ਸਾਡੀ ਲੜਾਈ ਪੰਜਾਬ ਦੇ ਹਿੱਤਾਂ ਲਈ, ਅਹੁਦੇ ਪਿੱਛੇ ਰਹਿ ਗਏ : ਸੁਖਪਾਲ ਖਹਿਰਾ

08/11/2018 6:40:52 PM

ਗੜ੍ਹਸ਼ੰਕਰ— ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਦੇ ਬਾਅਦ ਅੱਜ ਸੁਖਪਾਲ ਖਹਿਰਾ ਵੱਲੋਂ ਜ਼ਿਲਾ ਪੱਧਰੀ ਵਾਲੰਟੀਅਰ ਕਨਵੈਨਸ਼ਨ ਦੀ ਸ਼ੁਰੂਆਤ ਗੜ੍ਹਸ਼ੰਕਰ ਵਿਖੇ ਦਾਣਾ ਮੰਡੀ ਤੋਂ ਕੀਤੀ ਗਈ। ਇਸ ਮੌਕੇ ਸੁਖਪਾਲ ਖਹਿਰਾ ਨੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਸਾਡੀ ਲੜਾਈ ਸਿਰਫ ਪੰਜਾਬ ਦੇ ਹਿੱਤਾਂ ਲਈ ਹੈ, ਅਹੁਦੇ ਪਿੱਛੇ ਰਹਿ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਹੁਦਾ ਤੋਂ ਹਟਾਉਣ ਲਈ ਪਾਰਟੀ ਵੱਲੋਂ ਗੈਰ-ਜਮੂਰੀ ਤਰੀਕਾ ਅਪਣਾਇਆ ਗਿਆ। ਉਨ੍ਹਾਂ ਕਿਹਾ ਕਿ ਲੋਕ ਪੰਜਾਬ 'ਚ ਤੀਜਾ ਬਦਲ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਬਠਿੰਡਾ 'ਚ ਕੀਤੀ ਗਈ ਕਨਵੈਨਸ਼ਨ ਦੌਰਾਨ ਲੋਕ ਆਪ ਮੁਹਾਰੇ 50 ਹਜ਼ਾਰ ਦੇ ਕਰੀਬ ਉਥੇ ਪਹੁੰਚੇ ਸਨ, ਕਿਉਂਕਿ ਅੱਜ ਵੀ ਪੰਜਾਬ ਦੇ ਲੋਕ ਤੀਜਾ ਬਦਲ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਸਿਰਫ ਪੰਜਾਬ 'ਚ ਖੁਦਮੁਖਤਿਆਰੀ ਚਾਹੁੰਦੇ ਹਾਂ ਤਾਂਕਿ ਅਸੀਂ ਹਰ ਸਮੱਸਿਆ ਲਈ ਆਪਣੇ ਫੈਸਲੇ ਪੰਜਾਬ 'ਚ ਰਹਿ ਕੇ ਕਰ ਸਕੀਏ।  
ਇਸ ਤੋਂ ਇਲਾਵਾ ਉਨ੍ਹਾਂ ਨੇ '84 ਸਿੱਖ ਦੰਗਿਆਂ ਦੀ ਗੱਲ ਕਰਦੇ ਹੋਏ ਕਿਹਾ ਕਿ '84 ਦੇ ਕਤਲੇਆਮਾਂ ਨੂੰ ਇਨਸਾਫ ਜ਼ਰੂਰ ਦਿਵਾਇਆ ਜਾਵੇਗਾ। ਅਸੀਂ '84 ਸਿੱਖ ਕਤਲੇਆਮਾਂ ਨੂੰ ਇਨਸਾਫ ਜ਼ਰੂਰ ਦਿਵਾ ਕੇ ਰਹਾਂਗੇ। ਉਨ੍ਹਾਂ ਨੇ ਕਿਹਾ ਕਿ 34 ਸਾਲਾਂ ਤੋਂ ਪੀੜਤ ਪਰਿਵਾਰ ਇਨਸਾਫ ਲਈ ਤੜਫ ਰਹੇ ਹਨ ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ।  
ਇਸ ਤੋਂ ਇਲਾਵਾ ਬਾਦਲ ਪਰਿਵਾਰ 'ਤੇ ਨਿਸ਼ਾਨੇ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਾਦਲਾਂ ਨੇ 60 ਸਾਲਾਂ ਤੱਕ ਪੰਜਾਬ ਦੇ ਲੋਕਾਂ ਨਾਲ ਖੇਡਿਆ ਹੈ। ਸੁਖਬੀਰ ਬਾਦਲ ਅਕਾਲੀ ਨਹੀਂ ਸਿਰਫ ਵਪਾਰੀ ਹੈ। ਸਾਰੇ ਮਾਫੀਆ 'ਤੇ ਸਿਰਫ ਸੁਖਬੀਰ ਬਾਦਲ ਦਾ ਕਬਜ਼ਾ ਹੈ। ਪੰਜਾਬ ਪੂਰੀ ਤਰ੍ਹਾਂ ਕਰਜ਼ਾਈ ਹੋਇਆ ਪਿਆ ਹੈ। ਖਹਿਰਾ ਨੇ ਕਿਹਾ ਕਿ ਪੰਜਾਬ 'ਚ ਕਿਸਾਨ, ਖੇਤ-ਮਜ਼ਦੂਰ ਸਭ ਕਰਜ਼ਾਈ ਹੋਏ ਪਏ ਹਨ ਅਤੇ ਕਰਜ਼ੇ ਦੇ ਹੇਠਾਂ ਦਬ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕੈਪਟਨ ਦੇ ਸਮੇਂ 'ਚ ਸਾਰਾ ਪੈਸਾ ਵਿਦੇਸ਼ਾਂ 'ਚ ਗਿਆ। ਪਹਾੜ੍ਹੀ ਸੂਬਿਆਂ ਨੂੰ ਛੋਟ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਪਾਰਟੀ ਨੇ ਪੰਜਾਬ 'ਚ ਪਾਣੀ ਦੇ ਮਸਲੇ ਨੂੰ ਹੱਲ ਨਹੀਂ ਕੀਤਾ ਹੈ। ਇਕੱਲੇ ਪਾਕਿਸਤਾਨ ਨੂੰ ਹੀ 16 ਲੱਖ ਕਰੋੜ ਦਾ ਪਾਣੀ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਵੀ ਸੱਚ ਦਾ ਬੋਲਾਬਾਲਾ ਹੈ ਝੂਠ ਨੂੰ ਕੋਈ ਵੀ ਨਹੀਂ ਪੁੱਛਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਕੈਪਟਨ ਦੇ ਰਾਜ 'ਚ ਵੀ ਬਾਦਲਾਂ ਦੀ ਸਰਕਾਰ ਚੱਲ ਰਹੀ ਹੈ। ਪੰਜਾਬ 'ਚ ਉਹੀ ਹੋ ਰਿਹਾ ਹੈ, ਜੋ ਬਾਦਲ ਸਰਕਾਰ ਦੇ ਸਮੇਂ ਹੁੰਦਾ ਸੀ। ਇਸ ਤੋਂ ਇਲਾਵਾ ਨਸ਼ਿਆਂ ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਦਲਦਲ 'ਚ ਫਸਣ ਕਾਰਨ ਨੌਜਵਾਨ ਨਸਾਂ 'ਚ ਨਸ਼ੇ ਦੇ ਟੀਕੇ ਲਗਾ ਕੇ ਗੰਦਗੀ ਦੇ ਢੇਰਾਂ 'ਤੇ ਮਰ ਰਹੇ ਹਨ। 
ਭ੍ਰਿਸ਼ਟਾਚਾਰ ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਜਦੋਂ ਤੱਕ ਅਸੀਂ ਭ੍ਰਿਸ਼ਟਾਚਾਰ ਦੇ ਕੋਹੜ ਨੂੰ ਗਲੋ ਨਹੀਂ ਲਾਵਾਂਗੇ ਤਾਂ ਉਦੋਂ ਤੱਕ ਪੰਜਾਬ 'ਚ ਕੁਝ ਨਹੀਂ ਹੋ ਸਕਦਾ। ਖਹਿਰਾ ਨੇ ਕਿਹਾ ਹੁਣ ਲੋਕਾਂ ਦੀ ਕਚਹਿਰੀ 'ਚ ਭ੍ਰਿਸ਼ਟਾਚਾਰ, ਪਾਣੀ ਦੇ ਮੁੱਦਿਆਂ ਸਮੇਤ ਪੰਜਾਬ ਦਾ ਹਰ ਮੁੱਦਾ ਚੁੱਕਿਆ ਜਾਵੇਗਾ ਅਤੇ ਭ੍ਰਿਸ਼ਟਾਚਾਰ ਦੇ ਕੋਹੜ ਨੂੰ ਖਤਮ ਪੰਜਾਬ 'ਚੋਂ ਖਤਮ ਕੀਤਾ ਜਾਵੇਗਾ। 
ਇਸ ਦੇ ਨਾਲ ਹੀ ਅੰਤ 'ਚ ਖਹਿਰਾ ਨੇ ਪਾਰਟੀ ਦੇ ਵਾਲੰਟੀਅਰਾਂ ਸਮੇਤ ਵਰਕਰਾਂ ਨੂੰ 15 ਅਗਸਤ ਨੂੰ ਈਸੜੂ 'ਚ ਹੋ ਰਹੀ ਰੈਲੀ 'ਚ ਵੀ ਹੁੰਮ-ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਖਰੜ ਤੋਂ ਵਿਧਾਇਕ ਕੰਵਰ ਸੰਧੂ, ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ, ਪਿਰਮਲ ਸਿੰਘ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ, ਜੱਗਾ ਈਸੋਵਾਲ ਸਮੇਤ ਆਦਿ ਵਰਕਰ ਤੇ ਵਾਲੰਟੀਅਰ ਮੌਜੂਦ ਸਨ।


Related News