ਗਰੀਬਾਂ ਦੇ ਹੱਕ ਦਿਵਾਉਣ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਨ ਲਈ ਤਿਆਰ : ਲਖਵੀਰ ਸਿੰਘ
Tuesday, Sep 26, 2017 - 02:50 PM (IST)

ਫ਼ਤਹਿਗੜ੍ਹ ਸਾਹਿਬ (ਬਹਾਦੁਰ ਟਿਵਾਣਾ) — ਫ਼ਤਹਿਗੜ੍ਹ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਐਡਵੋਕੇਟ ਲਖਵੀਰ ਸਿੰਘ ਰਾਏ ਦੀ ਪ੍ਰਧਾਨਗੀ ਹੇਂਠ ਹੋਈ। ਇਸ ਉਪਰੰਤ ਉਨ੍ਹਾਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਗਰੀਬ ਵਰਗ ਦੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਦੇ ਲਈ ਹਰ ਸੰਘਰਸ਼ ਕਰਨ ਦੇ ਲਈ ਤਿਆਰ ਹੈ।
ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਲੋਂ ਕਰੀਬ ਡੇਢ ਸਾਲ ਪਹਿਲਾਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਐਪਲੀਕੇਸ਼ਨਾਂ ਮੰਗੀਆਂ ਗਈਆਂ ਸਨ, ਜਿਸ ਦੌਰਾਨ ਤਕਰੀਬਨ ਇਕ ਹਜ਼ਾਰ ਬਿਨੈਕਾਰਾਂ ਨੇ ਬਿਨੈ ਪੱਤਰ ਦਿੱਤੇ। ਜਿਨ੍ਹਾਂ ਵਿਚੋਂ 250 ਬਿਨੈਕਾਰਾਂ ਦੇ ਬਿਨੈ ਪੱਤਰ ਮਨਜ਼ੂਰ ਕੀਤੇ ਗਏ, ਜਿਨ੍ਹਾਂ ਨੂੰ ਬੈਂਕਾਂ ਵਿਚ ਖਾਤੇ ਖੋਲਣ, ਐਫੀਡੇਵਿਟ ਦੇਣ ਤੇ ਹੋਰ ਸ਼ਰਤਾਂ ਨੂੰ ਪੂਰਾ ਕਰਨ ਦੇ ਲਈ ਵੀ ਕਿਹਾ ਗਿਆ। ਉਨ੍ਹਾਂ ਕਿਹਾ ਕਿ ਉਸ ਸਮੇਂ ਗਰੀਬ ਵਰਗ ਦੇ ਲੋਕਾਂ ਨੂੰ ਆਵਾਸ ਯੋਜਨਾ ਤਹਿਤ ਡੇਢ ਲੱਖ ਰੁਪਏ ਦੀ ਮਾਲੀ ਸਹਾਇਤਾ ਮਿਲਣੀ ਸੀ ਪਰ ਜੋ ਹੁਣ ਆਵਾਸ ਯੋਜਨਾ ਚੱਲ ਰਹੀ ਹੈ, ਉਸ ਵਿਚ ਲੋਨ ਦਾ ਪ੍ਰਾਵਧਾਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 250 ਬਿਨੈਕਾਰਾਂ ਦੇ ਸਾਰੇ ਦਸਤਾਵੇਜ ਲੈ ਕੇ ਤੇ ਜਾਂਚ ਆਦਿ ਕਰਕੇ ਉਨ੍ਹਾਂ ਦੇ ਕੌਂਸਲਰਾਂ ਨੂੰ ਵੀ ਕਹਿ ਦਿੱਤਾ ਗਿਆ ਕਿ ਉਨ੍ਹਾ ਦੇ ਬਿਨੈਕਾਰਾਂ ਨੂੰ ਇਸ ਯੋਜਨਾ ਦਾ ਲਾਭ ਦੇਣ ਜਾ ਰਹੇ ਹਾਂ ਪਰ ਹਾਲ ਹੀ ਵਿਚ ਪੰਜਾਬ ਸਰਕਾਰ ਵਲੋਂ ਇਹ ਕੈਂਸਲੇਸ਼ਨ ਆਈ ਹੈ ਕਿ ਜੋ 250 ਲਾਭਪਾਤਰੀ ਮਨਜ਼ੂਰ ਕੀਤੇ ਗਏ ਸੀ, ਉਨ੍ਹਾਂ ਦੇ ਬਿਨੈ ਪੱਤਰ ਰੱਦ ਕੀਤੇ ਜਾਂਦੇ ਹਨ। ਐਡਵੋਕੇਟ ਰਾਏ ਨੇ ਕਿਹਾ ਕਿ ਇਨ੍ਹਾਂ ਗਰੀਬ ਵਰਗ ਦੇ ਲੋਕਾਂ ਨੇ ਆਪਣੀਆਂ ਦਿਹਾੜੀਆਂ ਛੱਡ ਕੇ ਦਸਤਾਵੇਜ ਪੂਰੇ ਕੀਤੇ ਤੇ ਖਾਤੇ ਖੁਲਵਾਏ, ਜਿਨ੍ਹਾਂ ਨੂੰ ਹੁਣ ਪੰਜਾਬ ਸਰਕਾਰ ਨੇ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਬੜੇ ਧਰਨੇ ਲਗਾਉਂਦੇ ਹਨ, ਜਿਨ੍ਹਾਂ ਨੂੰ ਉਹ ਸਵਾਲ ਕਰਦੇ ਹਨ ਕਿ ਉਨ੍ਹਾਂ ਦੇ ਹਲਕੇ ਵਿਚ ਜੋ 250 ਵਿਅਕਤੀਆਂ ਨਾਲ ਧੱਕਾ ਹੋਇਆ ਹੈ, ਉਸ ਬਾਰੇ ਉਨ੍ਹਾਂ ਨੇ ਪੰਜਾਬ ਸਰਕਾਰ ਅੰਦਰ ਕੀ ਆਵਾਜ਼ ਉਠਾਈ ਹੈ। ਉਨ੍ਹਾ ਕਿਹਾ ਕਿ ਵਿਧਾਇਕ ਨਾਗਰਾ ਪਿਛਲੀ ਸਰਕਾਰ ਸਮੇਂ ਕਹਿੰਦੇ ਰਹੇ ਕਿ ਹਲਕੇ ਦੇ ਸੀਵਰੇਜ ਪ੍ਰੋਜੈਕਟ ਤੇ ਹੋਰ ਯੋਜਨਾਵਾਂ ਲਈ ਉਹ ਪੈਸਾ ਲੈ ਕੇ ਆਏ ਹਨ, ਜਿਸ ਕਰਕੇ ਹੁਣ ਵੀ ਉਨ੍ਹਾਂ ਵਲੋਂ 250 ਗਰੀਬ ਵਰਗ ਦੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਬਣਦੀ ਰਾਸ਼ੀ ਦਿਵਾਉਣੀ ਚਾਹੀਦੀ ਹੈ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਲਕਾ ਫ਼ਤਹਿਗੜ੍ਹ ਸਾਹਿਬ ਵਿਖੇ ਮਨਰੇਗਾ ਸਕੀਮ ਦੀ ਜੋ 40 ਫੀਸਦੀ ਰਾਸ਼ੀ ਹੈ, ਉਸਦੇ ਲਈ ਵੀ ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਤੇ ਬੀ.ਡੀ.ਪੀ.ਓ. ਨੂੰ ਮੰਗ ਪੱਤਰ ਦਿੱਤੇ ਗਏ ਹਨ। ਐਡਵੋਕੇਟ ਰਾਏ ਨੇ ਕਿਹਾ ਕਿ ਲੋਕਾਂ ਦੇ ਬਣਦੇ ਹੱਕ ਦਿਵਾਉਣ ਦੇ ਲਈ ਉਨ੍ਹਾਂ ਨੂੰ ਧਰਨੇ ਦੇਣੇ ਪਏ ਜਾਂ ਹੋਰ ਸੰਘਰਸ਼ ਕਰਨਾ ਪਿਆ ਤਾਂ ਉਸਦੇ ਲਈ ਤਿਆਰ ਹਨ।
ਇਸ ਮੌਕੇ ਗੁਰਵਿੰਦਰ ਸਿੰਘ ਢਿੱਲੋਂ ਸਿੰਘ ਤੇ ਪਵੇਲ ਹਾਂਡਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੀ ਹੈ, ਹਲਕੇ ਦੇ ਵਿਕਾਸ ਕਾਰਜ ਰੁਕੇ ਹੋਏ ਹਨ। ਸੀਵਰੇਜ ਪ੍ਰੋਜੈਕਟ ਬੰਦ ਹੋਣ ਕਾਰਨ ਥਾਂ-ਥਾਂ ਟੋਏ ਪਏ ਹੋਏ ਹਨ। ਉਨ੍ਹਾਂ ਕਿਹਾ ਕਿ 250 ਗਰੀਬ ਵਰਗ ਦੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਉਹ ਸੰਘਰਸ਼ ਕਰਨ ਲਈ ਤਿਆਰ ਹਨ।