ਖਹਿਰਾ, ਬੈਂਸ ਤੇ ਗਾਂਧੀ ਦੀ ਤਿਕੜੀ ਸਰਕਾਰ ਵਿਰੁੱਧ ਕੱਢੇਗੀ ਇਨਸਾਫ ਮਾਰਚ
Thursday, Dec 06, 2018 - 02:45 PM (IST)

ਨਾਭਾ (ਰਾਹੁਲ)—ਨਾਭਾ ਵਿਖੇ ਪਹੁੰਚੇ ਆਮ ਆਦਮੀ ਪਾਰਟੀ ਦੇ ਬਾਗੀ ਸੁਖਪਾਲ ਸਿੰਘ ਖਹਿਰਾ ਵਲੋਂ 8 ਦਸੰਬਰ ਨੂੰ ਇਨਸਾਫ ਮਾਰਚ ਦੇ ਸਬੰਧ 'ਚ ਲੋਕਾਂ ਨੂੰ ਲਾਮਬੰਦ ਕਰਨ ਦੀ ਸ਼ਿਰਕਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਸਾਰੇ ਪੰਜਾਬ ਦਾ ਮਾਹੌਲ ਖਰਾਬ ਕਰਕੇ ਰੱਖਿਆ ਹੋਇਆ ਹੈ ਅਤੇ ਢਾਈ ਲੱਖ ਕਰੋੜ ਦਾ ਸੂਬਾ ਕਰਜਾਈ ਹੈ। ਗਰੀਬ ਦਲਿਤ ਕਿਸਾਨ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਆਤਮ-ਹੱਤਿਆ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ 8-16 ਦਸੰਬਰ ਤੱਕ ਇਨਸਾਫ ਮਾਰਚ ਕੱਢਣਗੇ। ਇਸ 'ਚ 'ਆਪ' ਪਾਰਟੀ ਦੇ 8 ਵਿਧਾਇਕ, ਬੈਂਸ ਬ੍ਰਦਰਜ਼ ਤੋਂ ਇਲਾਵਾ ਪਟਿਆਲਾ ਦੇ ਸਾਂਸਦ ਧਰਮਵੀਰ ਗਾਂਧੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਹ ਮਾਰਚ 8 ਦਸੰਬਰ ਨੂੰ ਤਲਵੰਡੀ ਸਾਬੋ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋਵੇਗਾ ਅਤੇ 16 ਦਸੰਬਰ ਨੂੰ ਪਟਿਆਲਾ 'ਚ ਖਤਮ ਹੋਵੇਗਾ।
ਦੱਸ ਦੇਈਏ ਕਿ ਇਹ ਮਾਰਚ ਕਾਂਗਰਸ ਸਰਕਾਰ ਦੇ ਖਿਲਾਫ ਇਕ ਲੋਕ ਲਹਿਰ ਤਿਆਰ ਕਰੇਗਾ। ਇਹ ਮਾਰਚ ਮਾਲਵਾ ਦੇ 54 ਵੱਡੇ ਪਿੰਡਾਂ 'ਚੋਂ ਹੋ ਕੇ ਨਿਕਲੇਗਾ। ਜਿਨ੍ਹਾਂ 'ਚ ਜ਼ਿਆਦਾਤਰ ਉਹ ਪਿੰਡ ਹਨ, ਜਿੱਥੇ ਵੱਡੀ ਗਿਣਤੀ 'ਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਆਤਮ-ਹੱਤਿਆ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ 180 ਕਿਲੋਮੀਟਰ ਚੱਲਣ ਦੇ ਬਾਅਦ ਮਾਰਚ 16 ਦਸੰਬਰ ਨੂੰ ਪਟਿਆਲਾ 'ਚ ਖਤਮ ਹੋਵੇਗਾ।