''ਆਪ'' ਦੇ ਸੰਗਠਨਾਤਮਕ ਢਾਂਚੇ ਦਾ ਐਲਾਨ ਇਸੇ ਹਫ਼ਤੇ, ਫੂਲਕਾ ਦਾ ਬਦਲ ਲੱਭਣ ਦੀ ਕਾਹਲੀ ''ਚ ਨਹੀਂ ਪਾਰਟੀ
Tuesday, Jul 11, 2017 - 01:39 PM (IST)
ਚੰਡੀਗੜ੍ਹ (ਸ਼ਰਮਾ)-ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਵਿਚ ਕਾਫੀ ਸਮੇਂ ਤੋਂ ਉਡੀਕੇ ਜਾ ਰਹੇ ਸੰਗਠਨਾਤਮਕ ਢਾਂਚੇ ਦਾ ਐਲਾਨ ਇਸੇ ਹਫ਼ਤੇ ਹੋ ਸਕਦਾ ਹੈ। ਪੰਜਾਬ ਇਕਾਈ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਤੇ ਸਹਿ ਪ੍ਰਧਾਨ ਅਮਨ ਅਰੋੜਾ ਪ੍ਰਸਤਾਵਿਤ ਢਾਂਚੇ 'ਤੇ ਕੇਂਦਰੀ ਲੀਡਰਸ਼ਿਪ ਨੂੰ ਵਿਸ਼ਵਾਸ ਵਿਚ ਲੈਣ ਲਈ ਦਿੱਲੀ ਦੇ ਦੌਰੇ 'ਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸਤਾਵਿਤ ਢਾਂਚੇ ਨੂੰ ਅਮਲੀ ਰੂਪ ਦੇਣ ਤੋਂ ਪਹਿਲਾਂ ਅਮਨ ਅਰੋੜਾ ਦੇ ਪੰਜਾਬ ਦੌਰੇ ਦੌਰਾਨ ਸਥਾਨਕ ਨੇਤਾਵਾਂ ਤੇ ਵਰਕਰਾਂ ਦੇ ਸੁਝਾਵਾਂ 'ਤੇ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ 'ਤੇ ਹੀ ਸੰਗਠਨਾਤਮਕ ਢਾਂਚੇ ਨੂੰ ਆਕਾਰ ਦਿੱਤਾ ਗਿਆ ਹੈ। ਹੁਣ ਕੇਂਦਰੀ ਲੀਡਰਸ਼ਿਪ ਦੀ ਸਹਿਮਤੀ ਮਗਰੋਂ ਇਸੇ ਹਫ਼ਤੇ ਪਾਰਟੀ ਦੀ ਰਾਜ ਪੱਧਰੀ ਕਮੇਟੀ, ਜ਼ੋਨਲ ਇੰਚਾਰਜਾਂ ਤੇ ਜ਼ਿਲਾ ਪ੍ਰਧਾਨਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਬੂਥ ਤੇ ਵਾਰਡ ਪੱਧਰ 'ਤੇ ਇੰਚਾਰਜਾਂ ਦੀ ਚੋਣ ਵਿਚ ਸਟੇਟ ਲੀਡਰਸ਼ਿਪ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ। ਇਨ੍ਹਾਂ ਪੱਧਰਾਂ 'ਤੇ ਸਥਾਨਕ ਵਰਕਰ ਸਰਵਸੰਮਤੀ ਨਾਲ ਫੈਸਲਾ ਲੈਣਗੇ। ਅਮਨ ਅਰੋੜਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਪ੍ਰਦੇਸ਼ ਵਿਚ ਪਾਰਟੀ ਇਕਾਈ ਦੇ ਸੰਗਠਨਾਤਮਕ ਢਾਂਚੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਜਿਸ ਦਾ ਐਲਾਨ ਅਗਲੇ ਦੋ-ਤਿੰਨ ਦਿਨਾਂ ਵਿਚ ਕਰ ਦਿੱਤਾ ਜਾਵੇਗਾ।
ਉਧਰ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਚ. ਐਸ. ਫੂਲਕਾ ਵਲੋਂ '84 ਦੰਗਾ ਪੀੜਤਾਂ ਦੇ ਮਾਮਲੇ ਨੂੰ ਲੜਨ ਨੂੰ ਪਹਿਲ ਦਿੰਦਿਆਂ ਆਪਣਾ ਅਹੁਦਾ ਛੱਡਣ ਦੇ ਐਲਾਨ ਨੇ ਪਾਰਟੀ ਦੀ ਪੰਜਾਬ ਇਕਾਈ ਵਿਚ ਸ਼ੀਤ ਯੁੱਧ ਨੂੰ ਜਨਮ ਦੇ ਦਿੱਤਾ ਹੈ। ਫੂਲਕਾ ਵਲੋਂ ਤਿੰਨ ਨੇਤਾਵਾਂ ਸੁਖਪਾਲ ਸਿੰਘ ਖਹਿਰਾ, ਅਮਨ ਅਰੋੜਾ ਤੇ ਕੰਵਰ ਸੰਧੂ ਦੇ ਨਾਵਾਂ ਦਾ ਸੁਝਾਅ ਦੇਣ ਤੋਂ ਬਾਅਦ ਪਹਿਲਾਂ ਤੋਂ ਧੜਿਆਂ ਵਿਚ ਵੰਡੀ ਪਾਰਟੀ ਦੀ ਧੜੇਬਾਜ਼ੀ ਵਿਚ ਨਵੀਂ ਊਰਜਾ ਦਾ ਸੰਚਾਰ ਹੋਇਆ ਹੈ। ਇਹੀ ਕਾਰਨ ਹੈ ਕਿ ਪਾਰਟੀ ਇਸ ਅਹੁਦੇ 'ਤੇ ਚੋਣ ਨੂੰ ਕੁੱਝ ਮਹੀਨੇ ਟਾਲਣਾ ਚਾਹੁੰਦੀ ਹੈ। ਉਂਝ ਵੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਹੋਣ ਦੇ ਚਲਦੇ ਪਾਰਟੀ ਨੂੰ ਕਾਹਲੀ ਕਰਨ ਦੀ ਮਜਬੂਰੀ ਵੀ ਨਹੀਂ ਹੈ। ਪਾਰਟੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਇਸ ਅਹੁਦੇ ਨੂੰ ਭਰਨ ਦੀ ਪ੍ਰਕਿਰਿਆ ਨੂੰ ਲੰਬੇ ਸਮੇਂ ਜਾਂ ਫਿਰ ਘੱਟੋ-ਘੱਟ ਵਿਧਾਨ ਸਭਾ ਦੇ ਅਗਲੇ ਸੈਸ਼ਨ ਤੱਕ ਟਾਲ ਸਕਦੀ ਹੈ। ਇਸ ਦੌਰਾਨ ਜੇਕਰ '84 ਦੰਗਾ ਪੀੜਤਾਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਕੋਈ ਅਹਿਮ ਪ੍ਰਗਤੀ ਹੁੰਦੀ ਹੈ ਤਾਂ ਫਿਰ ਪਾਰਟੀ ਫੂਲਕਾ ਦੇ ਤਿਆਗ ਨੂੰ ਸਥਾਨਕ ਸਰਕਾਰਾਂ ਤੇ ਗੁਰਦਾਸਪੁਰ ਸੀਟ 'ਤੇ ਹੋਣ ਵਾਲੀ ਚੋਣ ਦੌਰਾਨ ਤੂਲ ਦੇ ਸਕਦੀ ਹੈ।
