ਜੂਨ-ਜੁਲਾਈ ਤੱਕ ਨਿਗਮ ਚੋਣਾਂ ਨੂੰ ਲਟਕਾ ਸਕਦੀ ਹੈ ਆਮ ਆਦਮੀ ਪਾਰਟੀ

Wednesday, Dec 14, 2022 - 12:09 PM (IST)

ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਨੇ ਗੁਜਰਾਤ ਵਿਚ ਭਾਵੇਂ 5 ਸੀਟਾਂ ਜਿੱਤ ਕੇ ਨੈਸ਼ਨਲ ਪਾਰਟੀ ਬਣ ਜਾਣ ਦਾ ਮਾਣ ਹਾਸਲ ਕਰ ਲਿਆ ਹੈ ਪਰ ਗੁਜਰਾਤ ਵਿਚ ‘ਆਪ’ ਦੀ ਜਿੱਤ ਉਮੀਦ ਮੁਤਾਬਕ ਨਹੀਂ ਰਹੀ। ਹਿਮਾਚਲ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਦੇ ਹੱਥ ਸਿਰਫ਼ ਨਿਰਾਸ਼ਾ ਹੀ ਲੱਗੀ ਅਤੇ ਇਸ ਦਾ ਖਾਤਾ ਤੱਕ ਗੁਆਂਢੀ ਸੂਬੇ ਵਿਚ ਨਹੀਂ ਖੁੱਲ੍ਹ ਸਕਿਆ। ਵੇਖਿਆ ਜਾਵੇ ਤਾਂ ਪੰਜਾਬ ਵਿਚ ਵੀ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਲਈ ਹਾਲਾਤ ਅਨੁਕੂਲ ਨਹੀਂ ਚੱਲ ਰਹੇ, ਉਸ ਤੋਂ ਲੱਗ ਰਿਹਾ ਹੈ ਕਿ ਪੰਜਾਬ ਵਿਚ ਨਿਗਮ ਚੋਣਾਂ ਨੂੰ ਆਮ ਆਦਮੀ ਪਾਰਟੀ ਜੂਨ-ਜੁਲਾਈ ਤੱਕ ਲਟਕਾ ਵੀ ਸਕਦੀ ਹੈ। ਅਜਿਹਾ ਇਸ ਲਈ ਲੱਗ ਰਿਹਾ ਹੈ ਕਿਉਂਕਿ ਸੱਤਾ ਧਿਰ ਦੇ ਨੇਤਾਵਾਂ ਨੇ ਅਜੇ ਨਿਗਮ ਚੋਣਾਂ ਨੂੰ ਲੈ ਕੇ ਕੋਈ ਖਾਸ ਤਿਆਰੀ ਨਹੀਂ ਕੀਤੀ ਅਤੇ ਜਿਨ੍ਹਾਂ ਸ਼ਹਿਰਾਂ ਵਿਚ ਨਗਰ ਨਿਗਮ ਹਨ, ਉਥੇ ਨਵੀਂ ਵਾਰਡਬੰਦੀ ਤੱਕ ਫਾਈਨਲ ਨਹੀਂ ਹੋਈ ਹੈ।

ਜਲੰਧਰ ਦੀ ਗੱਲ ਕਰੀਏ ਤਾਂ ਇਥੇ ਨਗਰ ਨਿਗਮ ਦਾ ਗਠਨ 25 ਜਨਵਰੀ 2018 ਨੂੰ ਹੋਇਆ ਸੀ ਅਤੇ ਉਸ ਹਿਸਾਬ ਨਾਲ ਮੌਜੂਦਾ ਨਗਰ ਨਿਗਮ ਦੇ ਹਾਊਸ ਦੀ ਮਿਆਦ 24 ਜਨਵਰੀ 2023 ਤੱਕ ਹੀ ਹੈ, ਜਿਸ ਵਿਚ ਲਗਭਗ ਇਕ ਮਹੀਨਾ ਹੀ ਬਾਕੀ ਰਹਿ ਗਿਆ ਹੈ। ਅਜਿਹੇ ਵਿਚ ਸ਼ਹਿਰ ਵਿਚ ਚਰਚਾ ਹੈ ਕਿ ਆਮ ਆਦਮੀ ਪਾਰਟੀ ਨਿਗਮ ਚੋਣਾਂ ਨੂੰ ਅੱਗੇ ਸਰਕਾਉਣਾ ਚਾਹੁੰਦੀ ਹੈ। ਵੈਸੇ ਇਸ ਸਬੰਧੀ ਸੰਕੇਤ ਲੋਕਲ ਬਾਡੀਜ਼ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਹੋਰਨਾਂ ਨੇਤਾਵਾਂ ਨੇ ਵੀ ਦੇ ਦਿੱਤੇ ਹਨ।

ਇਹ ਵੀ ਪੜ੍ਹੋ : ਜਲੰਧਰ ਦੇ ਬਸਤੀ ਸ਼ੇਖ ’ਚ ਜ਼ੁਲਮ ਦੀ ਹੱਦ: ਬੇਰਹਿਮੀ ਨਾਲ ਕੁੱਟ ਕੇ ਮਾਰ ਦਿੱਤਾ 3 ਮਹੀਨਿਆਂ ਦਾ ਸਟ੍ਰੀਟ ਡੌਗ

ਵਾਰਡਬੰਦੀ ਨੂੰ ਲੈ ਕੇ ਗੰਭੀਰ ਨਹੀਂ ਹਨ ਅਫ਼ਸਰ ਤੇ ਨੇਤਾ
ਜਲੰਧਰ ਨਿਗਮ ਦੇ ਫਿਲਹਾਲ 80 ਵਾਰਡ ਹਨ ਅਤੇ ਨਵਾਂ ਹਾਊਸ 85 ਵਾਰਡਾਂ ’ਤੇ ਆਧਾਰਿਤ ਹੋਵੇਗਾ। ਵਾਰਡਬੰਦੀ ਦੇ ਪਹਿਲੇ ਪੜਾਅ ਵਿਚ ਮੌਜੂਦਾ ਵਾਰਡਾਂ ਦਾ ਸਰਵੇ ਕਰਵਾਇਆ ਜਾ ਚੁੱਕਾ ਹੈ ਪਰ ਇਸ ਸਰਵੇ ਦਾ ਡਾਟਾ ਅਜੇ ਤੱਕ ਕੰਪਿਊਟਰਾਈਜ਼ਡ ਹੀ ਨਹੀਂ ਹੋਇਆ ਹੈ। ਹੁਣ ਜਾ ਕੇ ਜਲੰਧਰ ਨਿਗਮ ਨੂੰ 10 ਆਪ੍ਰੇਟਰ ਮਿਲੇ ਹਨ, ਜੋ ਇਹ ਕੰਮ ਸਿਰੇ ਚੜ੍ਹਾਉਣਗੇ। ਅਜਿਹੇ ਵਿਚ ਲੱਗ ਰਿਹਾ ਹੈ ਕਿ ਅਫ਼ਸਰਸ਼ਾਹੀ ਦਾ ਜ਼ਿਆਦਾ ਧਿਆਨ ਵਾਰਡਬੰਦੀ ਵੱਲ ਨਹੀਂ ਹੈ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਵਾਰਡਬੰਦੀ ਨੂੰ ਲੈ ਕੇ ਗੰਭੀਰ ਨਹੀਂ ਦਿਸ ਰਹੇ। ਮੌਜੂਦਾ ਸਮੇਂ ਵਾਰਡਾਂ ਤੋਂ ਉਠਾਇਆ ਗਿਆ ਡਾਟਾ ਅਜੇ ਬਲਾਕਸ ਵਿਚ ਵੰਡਿਆ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ ਕਿ ਕਿਹੜੇ-ਕਿਹੜੇ ਬਲਾਕ ਵਿਚ ਨਵੇਂ ਵਾਰਡ ਬਣਾਏ ਜਾਣੇ ਹਨ। ਜ਼ਿਕਰਯੋਗ ਹੈ ਕਿ ਜਲੰਧਰ ਨਿਗਮ ਵਿਚ 12 ਨਵੇਂ ਪਿੰਡਾਂ ਦੀ ਹੱਦ ਵੀ ਜੁੜ ਚੁੱਕੀ ਹੈ, ਇਸ ਲਈ ਉਨ੍ਹਾਂ ਪਿੰਡਾਂ ਦੀ ਆਬਾਦੀ ਅਤੇ ਰਕਬੇ ਦੇ ਹਿਸਾਬ ਨਾਲ ਵੀ 5 ਵਾਰਡ ਬਣਨੇ ਹਨ। ਆਮ ਆਦਮੀ ਪਾਰਟੀ ਦੇ ਕਿਸੇ ਨੇਤਾ ਨੂੰ ਇਸ ਦੀ ਜਾਣਕਾਰੀ ਨਹੀਂ ਹੈ ਕਿ ਮੌਜੂਦਾ ਵਾਰਡਾਂ ਨਾਲ ਛੇੜਛਾੜ ਕੀਤੀ ਜਾਵੇਗੀ ਜਾਂ ਉਨ੍ਹਾਂ ਨੂੰ ਅਜਿਹਾ ਹੀ ਰਹਿਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਜਲੰਧਰ ਦੇ ਬਸਤੀ ਸ਼ੇਖ ’ਚ ਜ਼ੁਲਮ ਦੀ ਹੱਦ: ਬੇਰਹਿਮੀ ਨਾਲ ਕੁੱਟ ਕੇ ਮਾਰ ਦਿੱਤਾ 3 ਮਹੀਨਿਆਂ ਦਾ ਸਟ੍ਰੀਟ ਡੌਗ

ਲਾਅ ਐਂਡ ਆਰਡਰ ਦੀ ਵਿਗੜੀ ਸਥਿਤੀ ਤੋਂ ‘ਆਪ’ ਦਾ ਕੈਡਰ ਵੀ ਪ੍ਰੇਸ਼ਾਨ
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਭਾਵੇਂ ਫ੍ਰੀ ਬਿਜਲੀ ਦੇ ਕੇ ਅਤੇ ਕੁਝ ਹੋਰ ਰਾਹਤਾਂ ਐਲਾਨ ਕਰ ਕੇ ਕੰਮਕਾਜ ਸ਼ੁਰੂ ਕਰ ਰੱਖਿਆ ਹੈ ਪਰ ਅਜੇ ਵੀ ਜ਼ਿਆਦਾਤਰ ਚੋਣ ਵਾਅਦੇ ਪੂਰੇ ਨਹੀਂ ਕੀਤੇ ਜਾ ਸਕੇ। ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਸੂਬੇ ਦੇ ਲਾਅ ਐਂਡ ਆਰਡਰ ਦੀ ਸਥਿਤੀ ਕੰਟਰੋਲ ਵਿਚ ਨਹੀਂ ਆ ਰਹੀ। ਗੈਂਗਸਟਰਾਂ ਦੀ ਧਮਕੀ ਤੋਂ ਬਾਅਦ ਜਿਸ ਤਰ੍ਹਾਂ ਨਕੋਦਰ ਵਿਚ ਨੌਜਵਾਨ ਵਪਾਰੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਅਤੇ ਉਸ ਤੋਂ ਪਹਿਲਾਂ ਅੰਮ੍ਰਿਤਸਰ ਵਿਚ ਜਿਸ ਤਰ੍ਹਾਂ ਹਿੰਦੂ ਨੇਤਾ ਦੀ ਸ਼ਰੇਆਮ ਹੱਤਿਆ ਹੋਈ, ਉਸ ਨਾਲ ਪੂਰੇ ਸੂਬੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹੀ ਸਥਿਤੀ ਵਿਚ ਆਮ ਆਦਮੀ ਪਾਰਟੀ ਦਾ ਆਪਣਾ ਕੈਡਰ ਵੀ ਪ੍ਰੇਸ਼ਾਨ ਹੈ। ਸੂਬੇ ਵਿਚ ਚੋਰੀ, ਡਕੈਤੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਵੀ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਲੋਕਾਂ ਵਿਚ ਪੁਲਸ ਦਾ ਡਰ ਵੀ ਖਤਮ ਹੁੰਦਾ ਦਿਸ ਰਿਹਾ ਹੈ। ਅਜਿਹੇ ਹਾਲਾਤ ਵਿਚ ਇਹ ਮੁੱਦਾ ਨਿਗਮ ਚੋਣਾਂ ’ਤੇ ਉਲਟ ਅਸਰ ਵੀ ਪਾ ਸਕਦਾ ਹੈ।

ਦੂਸਰੀ ਪਾਰਟੀਆਂ ਤੋਂ ਗਏ ਨੇਤਾਵਾਂ ਦੀ ਜ਼ਿਆਦਾ ਪੁੱਛਗਿੱਛ ਨਹੀਂ
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਪੰਜਾਬ ਦੀ ਸੱਤਾ ’ਤੇ ਕਬਜ਼ਾ ਕੀਤਾ ਸੀ, ਉਸ ਦੇ ਬਾਅਦ ਤੋਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਕਈ ਨੇਤਾ ‘ਆਪ’ ਵਿਚ ਸ਼ਾਮਲ ਹੋ ਚੁੱਕੇ ਹਨ ਪਰ ਦੇਖਣ ਵਿਚ ਆ ਰਿਹਾ ਹੈ ਕਿ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਜੋ ਨੇਤਾ ‘ਆਪ’ ਵਿਚ ਗਏ ਵੀ ਹਨ, ਉਨ੍ਹਾਂ ਦੀ ਜ਼ਿਆਦਾ ਪੁੱਛਗਿੱਛ ਨਹੀਂ ਹੈ। ਆਮ ਆਦਮੀ ਪਾਰਟੀ ਦੀ ਆਪਣੀ ਲੀਡਰਸ਼ਿਪ ਵਿਚ ਵੀ ਲਾਬਿੰਗ ਜ਼ੋਰਾਂ ’ਤੇ ਹੈ। ਅਜਿਹੇ ਵਿਚ ਦੂਸਰੀਆਂ ਪਾਰਟੀਆਂ ਤੋਂ ‘ਆਪ’ ਵਿਚ ਗਏ ਨੇਤਾ ਕਾਫੀ ਦੁਬਿਧਾ ਵਿਚ ਦਿਸ ਰਹੇ ਹਨ। ਇਸਦਾ ਅਸਰ ਇਹ ਹੋਇਆ ਹੈ ਕਿ ਹੁਣ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਜਾਣ ਦਾ ਸਿਲਸਿਲਾ ਰੁਕ ਜਿਹਾ ਗਿਆ ਹੈ ਅਤੇ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦਾ ਕੋਈ ਵੱਡਾ ਨੇਤਾ ‘ਆਪ’ ਵਿਚ ਸ਼ਾਮਲ ਨਹੀਂ ਹੋਇਆ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਸਰਦਾਰ ਦਾ ਕਮਾਲ ਵੇਖ ਕਰੋਗੇ ਤਾਰੀਫ਼ਾਂ, ਤਿਆਰ ਕੀਤਾ ਭਾਰਤ ਦਾ ਸਭ ਤੋਂ ਵੱਡਾ 40 ਕਿਲੋ ਦਾ 'ਬਰਗਰ'

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News