‘ਆਪ’ ਦੀ ਸਰਕਾਰ: ਨਵੇਂ ‘ਗੌਡਫਾਦਰ’ ਦੀ ਭਾਲ ’ਚ ਜੁਟੀ ਸੂਬੇ ਦੀ ਅਫ਼ਸਰਸ਼ਾਹੀ
Wednesday, Mar 16, 2022 - 11:00 AM (IST)
ਜਲੰਧਰ (ਅਨਿਲ ਪਾਹਵਾ)– ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਸੂਬੇ ਵਿਚ ਆਮ ਆਦਮੀ ਪਾਰਟੀ ਦੀ ਪੂਰੇ ਬਹੁਮਤ ਨਾਲ ਸਰਕਾਰ ਬਣਨ ਲਈ ਤਿਆਰ ਹੈ। ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਬੁੱਧਵਾਰ ਨੂੰ ਖਟਕੜ ਕਲਾਂ ’ਚ ਸਹੁੰ ਚੁੱਕਣਗੇ, ਜਿਸ ਤੋਂ ਬਾਅਦ ਸਰਕਾਰ ਦਾ ਕੰਮ ਸ਼ੁਰੂ ਹੋ ਜਾਵੇਗਾ। ਇਹ ਇਕ ਆਮ ਪ੍ਰਕਿਰਿਆ ਹੈ, ਜੋ ਹਰ ਵਾਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਅਪਣਾਈ ਜਾਂਦੀ ਹੈ। ਇਸ ਵਾਰ ਦੋ ਚੀਜ਼ਾਂ ਵੱਖਰੀਆਂ ਹਨ, ਇਕ ਤਾਂ ਸਹੁੰ ਚੁੱਕਣ ਵਾਲਾ ਸੀ. ਐੱਮ. ਗੈਰ-ਕਾਂਗਰਸ, ਗੈਰ-ਭਾਜਪਾ ਤੇ ਗੈਰ-ਅਕਾਲੀ ਦਲ ਪਾਰਟੀ ’ਚੋਂ ਹੈ। ਦੂਜਾ ਇਹ ਸਹੁੰ-ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਚ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਵੀ ਇਕ ਹੋਰ ਪ੍ਰਕਿਰਿਆ ਵੱਖਰੀ ਚੱਲ ਰਹੀ ਹੈ, ਜੋ ਇਸ ਤੋਂ ਪਹਿਲਾਂ ਕਦੇ ਨਹੀਂ ਹੋਈ। ਉਹ ਹੈ ਸੂਬੇ ਵਿਚ ਤਾਇਨਾਤ ਅਫ਼ਸਰਾਂ ਵੱਲੋਂ ਆਪਣੇ ਲਈ ਗੌਡਫਾਦਰ ਦੀ ਭਾਲ।
ਅਫ਼ਸਰਾਂ ਲਈ ਨਵਾਂ ਤਜ਼ਰਬਾ
ਅਸਲ ’ਚ ਪੰਜਾਬ ’ਚ ਤਾਇਨਾਤ ਪੁਲਸ ਜਾਂ ਪ੍ਰਸ਼ਾਸਨਿਕ ਅਧਿਕਾਰੀ ਸੱਤਾ ਬਦਲਣ ’ਤੇ ਸੱਤਾਧਾਰੀ ਪਾਰਟੀ ’ਚ ਆਪਣਾ ਗੌਡਫਾਦਰ ਬਣਾ ਕੇ ਰੱਖਦੇ ਹਨ। ਕਾਂਗਰਸ ਦੀ ਸਰਕਾਰ ’ਚ ਵੱਖ ਅਤੇ ਅਕਾਲੀ-ਭਾਜਪਾ ਸਰਕਾਰ ਹੋਵੇ ਤਾਂ ਵੱਖ ਗੌਡਫਾਦਰ ਹੁੰਦਾ ਹੈ। ਪਾਰਟੀ ਦੇ ਹਿਸਾਬ ਨਾਲ ਸਾਰਿਆਂ ਨੇ ਆਪਣੇ ਗੌਡਫਾਦਰ ਬਣਾਏ ਹੁੰਦੇ ਹਨ ਤਾਂ ਜੋ ਕੋਈ ਵੀ ਸਰਕਾਰ ਆਏ, ਸੱਤਾ ਮੁਤਾਬਕ ਅਹਿਮ ਅਹੁਦਾ ਜਾਂ ਮਲਾਈਦਾਰ ਪੋਸਟ ਹਾਸਲ ਕੀਤੀ ਜਾ ਸਕੇ। ਕੁਲ ਮਿਲਾ ਕੇ ਕਈ ਅਫ਼ਸਰਾਂ ਦੀ ਤਾਇਨਾਤੀ ’ਚ ਸੱਤਾਧਾਰੀ ਪਾਰਟੀ ਦੇ ਵਿਧਾਇਕ ਜਾਂ ਹੋਰ ਨੇਤਾ ਅਹਿਮ ਭੂਮਿਕਾ ਨਿਭਾਉਂਦੇ ਹਨ ਪਰ ਇਸ ਵਾਰ ਇਹ ਤਸਵੀਰ ਕੁਝ ਵੱਖਰੀ ਹੈ।
ਐਕਸ਼ਨ ’ਚ ਪਾਰਟੀ ਦੇ ਵਿਧਾਇਕ
ਜਿਸ ਤਰ੍ਹਾਂ ਪੰਜਾਬ ’ਚ ਆਮ ਆਦਮੀ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕ ਸਰਕਾਰੀ ਹਸਪਤਾਲਾਂ, ਸਕੂਲਾਂ, ਸਰਕਾਰੀ ਦਫ਼ਤਰਾਂ, ਪੁਲਸ ਸਟੇਸ਼ਨਾਂ ’ਚ ਜਾ ਕੇ ਅਚਾਨਕ ਜਾਂਚ ਕਰ ਰਹੇ ਹਨ ਅਤੇ ਸਟਾਫ਼ ਨੂੰ ਹਦਾਇਤਾਂ ਜਾਰੀ ਕਰ ਰਹੇ ਹਨ, ਉਸ ਤੋਂ ਤਾਂ ਇਹੀ ਲੱਗਦਾ ਹੈ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਪਹਿਲਾਂ ਵਰਗੀਆਂ ਲਾਪ੍ਰਵਾਹੀਆਂ ਅਤੇ ਛੋਟ ਨਹੀਂ ਮਿਲੇਗੀ। ਖ਼ਾਸ ਤੌਰ ’ਤੇ ਜੇ ਇਹ ਵਿਵਸਥਾ ਲਾਗੂ ਰਹਿੰਦੀ ਹੈ ਤਾਂ ਆਮ ਲੋਕਾਂ ਲਈ ਇਹ ਇਕ ਬਿਹਤਰ ਦੌਰ ਹੋਵੇਗਾ। ਲੋਕਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ’ਤੇ ਹੋਣਗੇ ਅਤੇ ਪਹਿਲਾਂ ਵਾਂਗ ਉਨ੍ਹਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਸਟਾਫ਼ ਦੀ ਗੈਰ-ਮੌਜੂਦਗੀ ਕਾਰਨ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ।
ਇਹ ਵੀ ਪੜ੍ਹੋ: ਜਲੰਧਰ ਵਿਖੇ ਗੈਸਟ ਹਾਊਸ ’ਚੋਂ ਰੰਗਰਲੀਆਂ ਮਨਾਉਂਦੇ ਫੜੇ ਗਏ ਮੁੰਡੇ-ਕੁੜੀਆਂ
ਦੁਚਿੱਤੀ ’ਚ ਅਫ਼ਸਰਸ਼ਾਹੀ
ਪੰਜਾਬ ’ਚ ਆਮ ਆਦਮੀ ਪਾਰਟੀ ਪਹਿਲੀ ਵਾਰ ਸੱਤਾ ’ਚ ਆਈ ਹੈ ਅਤੇ ਹੁਣ ਤਕ ਕਿਸੇ ਨੂੰ ਉਮੀਦ ਵੀ ਨਹੀਂ ਸੀ ਕਿ ‘ਆਪ’ ਸੂਬੇ ਵਿਚ ਪੂਰੇ ਬਹੁਮਤ ਨਾਲ ਸੱਤਾ ਵਿਚ ਆ ਜਾਵੇਗੀ। ਅਫ਼ਸਰਸ਼ਾਹੀ ਇਹ ਸੋਚ ਕੇ ਚੱਲ ਰਹੀ ਸੀ ਕਿ ‘ਆਪ’ ਜੇ ਸੱਤਾ ਵਿਚ ਆਏਗੀ ਵੀ ਤਾਂ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਮਿਲ ਕੇ ਆਏਗੀ। ਜਿਹੜੀ ਵੀ ਗਠਜੋੜ ਪਾਰਟੀ ਹੋਵੇਗੀ, ਉਹ ਪਹਿਲਾਂ ਤੋਂ ਹੀ ਸੂਬੇ ਵਿਚ ਸੱਤਾ ’ਚ ਰਹਿ ਚੁੱਕੀ ਹੋਵੇਗੀ, ਜਿਸ ਨਾਲ ਮਲਾਈਦਾਰ ਪੋਸਟ ਲੈਣ ’ਚ ਮੁਸ਼ਕਲ ਨਹੀਂ ਆਏਗੀ ਪਰ ਹੁਣ ਸਥਿਤੀ ਬਦਲ ਚੁੱਕੀ ਹੈ ਅਤੇ ਸਭ ਕੁਝ ਉਲਟ-ਪੁਲਟ ਹੋ ਗਿਆ ਹੈ। ਅਫਸਰਸ਼ਾਹੀ ਨੂੰ ਸਮਝ ਨਹੀਂ ਆ ਰਹੀ ਕਿ ਕਿਸ ਨੂੰ ਗੌਡਫਾਦਰ ਬਣਾਇਆ ਜਾਵੇ ਜਾਂ ਕਿਸ ਨੂੰ ਮਿਲਿਆ ਜਾਵੇ ਤਾਂ ਜੋ ਕੋਈ ਚੰਗੀ ਪੋਸਟ ਮਿਲ ਸਕੇ।
ਕੋਈ ਨਹੀਂ ਜਾਣਦਾ
ਪੰਜਾਬ ’ਚ ਆਮ ਆਦਮੀ ਪਾਰਟੀ ’ਚ ਫਿਲਹਾਲ ਭਗਵੰਤ ਮਾਨ ਦਾ ਚਿਹਰਾ ਹੀ ਨਜ਼ਰ ਆ ਰਿਹਾ ਹੈ, ਜੋ ਆਉਣ ਵਾਲੇ ਸਮੇਂ ’ਚ ਸੂਬੇ ਵਿਚ ਮੁੱਖ ਮੰਤਰੀ ਵਜੋਂ ਵਿਵਸਥਾ ਵੇਖਣਗੇ ਪਰ ਅਫ਼ਸਰਸ਼ਾਹੀ ਅੱਗੇ ਵੱਡਾ ਸਵਾਲ ਇਹ ਹੈ ਕਿ ਉਸ ਨੇ ਕਿਸ ਨਾਲ ਸੰਪਰਕ ਕਰਨਾ ਹੈ ਜਾਂ ਇੰਝ ਕਹੀਏ ਕਿ ਦਿੱਲੀ ’ਚ ਬੈਠੇ ਨੇਤਾਵਾਂ ਜਾਂ ਭਗਵੰਤ ਮਾਨ ਦੋਵਾਂ ਵਿਚੋਂ ਕਿਸ ਦਾ ਪੱਲਾ ਫੜ ਕੇ ਪੰਜਾਬ ’ਚ ਇਹ 5 ਸਾਲ ਕੱਢੇ ਜਾਣਗੇ। ਇਸ ਤਰ੍ਹਾਂ ਦੀ ਸਮੱਸਿਆ ਅਫਸਰਾਂ ਨੇ ਕਦੇ ਨਹੀਂ ਵੇਖੀ। ਕੁਝ ਉੱਪਰਲੇ ਪੱਧਰ ਦੇ ਅਫਸਰ ਅਜੇ 2 ਦਿਨ ਪਹਿਲਾਂ ਹੀ ਭਗਵੰਤ ਮਾਨ ਨੂੰ ਮਿਲੇ ਹਨ ਅਤੇ ਉਨ੍ਹਾਂ ਨੇ ਪੰਜਾਬ ’ਚ ਅਗਲੇ ਸ਼ਾਸਨ ਲਈ ਹਦਾਇਤਾਂ ਮੰਗੀਆਂ ਹਨ। ਦੱਸਿਆ ਜਾਂਦਾ ਹੈ ਕਿ ਭਗਵੰਤ ਮਾਨ ਨੇ ਉਨ੍ਹਾਂ ਨੂੰ ਇਹੀ ਸਲਾਹ ਦਿੱਤੀ ਹੈ ਕਿ ਫੀਅਰਲੈੱਸ ਵਿਵਸਥਾ ਤਹਿਤ ਕੰਮ ਕਰੋ ਅਤੇ ਕਿਸੇ ਦੇ ਦਬਾਅ ਹੇਠ ਆਉਣ ਦੀ ਲੋੜ ਨਹੀਂ।
ਇਹ ਵੀ ਪੜ੍ਹੋ: ਜਲੰਧਰ: ਗਊਆਂ ਦੇ ਹੋ ਰਹੇ ਕਤਲਾਂ ਨੂੰ ਲੈ ਕੇ ਹਿੰਦੂ ਨੇਤਾ ਭੜਕੇ, ਸਰਕਾਰ ਨੂੰ ਦਿੱਤੀ ਵੱਡੀ ਚਿਤਾਵਨੀ
ਕਰਤਾ-ਧਰਤਾ ਕੌਣ, ਰੈਸਟ ਮੋਡ ’ਚ ਜਾਣ ਦੀ ਤਿਆਰੀ ’ਚ ਕੁਝ ਅਫ਼ਸਰ
ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰ ਬਣੀ ਹੈ। ਇੱਥੋਂ ਦੇ ਅਫ਼ਸਰਾਂ ਨੂੰ ਪਾਰਟੀ ਦੇ ਹਾਈਕਮਾਂਡ ਅਤੇ ਨੇਤਾਵਾਂ ਨਾਲ ਕੰਮ ਕਰਨ ਦਾ ਤਜਰਬਾ ਨਹੀਂ ਹੈ। ਜਿਸ ਤਰ੍ਹਾਂ ਦਾ ਪਾਰਟੀ ਦਾ ਅਕਸ ਹੈ, ਉਸ ਨੂੰ ਵੇਖਦੇ ਹੋਏ ਕਈ ਅਫ਼ਸਰ ਛੁੱਟੀ ’ਤੇ ਜਾਣ ਦੀ ਵੀ ਤਿਆਰੀ ਕਰ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਕਈ ਅਫ਼ਸਰਾਂ ਨੇ ਤਾਂ ਛੁੱਟੀ ਲਈ ਅਪਲਾਈ ਵੀ ਕਰ ਦਿੱਤਾ ਹੈ, ਜਦੋਂਕਿ ਕੁਝ ਅਫ਼ਸਰ ਅਜੇ ‘ਤੇਲ ਵੇਖੋ, ਤੇਲ ਦੀ ਧਾਰ ਵੇਖੋ’ ਦੀ ਪਾਲਿਸੀ ’ਤੇ ਚੱਲ ਰਹੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਵੱਡੀ ਵਾਰਦਾਤ, 2 ਦਿਨ ਤੋਂ ਲਾਪਤਾ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ, ਖੇਤਾਂ 'ਚੋਂ ਮਿਲੀ ਲਾਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ