ਪੰਜਾਬ ''ਚ 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੇਗੀ ''ਆਪ''
Monday, Jun 15, 2020 - 01:28 PM (IST)
ਮਾਛੀਵਾੜਾ ਸਾਹਿਬ (ਟੱਕਰ) : ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰ. ਬੁੱਧ ਰਾਮ ਨੇ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨਗੇ ਅਤੇ ਇਸ ਵਾਰ ਸੂਬੇ ’ਚ ਆਪ ਦੀ ਸਰਕਾਰ ਜ਼ਰੂਰ ਬਣੇਗੀ। ਮਾਛੀਵਾੜਾ ਵਿਖੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਹੁਦੇਦਾਰਾਂ ਤੇ ਆਗੂਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਵਿਧਾਇਕ ਪ੍ਰਿੰ. ਬੁੱਧ ਰਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੱਧੂ ਦੇ ਪਾਰਟੀ 'ਚ ਸ਼ਾਮਲ ਹੋਣ ਦੀਆਂ ਚਰਚਾਵਾਂ ਹਨ ਅਤੇ ਜੇਕਰ ਉਹ ਆਪ 'ਚ ਸ਼ਾਮਲ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ।
ਇਹ ਵੀ ਪੜ੍ਹੋ : ਤਾਲਾਬੰਦੀ ਦੌਰਾਨ ਸ਼ੁਤਰਾਣਾ ਦੇ ਨਾਲ ਲੱਗਦਾ ਅੰਤਰਰਾਸ਼ਟਰੀ ਮਾਰਗ ਸੀਲ
ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਦੇ ਸਵਾਲਾਂ ’ਤੇ ਪ੍ਰਤੀਕਿਰਿਆ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਸਿੱਧੂ ਪਾਰਟੀ ’ਚ ਸ਼ਾਮਲ ਹੋਣ, ਫਿਰ ਉਨ੍ਹਾਂ ਦੀ ਕਾਰਗੁਜ਼ਾਰੀ ਦੇਖ ਕੇ ਪਾਰਟੀ ਮੁੱਖੀ ਅਰਵਿੰਦ ਕੇਜਰੀਵਾਲ ਅਤੇ ਕੋਰ ਕਮੇਟੀ ਫੈਸਲਾ ਲਵੇਗੀ ਕਿ ਕਿਸ ਆਗੂ ਨੂੰ ਪਾਰਟੀ ਦੇ ਮੁੱਖ ਮੰਤਰੀ ਦੀ ਚਿਹਰੇ ਵਜੋਂ ਚੋਣ ਮੈਦਾਨ ’ਚ ਉਤਾਰਨਾ ਹੈ। ਪੰਜਾਬ ਦੀ ਕਾਂਗਰਸ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਹਿਲਾਂ ਤੋਂ ਬਾਹਰ ਨਹੀਂ ਨਿਕਲਦਾ, ਜਦੋਂ ਕਿ ਉਸਦੀ ਛਤਰ-ਛਾਇਆ ਹੇਠ ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਲੋਕਾਂ ਦੀ ਲੁੱਟ ਕਰ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਤੋਂ ਮਾੜੀ ਖਬਰ, ਕੋਰੋਨਾ ਕਾਰਨ 6ਵੇਂ ਵਿਅਕਤੀ ਨੇ ਤੋੜਿਆ ਦਮ
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਭ ਤੋਂ ਪਹਿਲਾਂ ਪੰਜਾਬ ਦੀ ਜਨਤਾ ਨੂੰ ਲੁੱਟ ਰਹੇ ਸਾਰੇ ਮਾਫ਼ੀਆਂ ਨੂੰ ਨੱਥ ਪਾਈ ਜਾਵੇਗੀ ਅਤੇ ਉਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਰ ਕੇ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ। ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਸੂਬੇ ’ਚ ਸ਼ਰਾਬ ਦੀਆਂ ਕਈ ਨਕਲੀ ਫੈਕਟਰੀਆਂ ਫੜ੍ਹੀਆਂ ਗਈਆਂ ਪਰ ਉਸ ਨੂੰ ਚਲਾਉਣ ਵਾਲੇ ਕਿਸੇ ਪ੍ਰਮੁਖ ਵਿਅਕਤੀ ’ਤੇ ਪਰਚਾ ਦਰਜ ਨਹੀਂ ਹੋਇਆ ਕਿਉਂਕਿ ਇਹ ਸਭ ਕਾਂਗਰਸ ਸਰਕਾਰ ਦੀ ਛਤਰ-ਛਾਇਆ ਹੇਠ ਚੱਲ ਰਿਹਾ ਹੈ, ਜਦੋਂ ਕਿ ਪੁਲਸ ਇੱਕ ਆਮ ਵਿਅਕਤੀ ਤੋਂ ਕੁੱਝ ਬੋਤਲਾਂ ਸ਼ਰਾਬ ਦੀਆਂ ਫੜ੍ਹ ਲਵੇ ਤਾਂ ਉਸ ਨੂੰ ਤੁਰੰਤ ਸਲਾਖ਼ਾਂ ਪਿੱਛੇ ਭੇਜ ਦਿੱਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੀ ਜਨਤਾ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਾਹੁੰਦੀ ਹੈ ਤਾਂ 2022 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਵੇ ਅਤੇ ਇਸ ਵਾਰ 117 ਸੀਟਾਂ ’ਤੇ ਬੇਦਾਗ਼ ਉਮੀਦਵਾਰਾਂ ਦੀ ਚੋਣ ਖੁਦ ਅਰਵਿੰਦ ਕੇਜਰੀਵਾਲ ਕਰਨਗੇ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਜੇਕਰ ਕੋਈ ਵੀ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ 'ਚ ਵਿਸ਼ਵਾਸ ਪ੍ਰਗਟਾ ਕੇ ਮਾਫ਼ੀਆ ਮੁਕਤ ਸਰਕਾਰ ਬਣਾਉਣ ’ਚ ਸਹਿਯੋਗ ਦੇਵੇਗੀ, ਉਸ ਨਾਲ ਗਠਜੋੜ ਵੀ ਸੰਭਵ ਹੈ। ਇਸ ਮੌਕੇ ਪਾਰਟੀ ਦੇ ਮੁੱਖ ਬੁਲਾਰਾ ਰੁਪਿੰਦਰ ਸਿੰਘ ਮੁੰਡੀ, ਨਰਿੰਦਰਪਾਲ ਸਿੰਘ ਬਾਜਵਾ, ਜਨਰਲ ਸਕੱਤਰ ਹਰਭੁਪਿੰਦਰ ਸਿੰਘ ਧਰੌੜ ਵੀ ਮੌਜੂਦ ਸਨ।