ਨਵੀਂ ਚਰਚਾ: ਆਮ ਆਦਮੀ ਪਾਰਟੀ ਦੇ ਕੁਝ ਆਗੂ ਰੱਖੜੀ ਦੇ ਨੇੜੇ-ਤੇੜੇ ਨਿਗਮ ਚੋਣਾਂ ਕਰਵਾਉਣ ਦੇ ਪੱਖ ’ਚ

Sunday, Apr 02, 2023 - 12:59 PM (IST)

ਨਵੀਂ ਚਰਚਾ: ਆਮ ਆਦਮੀ ਪਾਰਟੀ ਦੇ ਕੁਝ ਆਗੂ ਰੱਖੜੀ ਦੇ ਨੇੜੇ-ਤੇੜੇ ਨਿਗਮ ਚੋਣਾਂ ਕਰਵਾਉਣ ਦੇ ਪੱਖ ’ਚ

ਜਲੰਧਰ (ਖੁਰਾਣਾ)–ਕੇਂਦਰੀ ਚੋਣ ਕਮਿਸ਼ਨ ਨੇ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ ਤਾਂ ਕਰ ਦਿੱਤਾ ਹੈ ਪਰ ਸੂਬੇ ਵਿਚ ਨਗਰ ਨਿਗਮ ਦੀਆਂ ਚੋਣਾਂ ਲਟਕਦੀਆਂ ਚਲੀਆਂ ਜਾ ਰਹੀਆਂ ਹਨ। ਹੁਣ ਸ਼ਹਿਰ ਵਿਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ, ਜਿਸ ਦੇ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਹੀ ਕੁਝ ਆਗੂ ਨਿਗਮ ਚੋਣਾਂ ਨੂੰ ਹੋਰ ਲਟਕਾ ਕੇ ਅਗਸਤ ਦੇ ਆਖਿਰ ਤੱਕ ਲਿਜਾਣਾ ਚਾਹੁੰਦੇ ਹਨ ਤਾਂ ਕਿ ਰੱਖੜੀ ਦੇ ਨੇੜੇ-ਤੇੜੇ ਹੀ ਇਹ ਚੋਣਾਂ ਹੋ ਸਕਣ। ਇਸ ਦੇ ਪਿੱਛੇ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਅਗਸਤ ਮਹੀਨੇ ਵਿਚ ਆਮ ਆਦਮੀ ਪਾਰਟੀ ਆਪਣਾ ਸਭ ਤੋਂ ਵੱਡਾ ਚੋਣਾਵੀ ਵਾਅਦਾ ਪੂਰਾ ਕਰ ਸਕਦੀ ਹੈ, ਜਿਸ ਤਹਿਤ ਸੂਬੇ ਦੀ ਹਰੇਕ ਔਰਤ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਜਾਵੇਗਾ। ਉਂਝ ਕਿਹਾ ਜਾ ਰਿਹਾ ਹੈ ਕਿ ਇਹ ਵਾਅਦਾ ਪੂਰਾ ਕਰਨ ਸਮੇਂ ਸਰਕਾਰ ਕੁਝ ਸ਼ਰਤਾਂ ਨੂੰ ਜੋੜ ਸਕਦੀ ਹੈ। ਜ਼ਿਕਰਯੋਗ ਹੈ ਕਿ ਅਜੇ ਤੱਕ ਨਿਗਮ ਚੋਣਾਂ ਲਈ ਵਾਰਡਬੰਦੀ ਤੱਕ ਫਾਈਨਲ ਨਹੀਂ ਹੋਈ। ਨਿਗਮ ਚੋਣਾਂ ਸਬੰਧੀ ਚਰਚਾ ਕਰਨ ਵਾਲਿਆਂ ਦਾ ਇਹ ਵੀ ਮੰਨਣਾ ਹੈ ਕਿ ਅੰਮ੍ਰਿਤਪਾਲ ਕਾਂਡ ਕਾਰਨ ਵੀ ਆਮ ਆਦਮੀ ਪਾਰਟੀ ਦਾ ਅਕਸ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਸੂਬੇ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਸੁਧਰਨ ਦਾ ਨਾਂ ਨਹੀਂ ਲੈ ਰਹੀ।

ਇਹ ਵੀ ਪੜ੍ਹੋ : ‘ਅੰਨਦਾਤਾ’ ’ਤੇ ਕੁਦਰਤ ਦੀ ਮਾਰ, ਬੇਮੌਸਮੀ ਮੀਂਹ ਤੇ ਗੜਿਆਂ ਨਾਲ ਪੰਜਾਬ ’ਚ ਕਣਕ ਦੀ 20 ਫ਼ੀਸਦੀ ਫ਼ਸਲ ਖ਼ਰਾਬ

ਲੋਕਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਨਹੀਂ ਕਰ ਰਹੇ ਨਿਗਮ ਦੇ ਅਫ਼ਸਰ
ਜਿਸ ਤਰ੍ਹਾਂ ਜਲੰਧਰ ਨਗਰ ਨਿਗਮ ਦੀਆਂ ਚੋਣਾਂ ਵਿਚ ਕਈ ਮਹੀਨਿਆਂ ਦੀ ਦੇਰੀ ਹੋਣ ਜਾ ਰਹੀ ਹੈ, ਉਸ ਨਾਲ ਸ਼ਹਿਰ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਵਾਰਡਾਂ ਵਿਚ ਕੋਈ ਕੌਂਸਲਰ ਆਦਿ ਨਾ ਹੋਣ ਨਾਲ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਨਿਗਮ ਤੱਕ ਪਹੁੰਚਾਉਣ ਵਿਚ ਮੁਸ਼ਕਲ ਆ ਰਹੀ ਹੈ। ਦੂਜੀ ਵੱਡੀ ਗੱਲ ਇਹ ਹੈ ਕਿ ਇਸ ਸਮੇਂ ਨਗਰ ਨਿਗਮ ਦੇ ਵਧੇਰੇ ਅਧਿਕਾਰੀ ਅਤੇ ਕਰਮਚਾਰੀ ਲਾਪ੍ਰਵਾਹ ਬਣੇ ਹੋਏ ਹਨ, ਜਿਸ ਕਾਰਨ ਲੋਕਾਂ ਦੀਆਂ ਵਧੇਰੇ ਸ਼ਿਕਾਇਤਾਂ ’ਤੇ ਕੋਈ ਸੁਣਵਾਈ ਨਹੀਂ ਹੋ ਪਾ ਰਹੀ। ਜ਼ਿਮਨੀ ਚੋਣ ਦੇ ਮੱਦੇਨਜ਼ਰ ਵੀ ਸਰਕਾਰੀ ਮਸ਼ੀਨਰੀ ਚੋਣਾਂ ਦੇ ਕੰਮਾਂ ਵਿਚ ਰੁੱਝੀ ਰਹੇਗੀ। ਅਜਿਹੇ ਵਿਚ ਵੀ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋਣਾ ਸੁਭਾਵਿਕ ਹੀ ਹੈ। ਲੋਕਾਂ ਨੂੰ ਵੱਖ-ਵੱਖ ਦਸਤਾਵੇਜ਼ਾਂ ਆਦਿ ’ਤੇ ਕੌਂਸਲਰਾਂ ਦੇ ਦਸਤਖਤ ਆਦਿ ਕਰਵਾਉਣ ਵਿਚ ਵੀ ਦਿੱਕਤਾਂ ਆ ਰਹੀਆਂ ਹਨ।

‘ਆਪ’ ਦੇ ਜਲੰਧਰ ਯੂਨਿਟ ’ਚ ਹੈ ਏਕਤਾ ਦੀ ਘਾਟ
ਵਿਧਾਨ ਸਭਾ ਚੋਣਾਂ ਵਿਚ ਰਿਕਾਰਡਤੋੜ ਬਹੁਮਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਭਾਵੇਂ ਸੰਗਠਨ ਇਕ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਦਿਸ ਰਿਹਾ ਹੈ ਪਰ ਜਲੰਧਰ ਯੂਨਿਟ ਦੀ ਗੱਲ ਕਰੀਏ ਤਾਂ ਇਥੇ ‘ਆਪ’ ਆਗੂਆਂ ਵਿਚਕਾਰ ਆਪਸੀ ਏਕਤਾ ਦੀ ਘਾਟ ਨਜ਼ਰ ਆ ਰਹੀ ਹੈ। 2 ਵਿਧਾਇਕ ਸੱਤਾ ਧਿਰ ਅਤੇ 2 ਵਿਰੋਧੀ ਧਿਰ ਤੋਂ ਹਨ। ਅਜਿਹੇ ਵਿਚ ਚਾਰਾਂ ਵਿਧਾਨ ਸਭਾ ਹਲਕਿਆਂ ਵਿਚ ਆਪਸੀ ਤਾਲਮੇਲ ਵੀ ਗੜਬੜਾ ਰਿਹਾ ਹੈ। ਛਾਉਣੀ ਵਿਧਾਨ ਸਭਾ ਹਲਕੇ ਵਿਚ ਪਹਿਲਾਂ 2 ਗਰੁੱਪ ਹੁੰਦੇ ਸਨ, ਜਿਨ੍ਹਾਂ ਵਿਚੋਂ ਇਕ ਦੀ ਅਗਵਾਈ ਮੈਡਮ ਰਾਜਵਿੰਦਰ ਕੌਰ ਅਤੇ ਦੂਜੇ ਦੀ ਅਗਵਾਈ ਸੁਰਿੰਦਰ ਸੋਢੀ ਕਰਦੇ ਸਨ ਪਰ ਹੁਣ ਕਿਤੇ ਨਾ ਕਿਤੇ ਜਗਬੀਰ ਬਰਾੜ ਗਰੁੱਪ ਵੀ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਇਸੇ ਤਰ੍ਹਾਂ ਜਿਸ ਤਰ੍ਹਾਂ ਨਾਲ ਵੈਸਟ ਵਿਧਾਨ ਸਭਾ ਹਲਕੇ ਵਿਚ ਅਕਾਲੀ ਦਲ ਤੇ ਕਾਂਗਰਸ ਦੇ ਉੱਚ ਆਗੂ ਸ਼ਾਮਲ ਕਰਵਾਏ ਜਾ ਰਹੇ ਹਨ, ਉਸ ਨਾਲ ਵੀ ਤਾਲਮੇਲ ਵਿਗੜਦਾ ਨਜ਼ਰ ਆਉਣ ਲੱਗਾ ਹੈ। ਮੰਨਿਆ ਜਾ ਿਰਹਾ ਹੈ ਕਿ ‘ਆਪ’ ਦੇ ਜਲੰਧਰ ਯੂਨਿਟ ਵਿਚ ਆਪਸੀ ਮਤਭੇਦ ਟਿਕਟਾਂ ਵੰਡਣ ਦੇ ਸਮੇਂ ਖੁੱਲ੍ਹ ਕੇ ਸਾਹਮਣੇ ਆ ਸਕਦੇ ਹਨ। ਉਂਝ ਇਹ ਮਤਭੇਦ ਵਾਰਡਬੰਦੀ ਪ੍ਰਕਿਰਿਆ ਦੌਰਾਨ ਵੀ ਦਿਸ ਰਹੇ ਹਨ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਪਿੰਡ 'ਚ ਪਪਲਪ੍ਰੀਤ ਨਾਲ ਨਜ਼ਰ ਆਇਆ ਅੰਮ੍ਰਿਤਪਾਲ, CCTV ਫੁਟੇਜ ਆਈ ਸਾਹਮਣੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News