ਜਾਣੋ ਕੌਣ ਹਨ ‘ਆਪ’ ਦੇ ਉਹ ਉਮੀਦਵਾਰ ਜਿਨ੍ਹਾਂ ਨੇ ਪੰਜਾਬ ਦੇ ਚੋਟੀ ਦੇ ਸਿਆਸਤਦਾਨਾਂ ਨੂੰ ਦਿੱਤੀ ਮਾਤ

Sunday, Mar 13, 2022 - 10:33 PM (IST)

ਜਲੰਧਰ : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਹੂੰਝਾਫੇਰ ਜਿੱਤ ਪ੍ਰਾਪਤ ਕਰਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਦੇ ਸਿਸਟਮ ਤੋਂ ਅੱਕ ਚੁੱਕੇ ਸਨ। ਲਿਹਾਜ਼ਾ ਬਦਲਾਅ ਲਿਆਉਣ ਲਈ ਹੀ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿਚ ਅਜਿਹਾ ਫਤਵਾ ਦਿੱਤਾ ਕਿ ਸਿਆਸਤ ਦੇ ਵੱਡੇ ਵੱਡੇ ਥੰਮ ਹਿੱਲ ਗਏ। ਇਥੇ ਅਸੀਂ ਤੁਹਾਨੂੰ ਆਮ ਆਦਮੀ ਪਾਰਟੀ ਦੇ ਉਨ੍ਹਾਂ ਆਮ ਆਦਮੀ ਉਮੀਦਵਾਰਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਭਾਵੇਂ ਸਿਆਸਤ ਦੀ ਤਜ਼ਰਬਾ ਨਹੀਂ ਸੀ ਪਰ ਉਨ੍ਹਾਂ ਨੇ ਸਿਆਸਤ ਦੀ ਮੁਹਾਰਤ ਰੱਖਣ ਵਾਲੇ ਵੱਡੇ ਵੱਡੇ ਦਿੱਗਜਾਂ ਨੂੰ ਚੋਣਾਂ ਦੇ ਮੈਦਾਨ ਵਿਚ ਚਾਰੋ ਖਾਨੇ ਚਿੱਤ ਕਰ ਦਿੱਤਾ।

ਇਹ ਵੀ ਪੜ੍ਹੋ : ਰਾਜ ਭਵਨ ਜਾਂਦੇ ਸਮੇਂ ਜਦੋਂ ਲਾਲ ਬੱਤੀ ’ਤੇ ਰੁਕਿਆ ਭਗਵੰਤ ਮਾਨ ਦੀਆਂ ਗੱਡੀਆਂ ਦਾ ਕਾਫਲਾ

PunjabKesari

ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ
ਲੰਬੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ 59 ਸਾਲ ਦੇ ਹਨ। ਉਨ੍ਹਾਂ ਨੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾ ਕੇ ਇਤਿਹਾਸਿਕ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਸਵ. ਜਥੇਦਾਰ ਜਗਦੇਵ ਸਿੰਘ ਖੁੱਡੀਆਂ ਹੈ ਜੋ ਫਰੀਦਕੋਟ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਉਨ੍ਹਾਂ ਦੇ ਪਿਤਾ 1989 ’ਚ ਫਰਦੀਕੋਟ ਹਲਕੇ ਤੋਂ (ਸ਼੍ਰੋਮਣੀ ਅਕਾਲੀ ਦਲ ਮਾਨ) ਵਲੋਂ ਚੋਣ ਮੈਦਾਨ ’ਚ ਉਤਰੇ ਸਨ। ਗੁਰਮੀਤ ਸਿੰਘ ਨੇ 10ਵੀਂ ਤੱਕ ਪੜ੍ਹਾਈ ਕੀਤੀ ਹੈ। ਪੇਸ਼ੇ ਤੋਂ ਉਨ੍ਹਾਂ ਦਾ ਪਰਿਵਾਰ ਖੇਤੀਬਾੜੀ ਨਾਲ ਸੰਬੰਧ ਰੱਖਦਾ ਹੈ। ਉਨ੍ਹਾਂ ਦੇ 2 ਪੁੱਤਰ ਹਨ। ਗੁਰਮੀਤ ਸਿੰਘ ਖੁੱਡੀਆਂ ਲੰਬੇ ਸਮੇਂ ਤੱਕ ਕਾਂਗਰਸ ਨਾਲ ਜੁੜੇ ਰਹੇ ਅਤੇਂ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਲੰਬੀ ਹਲਕੇ ਤੋਂ ਉਤਰੇ ਕੈਪਟਨ ਅਮਰਿੰਦਰ ਸਿੰਘ ਦੇ ਕਵਰਿੰਗ ਉਮੀਦਵਾਰ ਵੀ ਰਹੇ। ਗੁਰਮੀਤ ਸਿੰਘ ਪੰਜ ਸਾਲ ਜ਼ਿਲ੍ਹਾ ਕਾਂਗਰਸ ਕਮੇਟੀ ਮੁਕਤਸਰ ਦੇ ਪ੍ਰਧਾਨ ਰਹੇ ਅਤੇ 2021 ਵਿਚ ਉਹ ਕਾਂਗਰਸ ਛੱਡ ‘ਆਪ’ ਵਿਚ ਸ਼ਾਮਲ ਹੋ ਗਏ। ਗੁਰਮੀਤ ਸਿੰਘ ਨੇ ਭਾਰੀ ਬਹੁਮਤ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੂੰ 66313 ਵੋਟਾਂ ਮਿਲੀਆਂ ਜਦਕਿ ਪ੍ਰਕਾਸ਼ ਸਿੰਘ ਬਾਦਲ ਨੂੰ 54917 ਵੋਟਾਂ ਮਿਲੀਆਂ।  ਗੁਰਮੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਇਹ ਚੋਣ 11396 ਵੋਟਾਂ ਦੇ ਫਰਕ ਨਾਲ ਜਿੱਤੀ।

ਇਹ ਵੀ ਪੜ੍ਹੋ : ਭਗਵੰਤ ਮਾਨ ਦਾ ਪਹਿਲਾ ਐਕਸ਼ਨ, ਸਾਬਕਾ ਮੰਤਰੀਆਂ ਤੇ ਵਿਧਾਇਕਾਂ ਨੂੰ ਦਿੱਤਾ ਵੱਡਾ ਝਟਕਾ

PunjabKesari

ਨਵਜੋਤ ਸਿੱਧੂ ਤੇ ਬਿਕਰਮ ਮਜੀਠੀਆ ਨੂੰ ਹਰਾਉਣ ਵਾਲੀ ਜੀਵਨਜੋਤ ਕੌਰ
ਜੀਵਨਜੋਤ ਕੌਰ ਚਾਹੇ ਸਿਆਸਤ ’ਚ ਨਵਾਂ ਚਿਹਰਾ ਹੈ ਪਰ ਸਮਾਜ ਸੇਵੀ ਮਹਿਲਾ ਦੇ ਤੌਰ ’ਤੇ ਉਨ੍ਹਾਂ ਨੂੰ ਕਈ ਸਾਲਾਂ ਤੋਂ ਜਾਣਿਆ ਜਾਂਦਾ ਹੈ। ਜੀਵਨਜੋਤ ਕੌਰ ਪੁੱਤਰੀ ਸਵ. ਸੁਰਿੰਦਰ ਪਾਲ ਸਿੰਘ ਪਤਨੀ ਮਨਜਿੰਦਰ ਪਾਲ ਸਿੰਘ ਦੀ ਵਿਦਿਅਕ ਯੋਗਤਾ ਬੀ.ਏ. ਆਨਰਜ਼ ਅੰਗਰੇਜ਼ੀ ਅਤੇ ਐੱਲ.ਐੱਲ.ਬੀ. ਹੈ। ਉਨ੍ਹਾਂ ਨੇ 1995-96 ’ਚ ਸਮਾਜ ਸੇਵਾ ਸ਼ੁਰੂ ਕੀਤੀ ਹੈ। 2015 ’ਚ ਆਮ ਆਦਮੀ ਪਾਰਟੀ ’ਚ ਬਤੌਰ ਵਾਲੰਟੀਅਰ ਰਹੀ। ਇਸ ਦੌਰਾਨ ‘ਆਪ’ ਵਲੋਂ ਮਹਿਲਾ ਵਿੰਗ ਦੀ ਕੋ ਪ੍ਰੈਜ਼ੀਡੈਂਟ ਵੀ ਬਣਾਇਆ ਗਿਆ। 2021 ’ਚ ਆਮ ਆਦਮੀ ਪਾਰਟੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਣੀ। ਜਨਵਰੀ 2022 ’ਚ ਉਨ੍ਹਾਂ ਨੂੰ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਟਿਕਟ ਮਿਲੀ ਅਤੇ ਉਨ੍ਹਾਂ ਨੇ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਚੋਣ ਮੈਦਾਨ ’ਚ ਹਰਾ ਕੇ ਜਿੱਤ ਹਾਸਲ ਕੀਤੀ। ਔਰਤਾਂ ਲਈ ਪੈਡਜ਼ ਦੇ ਇਸਤੇਮਾਲ ਲਈ ਜੀਵਨਜੋਤ ਨੇ ‘ਇਕੋਸ਼ੀ’ ਨਾਮ ਦਾ ਪ੍ਰੋਜੈਕਟ ਚਲਾਇਆ ਸੀ ਉਨ੍ਹਾਂ ਨੂੰ ਪੈਡ ਵੂਮੈਨ ਆਫ਼ ਪੰਜਾਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਜੀਵਨਜੋਤ ਕੌਰ ਨੇ ਇੱਕ ਵਿਦੇਸ਼ੀ ਕੰਪਨੀ ਨਾਲ ਡੀਲ ਕੀਤੀ ਹੈ। ਜੀਵਨਜੋਤ ਨੇ ਇਕ ਪ੍ਰੋਗਰਾਮ ਤਹਿਤ ਪੰਜਾਬ ਭਰ ਦੀਆਂ ਜੇਲ੍ਹਾਂ ਵਿੱਚ ਬੰਦ ਮਹਿਲਾ ਕੈਦੀਆਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਏ। ਜੀਵਨਜੋਤ ਕੌਰ ਦੀ ਬੇਟੀ ਦੰਦਾਂ ਦੀ ਡਾਕਟਰ ਹੈ ਅਤੇ ਉਸ ਦਾ ਪੁੱਤਰ ਹਾਈਕੋਰਟ ’ਚ ਵਕੀਲ ਹੈ। ਚੋਣਾਂ ਦੌਰਾਨ ਉਨ੍ਹਾਂ ਦੇ ਮਾਤਾ-ਪਿਤਾ, ਪਤੀ ਅਤੇ ਸੱਸ ਨੇ ਉਨ੍ਹਾਂ ਦੇ ਹੱਕ ’ਚ ਚੋਣਾਂ ਪ੍ਰਚਾਰ ਕੀਤਾ ਸੀ।

ਇਹ ਵੀ ਪੜ੍ਹੋ : ਹਲਕਾ ਸੰਗਰੂਰ ਦੇ ਲੋਕ ਫਿਰ ਪਾਉਣਗੇ ਵੋਟਾਂ, ਅਸਤੀਫ਼ਾ ਦੇਣਗੇ ਭਗਵੰਤ ਮਾਨ

PunjabKesari

ਚਰਨਜੀਤ ਸਿਘ ਚੰਨੀ ਨੂੰ ਹਰਾਉਣ ਵਾਲੇ ਡਾ. ਚਰਨਜੀਤ ਸਿੰਘ
ਡਾਕਟਰ ਚਰਨਜੀਤ ਸਿੰਘ ਚਮਕੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਖੜ੍ਹੇ ਹੋਏ ਅਤੇ ਉਨ੍ਹਾਂ ਨੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਭਾਰੀ ਬਹੁਮਤ ਹਾਸਲ ਕਰਕੇ ਮਾਤ ਦਿੱਤੀ। ਡਾ. ਚਰਨਜੀਤ ਸਿੰਘ ਪੇਸ਼ੇ ਤੋਂ ਅੱਖਾਂ ਦੇ ਡਾਕਟਰ ਹਨ। 1984 ’ਚ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਤੋਂ ਉਨ੍ਹਾਂ ਨੇ ਆਪਣੀ MBBS ਦੀ ਪੜ੍ਹਾਈ ਪੂਰੀ ਕੀਤੀ ਅਤੇ 1989 ’ਚ PGI ਚੰਡੀਗੜ੍ਹ ਤੋਂ  ਆਈ ਸਪੈਸ਼ਲਿਸਟ ਦੀ ਡਿਗਰੀ ਹਾਸਲ ਕੀਤੀ। ਉਨ੍ਹਾਂ ਨੇ 2 ਹਜ਼ਾਰ ਤੋਂ ਵੱਧ ਫ੍ਰੀ ਅੱਖਾਂ ਦੇ ਆਪ੍ਰੇ੍ਸ਼ਨ ਕੀਤੇ ਹਨ। ਉਨ੍ਹਾਂ ਦੀ ਘਰਵਾਲੀ ਵੀ ਪੇਸ਼ੇ ਤੋਂ ਡਾਕਟਰ ਹਨ ਜੋ ਚੰਡੀਗੜ੍ਹ ਸੈਕਟਰ 16 ’ਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਚਰਨਜੀਤ ਸਿੰਘ ਨੇ 2002 ’ਚ ਕਾਂਗਰਸ ਪਾਰਟੀ ਨਾਲ ਜੁੜੇ ਸਨ ਅਤੇ ਕਾਂਗਰਸ ਦੇ ਡਾਕਟਰ ਸੈੱਲ ਪੰਜਾਬ ਦੇ ਚੇਅਰਮੈਨ ਵੀ ਬਣੇ। 2015 ’ਚ ਉਨ੍ਹਾਂ ‘ਆਪ’ ਜੁਆਇੰਨ ਕੀਤੀ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵਲੋਂ ਖੜ੍ਹੇ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 12308 ਵੋਟਾਂ ਨਾਲ ਹਰਾ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ : ਉਹ ਵੱਡੇ ਕਾਰਨ ਜਿਸ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਮਿਲੀ ਬੰਪਰ ਜਿੱਤ

PunjabKesari

ਵਿਜੇ ਇੰਦਰ ਸਿੰਗਲਾ ਨੂੰ ਹਰਾਉਣ ਵਾਲੇ ਨਰਿੰਦਰ ਕੌਰ ਭਰਾਜ
ਨਰਿੰਦਰ ਕੌਰ ਭਰਾਜ ਪੰਜਾਬ ’ਚ ਸਭ ਤੋਂ ਘੱਟ ਉਮਰ (27 ਸਾਲ) ਵਾਲੀ ਮਹਿਲਾ ਵਿਧਾਇਕ ਬਣੇ ਹਨ। ਉਨ੍ਹਾਂ ਨੇ ਆਪਣੇ ਨਾਮਜ਼ਦਗੀ ਪੱਤਰ ਐਕਟਿਵਾ ਸਕੂਟਰੀ ’ਤੇ ਜਾ ਕੇ ਭਰੇ ਅਤੇ ਚੋਣ ਪ੍ਰਚਾਰ ਦੌਰਾਨ ਵੀ ਉਹ ਆਮ ਲੋਕਾਂ ’ਚ ਵਿਚਰਦੀ ਰਹੀ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਲ. ਐੱਲ. ਬੀ. ਕੀਤੀ ਹੈ। ਭਰਾਜ ਦੋ ਵਾਰ ‘ਆਪ’ ਦੀ ਜ਼ਿਲ੍ਹਾ ਯੂਥ ਪ੍ਰਧਾਨ ਵੀ ਬਣੀ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੰਗਰੂਰ ਜ਼ਿਲ੍ਹੇ ’ਚ ਨੌਜਵਾਨ ਪੀੜ੍ਹੀ ਵੱਲੋਂ ‘ਆਪ’ ਦਾ ਬੂਥ ਲਗਾਉਣ ਲਈ ਕੋਈ ਅੱਗੇ ਨਹੀਂ ਸੀ ਆ ਰਿਹਾ ਤਾਂ ਨਰਿੰਦਰ ਕੌਰ ਨੇ ਪਿੰਡ ਭਰਾਜ ’ਚ ਬੂਥ ਲਗਾਇਆ ਸੀ। ਭਰਾਜ ਸਾਂਝੇ ਪਰਿਵਾਰ ’ਚ ਰਹਿੰਦੀ ਹੈ, ਜਿਸ ’ਚ ਉਨ੍ਹਾਂ ਦੇ ਮਾਤਾ-ਪਿਤਾ, ਦਾਦਾ-ਦਾਦੀ ਤੇ ਚਾਚਾ-ਚਾਚੀ ਹਨ। ਉਨ੍ਹਾਂ ਦੇ ਭਰਾ ਦੀ ਛੋਟੀ ਉਮਰ ’ਚ ਹੀ ਮੌਤ ਹੋ ਗਈ ਸੀ। ਉਨ੍ਹਾਂ ਦੇ ਪਿਤਾ ਗੁਰਨਾਮ ਸਿੰਘ ਕਾਫ਼ੀ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਪਰ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਰਹਿੰਦੀ ਸੀ, ਇਸੇ ਕਰਕੇ ਭਰਾਜ ਆਪਣੇ ਪਿਤਾ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ‘ਆਪ’ ਦਾ ਹਿੱਸਾ ਬਣ ਗਈ। ਉਨ੍ਹਾਂ ਨੂੰ ‘ਮਿੰਨੀ ਭਗਵੰਤ ਮਾਨ’ ਦੇ ਨਾਂ ਨਾਲ ਵੀ ਬੁਲਾਇਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਖੇਤੀਬਾੜੀ ਕਰਦੇ ਹਨ। ਭਰਾਜ ਨੇ ਕਾਂਗਰਸ ਪਾਰਟੀ ਦੇ ਦਿੱਗਜ ਆਗੂ ਵਿਜੇਇੰਦਰ ਸਿੰਗਲਾ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਵਿਜੇਇੰਦਰ ਸਿੰਗਲਾ ਮੌਜੂਦਾ ਕਾਂਗਰਸ ’ਚ ਕੈਬਨਿਟ ਮੰਤਰੀ ਸਨ ਅਤੇ ਇਸ ਤੋਂ ਪਹਿਲਾਂ ਉਹ ਲੋਕ ਸਭਾ ਮੈਂਬਰ ਵੀ ਸੰਗਰੂਰ ਤੋਂ ਰਹਿ ਚੁੱਕੇ ਹਨ। ਨਰਿੰਦਰ ਭਰਾਜ ਨੇ ਵਿਜੇਇੰਦਰ ਸਿੰਗਲਾ ਨੂੰ 35868 ਵੋਟਾਂ ਨਾਲ ਹਰਾਇਆ।

ਇਹ ਵੀ ਪੜ੍ਹੋ : ਭਗਵੰਤ ਮਾਨ ਵਲੋਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੀ ਤਾਰੀਖ਼ ਦਾ ਐਲਾਨ

PunjabKesari

ਭਦੌੜ ਤੋਂ ਚਰਨਜੀਤ ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ
ਭਦੌੜ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਵੱਡੀ ਜਿੱਤ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਲਾਭ ਸਿੰਘ ਨੇ ਕਾਂਗਰਸ ਦੇ ਕਾਰਜਕਾਰੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 37 ਹਜ਼ਾਰ ਤੋਂ ਵਧੇਰੇ ਵੋਟਾਂ ਦੇ ਫ਼ਰਕ ਨਾਲ ਹਰਾਇਆ ਹੈ। ਛੋਟੀ ਉਮਰੇ ਇੰਨੀ ਵੱਡੀ ਜਿੱਤ ਹਾਸਲ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ’ਤੇ ਇਸ ਮੌਕੇ ਬਹੁਤ ਵੱਡੀ ਜ਼ਿੰਮੇਵਾਰੀ ਆ ਗਈ ਹੈ। ਲਾਭ ਸਿੰਘ ਉਗੋਕੇ ਦਾ ਜਨਮ 6 ਅਕਤੂਬਰ 1986 ਨੂੰ ਭਦੌੜ ਦੇ ਪਿੰਡ ਉਗੋਕੇ ’ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਮ ਸ. ਦਰਸ਼ਨ ਸਿੰਘ ਹੈ ਜੋ ਟਰੈਕਟਰ ਡਰਾਈਵਰ ਹਨ ਅਤੇ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੀ ਮਾਤਾ ਸਕੂਲ ’ਚ ਸਫ਼ਾਈ ਕਰਮਚਾਰੀ ਦੇ ਤੌਰ ’ਤੇ ਕੰਮ ਕਰਦੇ ਹਨ। ਲਾਭ ਸਿੰਘ ਦਾ 1 ਭਰਾ ਅਤੇ 1 ਵੱਡੀ ਭੈਣ ਹੈ। ਭੈਣ ਵਿਆਹੀ ਹੋਈ ਹੈ ਭਰਾ ਭਾਰਤੀ ਫ਼ੌਜ ’ਚੋਂ 2 ਮਹੀਨੇ ਪਹਿਲਾਂ ਸੇਵਾ ਮੁਕਤ ਹੋ ਕੇ ਘਰ ਪਰਤੇ ਹਨ। ਲਾਭ ਸਿੰਘ ਦਾ 2010 ’ਚ ਵਿਆਹ ਹੋਇਆ ਸੀ। ਉਨ੍ਹਾਂ ਦੀ ਪਤਨੀ ਘਰ ’ਚ ਹੀ ਸਿਲਾਈ ਦਾ ਕੰਮ ਕਰਦੀ ਹੈ। ਇਨ੍ਹਾਂ ਦੇ 2 ਬੱਚੇ ਹਨ।

ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਬਾਅਦ ਨਵਜੋਤ ਸਿੱਧੂ ਦਾ ਵੱਡਾ ਬਿਆਨ, ਕਿਹਾ 3-4 ਮੁੱਖ ਮੰਤਰੀ ਭੁਗਤਾ ਦਿੱਤੇ

ਲਾਭ ਸਿੰਘ 2013 ’ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਸਨ। ਪਾਰਟੀ 'ਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਨੂੰ ਐੱਸੀ.ਸੀ. ਵਿੰਗ ਦਾ ਸਰਕਲ ਇੰਚਾਰਜ ਬਣਾਇਆ ਗਿਆ ਸੀ ਅਤੇ ਫਿਰ ਉਨ੍ਹਾਂ ਦੀ ਮਿਹਨਤ ਨੂੰ ਵੇਖਦਿਆਂ ਪਾਰਟੀ ਨੇ ਜ਼ਿਲ੍ਹਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ। ਲਾਭ ਸਿੰਘ ਦੀ ਮਿਹਨਤ ਨੂੰ ਵੇਖਦਿਆਂ ਪਾਰਟੀ ਨੇ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫ਼ੈਸਲਾ ਕੀਤਾ ਜਿਸ 'ਤੇ ਲਾਭ ਸਿੰਘ ਖ਼ਰੇ ਉਤਰੇ। ਮੁੱਖ ਮੰਤਰੀ ਚੰਨੀ ਵੱਲੋਂ ਭਦੌੜ ਹਲਕੇ ਤੋਂ ਚੋਣ ਲੜਨ ਦੇ ਐਲਾਨ ਨਾਲ ਹੀ ਇਹ ਸੀਟ ਪੰਜਾਬ ਦੀਆਂ ਹੌਟ ਸੀਟਾਂ ਵਿੱਚੋਂ ਇਕ ਬਣ ਗਈ ਸੀ। ਬੀਤੇ ਦਿਨ ਇਕ ਆਮ ਘਰ ਦੇ ਮੁੰਡੇ ਨੇ ਚਰਨਜੀਤ ਸਿੰਘ ਚੰਨੀ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਅਤੇ ਇਤਿਹਾਸ ਰਚਦਿਆਂ ਪੰਜਾਬ ਦੀ ਰਾਜਨੀਤੀ ਦੇ ਨਵੇਂ ਸਮੀਕਰਨ ਸਿਰਜੇ ਹਨ। ਲਾਭ ਸਿੰਘ ਉਗੋਕੇ ਨੂੰ 63967 ਵੋਟਾਂ ਮਿਲੀਆਂ ਜਦਕਿ ਚਰਨਜੀਤ ਸਿੰਘ ਚੰਨੀ ਨੂੰ 26409 ਵੋਟਾਂ ਹੀ ਮਿਲੀਆਂ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਵੱਡੀ ਹਾਰ ਤੋਂ ਬਾਅਦ ਪਾਰਟੀ ’ਚ ਉੱਠੀ ਬਗਾਵਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News