''ਟਰਾਂਸਪੋਰਟ ਮਾਫ਼ੀਆ ਦੇ ਦਬਾਅ ਹੇਠ ਵਧਾਇਆ ਕੈਪਟਨ ਸਰਕਾਰ ਨੇ ਬੱਸਾਂ ਦਾ ਕਿਰਾਇਆ''

Sunday, Aug 25, 2019 - 12:18 PM (IST)

ਚੰਡੀਗੜ੍ਹ (ਰਮਨਜੀਤ) - ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਸਰਕਾਰ ਵਲੋਂ ਗੁੱਪ-ਚੁੱਪ ਤਰੀਕੇ ਨਾਲ ਵਧਾਏ ਗਏ ਬੱਸ ਭਾਅੜੇ ਦੀ ਤਿੱਖੀ ਆਲੋਚਨਾ ਕੀਤੀ ਹੈ। 'ਆਪ' ਦੇ ਮੁੱਖ ਬੁਲਾਰਾ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਦੋਸ਼ ਲਾਇਆ ਕਿ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਦੇ ਦਬਾਅ ਥੱਲੇ ਕਾਂਗਰਸ ਸਰਕਾਰ ਨੇ ਬੱਸਾਂ ਦੇ ਕਿਰਾਏ 'ਚ ਵਾਧਾ ਕੀਤਾ ਹੈ। ਇਸ ਨਾਲ ਇਕ ਪਾਸੇ ਆਮ ਲੋਕਾਂ ਦੀਆਂ ਜੇਬਾਂ 'ਤੇ ਸਿੱਧਾ ਅਸਰ ਪਵੇਗਾ, ਦੂਜੇ ਪਾਸੇ ਸੂਬੇ ਦੇ 'ਟਰਾਂਸਪੋਰਟ ਮਾਫ਼ੀਆ ਕਿੰਗ ਬਾਦਲਾਂ' ਦੀਆਂ ਜੇਬਾਂ ਹੋਰ ਭਰਨਗੀਆਂ।

'ਆਪ' ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਵਿਡੰਬਣਾ ਇਹ ਹੈ ਕਿ ਕੈਪਟਨ ਸਰਕਾਰ, ਜੋ ਫ਼ੈਸਲ ਲੈਂਦੀ ਹੈ, ਉਹ ਸਿੱਧਾ-ਅਸਿੱਧਾ ਲੋਕ ਵਿਰੋਧੀ ਹੋ ਕੇ ਬਾਦਲਾਂ ਦੇ ਹੱਕ 'ਚ ਜਾਂਦਾ ਹੈ। ਇਹ ਸਰਕਾਰ ਅਜਿਹਾ ਕੋਈ ਵੀ ਫ਼ੈਸਲਾ ਅੰਜਾਮ ਤੱਕ ਨਹੀਂ ਲੈ ਕੇ ਜਾਂਦੀ, ਜਿਸ ਨਾਲ ਬਾਦਲ-ਪਰਿਵਾਰ ਦਾ ਨਿੱਜੀ ਸਿਆਸੀ ਨੁਕਸਾਨ ਹੁੰਦਾ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਬਰਗਾੜੀ-ਬਹਿਬਲ ਕਲਾਂ ਅਤੇ ਡਰੱਗ, ਸ਼ਰਾਬ, ਰੇਤ, ਕੇਬਲ ਅਤੇ ਟਰਾਂਸਪੋਰਟ ਮਾਫ਼ੀਆ ਨਾਲ ਜੁੜੇ ਕੇਸਾਂ ਪ੍ਰਤੀ ਢਿੱਲਾ ਅਤੇ ਡੰਗ-ਟਪਾਊ ਰਵੱਈਆ ਇਸ ਦੀਆਂ ਪ੍ਰਤੱਖ ਮਿਸਾਲਾਂ ਹਨ। ਹੈਰਾਨੀ ਇਸ ਗੱਲ ਦੀ ਹੈ ਕਿ 'ਆਪ' ਦੇ ਇਨ੍ਹਾਂ ਦੋਸ਼ਾਂ ਦੀ ਸਦਨ ਦੇ ਅੰਦਰ ਅਤੇ ਬਾਹਰ ਸੱਤਾਧਾਰੀ ਕਾਂਗਰਸੀ ਸਮੇਂ-ਸਮੇਂ 'ਤੇ ਪੁਸ਼ਟੀ ਕਰਦੇ ਰਹਿੰਦੇ ਹਨ ਪਰ ਕੈ. ਅਮਰਿੰਦਰ ਬਾਦਲ ਪਰਿਵਾਰ ਨੂੰ ਹੱਥ ਪਾਉਣ ਲਈ ਟਸ ਤੋਂ ਮਸ ਨਹੀਂ ਹੋ ਰਹੇ।


rajwinder kaur

Content Editor

Related News