ਨਵੇਂ ਸਾਲ ’ਚ ਆਮ ਆਦਮੀ ਪਾਰਟੀ ਸਾਹਮਣੇ ਨਵੀਆਂ ਚੁਣੌਤੀਆਂ, ਲੈਣੇ ਪੈ ਸਕਦੇ ਹਨ ਵੱਡੇ ਫ਼ੈਸਲੇ
Wednesday, Jan 03, 2024 - 11:14 AM (IST)
ਜਲੰਧਰ (ਇੰਟ.)–ਨਵੇਂ ਸਾਲ ’ਚ ਆਮ ਆਦਮੀ ਪਾਰਟੀ (ਆਪ) ਨੂੰ ਜਿੱਥੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਉੱਥੇ ਹੀ ਦਿੱਲੀ ਤੋਂ ਉਸ ਦੇ 3 ਰਾਜ ਸਭਾ ਮੈਂਬਰਾਂ ਦਾ ਕਾਰਜਕਾਲ ਪੂਰਾ ਹੋਣ ’ਤੇ ਉਨ੍ਹਾਂ ਦੀਆਂ ਮੁੜ-ਨਾਮਜ਼ਦਗੀਆਂ ਸਬੰਧੀ ਵੀ ਵੱਡਾ ਫ਼ੈਸਲਾ ਲੈਣਾ ਪੈ ਸਕਦਾ ਹੈ। ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਤੀਜੀ ਵਾਰ ਸੰਮਨ ਭੇਜਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਦਿੱਲੀ ਐਕਸਾਈਜ਼ ਡਿਊਟੀ ਨੀਤੀ ਮਾਮਲੇ ਸਬੰਧੀ ਪੁੱਛਗਿੱਛ ਲਈ 3 ਜਨਵਰੀ ਨੂੰ ਹਾਜ਼ਰ ਹੋਣਾ ਪਵੇਗਾ। ਕੇਜਰੀਵਾਲ ਨਵੰਬਰ ਅਤੇ ਦਸੰਬਰ ’ਚ ਪੁੱਛਗਿੱਛ ਲਈ ਹਾਜ਼ਰ ਨਹੀਂ ਹੋਏ ਸਨ। ਹਾਲਾਂਕਿ ਅਜੇ ਇਹ ਵੀ ਸਪਸ਼ਟ ਨਹੀਂ ਕਿ ਉਹ ਈ. ਡੀ. ਦੇ ਸਾਹਮਣੇ ਪੇਸ਼ ਹੋਣਗੇ ਜਾਂ ਨਹੀਂ।
ਪੰਜਾਬ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਚੋਣਾਂ ’ਤੇ ਵੀ ਹੁਣੇ ਤੋਂ ਨਜ਼ਰ
ਕੇਜਰੀਵਾਲ ਹੁਣੇ ਜਿਹੇ ਵਿਪਾਸਨਾ ਧਿਆਨ ਸੈਸ਼ਨ ਲਈ ਹੁਸ਼ਿਆਰਪੁਰ ਗਏ ਸਨ ਅਤੇ ਬੀਤੇ ਸ਼ਨੀਵਾਰ ਹੀ ਵਾਪਸ ਦਿੱਲੀ ਆਏ ਹਨ। ਮੀਡੀਆ ਦੀ ਰਿਪੋਰਟ ਮੁਤਾਬਕ ਉਨ੍ਹਾਂ ਐਤਵਾਰ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਆਪ’ ਦੀ ਕੌਮੀ ਕਾਰਜਕਾਰਣੀ ਅਤੇ ਕੌਮੀ ਪ੍ਰੀਸ਼ਦ ਦੀਆਂ ਬੈਠਕਾਂ ਦੀ ਪ੍ਰਧਾਨਗੀ ਕੀਤੀ ਸੀ। ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੌਮੀ ਸੰਗਠਨ ਜਨਰਲ ਸਕੱਤਰ ਸੰਦੀਪ ਪਾਠਕ ਵੀ ਸਨ। ਬੈਠਕਾਂ ਦੌਰਾਨ ਕੇਜਰੀਵਾਲ ਨੇ ਦੇਸ਼ ਭਰ ਵਿਚ ਪਾਰਟੀ ਦਾ ਵਿਸਤਾਰ ਕਰਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ‘ਆਪ’ ਲੋਕ ਸਭਾ ਚੋਣਾਂ ਵਿਚ ਇੰਡੀਆ ਗਠਜੋੜ ਦਾ ਹਿੱਸਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਸੀਟਾਂ ਮਿਲਣਗੀਆਂ, ਉਨ੍ਹਾਂ ’ਤੇ ਉਹ ਚੰਗੇ ਢੰਗ ਨਾਲ ਚੋਣ ਲੜਨਗੇ ਅਤੇ ਉਨ੍ਹਾਂ ਸਾਰੀਆਂ ਸੀਟਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜ੍ਹੋ : ਦੋਸਤਾਂ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ DSP ਦੀ ਨਹਿਰ ਕੋਲੋਂ ਮਿਲੀ ਲਾਸ਼, PAP 'ਚ ਸਨ ਤਾਇਨਾਤ
ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਚੋਣਾਂ ਸਾਡੇ ਲਈ ਅਹਿਮ ਹਨ। ‘ਆਪ’ ਦਾ ਇਰਾਦਾ ਹਰਿਆਣਾ ’ਚ ਸਰਕਾਰ ਬਣਾਉਣ ਦਾ ਹੈ, ਜਿੱਥੇ ਅਕਤੂਬਰ-ਨਵੰਬਰ ’ਚ ਚੋਣਾਂ ਹੋਣ ਦੀ ਸੰਭਾਵਨਾ ਹੈ। ਕੇਜਰੀਵਾਲ ਨੇ ਕਿਹਾ ਕਿ ਪਿਛਲੇ 2 ਸਾਲਾਂ ’ਚ ਪੰਜਾਬ ਵਿਚ ਬਹੁਤ ਕੰਮ ਹੋਇਆ ਹੈ। ਉਨ੍ਹਾਂ ਮੁਫ਼ਤ ਬਿਜਲੀ, ਮੁਹੱਲਾ ਕਲੀਨਿਕ, ਸੀਨੀਅਰ ਨਾਗਰਿਕਾਂ ਲਈ ਤੀਰਥ ਯਾਤਰਾ ਅਤੇ ਸਕੂਲਾਂ ’ਚ ਬੁਨਿਆਦੀ ਢਾਂਚੇ ਦੇ ਵਿਕਾਸ ਵਰਗੀਆਂ ਯੋਜਨਾਵਾਂ ’ਤੇ ਚਾਨਣਾ ਪਾਇਆ।
3 ਰਾਜ ਸਭਾ ਸੀਟਾਂ ’ਤੇ ਵੀ ਹੋ ਸਕਦਾ ਹੈ ਵੱਡਾ ਫ਼ੈਸਲਾ
ਦੂਜੇ ਪਾਸੇ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਿੱਲੀ ਤੋਂ ‘ਆਪ’ ਦੇ 3 ਰਾਜ ਸਭਾ ਮੈਂਬਰਾਂ ਸੰਜੇ ਸਿੰਘ, ਐੱਨ. ਡੀ. ਗੁਪਤਾ ਅਤੇ ਸੁਸ਼ੀਲ ਗੁਪਤਾ ਦਾ ਕਾਰਜਕਾਲ ਜਲਦ ਹੀ ਖ਼ਤਮ ਹੋਣ ਵਾਲਾ ਹੈ। ਪਾਰਟੀ ਮੈਂਬਰਾਂ ’ਚ ਮੁੜ-ਨਾਮਜ਼ਦਗੀ ਸਬੰਧੀ ਅਟਕਲਾਂ ਦਾ ਦੌਰ ਵੀ ਚੱਲ ਰਿਹਾ ਹੈ। ਸੀ. ਐੱਮ. ਆਪਣੇ ਚਿੰਤਨ ਸੈਸ਼ਨ ਤੋਂ ਬਾਅਦ ਵਾਪਸ ਆ ਗਏ ਹਨ ਅਤੇ ਜਲਦ ਹੀ ਇਸ ’ਤੇ ਫ਼ੈਸਲਾ ਹੋਣ ਦੀ ਉਮੀਦ ਹੈ। ਸੂਤਰਾਂ ਨੇ ਕਿਹਾ ਕਿ ਪਾਰਟੀ ਨੂੰ ਰਾਜ ਸਭਾ ਲਈ ਕਿਸੇ ਹੋਰ ਨੂੰ ਨਾਮਜ਼ਦ ਕਰਨ ਲਈ ਸਖਤ ਫ਼ੈਸਲਾ ਲੈਣਾ ਪੈ ਸਕਦਾ ਹੈ ਅਤੇ ਇਕ ਹੈਰਾਨੀਜਨਕ ਐਲਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ : ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਪੇਪਰਲੈੱਸ ਹੋਵੇਗੀ ਬਿਲਿੰਗ, ਹੁਣ ਮੋਬਾਇਲ ’ਤੇ ਦਿੱਸੇਗਾ ਵਰਤੇ ਯੂਨਿਟਾਂ ਦਾ ਡਾਟਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।