CM ਚਿਹਰੇ ਦੇ ਐਲਾਨ ਮਗਰੋਂ ''ਆਪ'' ਦਾ ਵੱਡਾ ਤੰਜ, ''ਕਾਂਗਰਸ ਵੀ ਦੱਸੇ ਕੌਣ ਹੋਵੇਗਾ ਬਰਾਤ ਦਾ ਲਾੜਾ'' (ਵੀਡੀਓ)
Tuesday, Jan 18, 2022 - 04:47 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਲਈ ਇਕ ਵੱਡਾ ਦਿਨ ਹੈ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਕਾਂਗਰਸ ਪਾਰਟੀ 'ਤੇ ਵੀ ਤੰਜ ਕੱਸੇ ਗਏ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵਾਲੇ ਸਾਨੂੰ ਪੁੱਛਦੇ ਸੀ ਕਿ ਬਰਾਤ ਦਾ ਲਾੜਾ ਕਿਹੜਾ ਹੋਵੇਗਾ, ਹੁਣ ਕਾਂਗਰਸੀ ਵੀ ਇਹ ਦੱਸਣ ਕਿ ਉਨ੍ਹਾਂ ਦੀ ਬਰਾਤ ਦਾ ਲਾੜਾ ਕਿਹੜਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ CM ਚਿਹਰਾ ਹੋ ਸਕਦੇ ਨੇ 'ਚਰਨਜੀਤ ਸਿੰਘ ਚੰਨੀ', ਕਾਂਗਰਸ ਨੇ ਜਾਰੀ ਕੀਤੀ ਵੀਡੀਓ
ਉਨ੍ਹਾਂ ਨੇ ਤੰਜ ਕੱਸਦਿਆਂ ਕਿਹਾ ਕਿ ਬਰਾਤ ਬਿਨਾਂ ਲਾੜੇ ਦੇ ਜਾਵੇਗੀ ਜਾਂ ਫਿਰ ਪਿੱਛੇ ਇਕ ਬੱਗੀ ਲੱਗੀ ਹੋਵੇਗੀ, ਜਿਸ 'ਚ 8-10 ਲਾੜੇ ਤੇ ਸਰਵਾਲੇ ਬੈਠੇ ਹੋਣਗੇ। ਉਨ੍ਹਾਂ ਕਿਹਾ ਕਿ ਉਂਝ ਤਾਂ ਮੁੱਖ ਮੰਤਰੀ ਚਿਹਰੇ ਦਾ ਐਲਾਨ ਪਾਰਟੀ ਪ੍ਰਧਾਨਾਂ ਵੱਲੋਂ ਲਿਆ ਜਾਂਦਾ ਹੈ ਪਰ ਪਹਿਲੀ ਵਾਰ ਆਮ ਆਦਮੀ ਪਾਰਟੀ ਵੱਲੋਂ ਨਵੀਂ ਪਿਰਤ ਤੋਰੀ ਗਈ ਹੈ ਅਤੇ ਜਨਤਾ ਕੋਲੋਂ ਮੁੱਖ ਮੰਤਰੀ ਚਿਹਰੇ ਦੇ ਐਲਾਨ ਬਾਰੇ ਰਾਏ ਮੰਗੀ ਗਈ, ਜਿਸ ਤੋਂ ਬਾਅਦ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰੇ ਵਜੋਂ ਐਲਾਨਿਆ ਗਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਭਗਵੰਤ ਮਾਨ' ਹੋਣਗੇ 'ਆਪ' ਦਾ CM ਚਿਹਰਾ, ਅਰਵਿੰਦ ਕੇਜਰੀਵਾਲ ਨੇ ਖ਼ੁਦ ਕੀਤਾ ਐਲਾਨ
ਅਮਨ ਅਰੋੜਾ ਨੇ ਕਿਹਾ ਕਿ ਜਿਸ ਦਿਨ ਸਾਡੀ ਸਰਕਾਰ ਬਣ ਗਈ, ਉਸ ਦਿਨ ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ ਤੋਂ ਵਾਧੂ ਟੈਕਸ ਆਵੇਗਾ ਅਤੇ ਇਸੇ ਪੈਸੇ ਨੂੰ ਪੰਜਾਬੀਆਂ ਦੇ ਭਲੇ ਲਈ ਖ਼ਰਚਿਆ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ