣ। ਇਸ ਮੌਕੇ ਹਰਪ੍ਰੀਤ ਕੌਰ, ਸਵਿੰਦਰਜੀਤ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।