''ਆਪ'' ਤੇ ਪੀ. ਈ. ਪੀ. ਦਾਗੀ ਅਧਿਕਾਰੀ ਨੂੰ ਬਚਾਉਣ ਲਈ ਕਰ ਰਹੇ ਕੰਮ : ਚੀਮਾ

06/02/2019 11:53:57 AM

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਏਕਤਾ ਪਾਰਟੀ ਵਲੋਂ ਆਪਣੀਆਂ ਕੁਰਸੀਆਂ ਬਚਾਉਣ ਅਤੇ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਕਾਂਗਰਸ ਦੀਆਂ ਬੀ ਟੀਮਾਂ ਵਜੋਂ ਕੰਮ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ। ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਹਮੇਸ਼ਾ ਇਹੋ ਕਿਹਾ ਹੈ ਕਿ 'ਆਪ' ਅਤੇ ਸੁਖਪਾਲ ਖਹਿਰਾ ਦੀ ਪੀ. ਈ. ਪੀ. ਕਾਂਗਰਸ ਪਾਰਟੀ ਦੀਆਂ ਬੀ ਟੀਮਾਂ ਹਨ। ਹੁਣ ਹਰਪਾਲ ਚੀਮਾ ਅਤੇ ਸੁਖਪਾਲ ਖਹਿਰਾ ਕਾਂਗਰਸ ਦੀਆਂ ਹੋਰ ਵੀ ਵੱਧ ਲੇਲ੍ਹੜੀਆਂ ਕੱਢਣ ਲੱਗੇ ਹਨ। ਚੀਮਾ ਆਪਣੀ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਬਚਾਉਣਾ ਚਾਹੁੰਦਾ ਹੈ ਜਦਕਿ ਖਹਿਰਾ ਆਪਣੀ ਵਿਧਾਨ ਸਭਾ ਸੀਟ ਬਚਾਉਣਾ ਚਾਹੁੰਦਾ ਹੈ। ਇਸੇ ਕਰਕੇ ਦੋਵਾਂ ਨੇ ਕਾਂਗਰਸ ਦੀ ਬੇਅਦਬੀ ਦੀਆਂ ਮੰਦਭਾਗੀ ਘਟਨਾਵਾਂ 'ਤੇ ਸਿਆਸਤ ਕਰ ਕੇ ਸੂਬੇ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਦੀ ਚਾਲ ਨੂੰ ਸਫਲ ਬਣਾਉਣ ਲਈ ਬਿਲਕੁਲ ਮਿਲਦੇ-ਜੁਲਦੇ ਬਿਆਨ ਜਾਰੀ ਕੀਤੇ ਹਨ।
ਅਕਾਲੀ ਆਗੂ ਨੇ ਕਿਹਾ ਕਿ 'ਆਪ' ਅਤੇ ਪੀ. ਈ. ਪੀ. ਇਸ ਮੁੱਦੇ ਨੂੰ ਅੱਖਾਂ ਖੋਲ੍ਹ ਕੇ ਵੇਖਣ ਤੋਂ ਇਨਕਾਰੀ ਹਨ ਕਿ ਕਿਸ ਤਰ੍ਹਾਂ ਇਕ ਅਧਿਕਾਰੀ ਨੇ ਸਿੱਟ 'ਤੇ ਕੰਟਰੋਲ ਕਰ ਲਿਆ ਹੈ ਅਤੇ ਦੋਵੇਂ ਰਲ ਕੇ ਉਸ ਅਧਿਕਾਰੀ ਦੀ ਤਰਫ਼ਦਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਈ. ਜੀ. ਕੁੰਵਰ ਵਿਜੇ ਨੂੰ ਪਹਿਲਾਂ ਚੋਣ ਕਮਿਸ਼ਨ ਵਲੋਂ ਵੀ ਝਾੜ ਪਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਕੱਲ ਅਕਾਲੀ ਦਲ ਵਲੋਂ ਦਸਤਾਵੇਜ਼ੀ ਸਬੂਤ ਦੇ ਕੇ ਇਸ ਅਧਿਕਾਰੀ ਦਾ ਪਰਦਾਫਾਸ਼ ਕੀਤਾ ਗਿਆ ਸੀ ਕਿ ਕਿਸ ਤਰ੍ਹਾਂ ਉਸ ਨੇ 23 ਮਈ ਨੂੰ ਫਰੀਦਕੋਟ ਦੀ ਇਕ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਸੀ, ਜਦਕਿ ਕਾਂਗਰਸ ਸਰਕਾਰ ਵਲੋਂ ਇਸ ਕੰਮ ਲਈ ਉਸ ਦੀ ਦੁਬਾਰਾ ਨਿਯੁਕਤੀ 27 ਮਈ ਨੂੰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਹੁਣ ਸਿੱਟ ਦੇ ਬਾਕੀ ਮੈਂਬਰਾਂ ਨੇ ਵੀ ਇਸ ਅਧਿਕਾਰੀ ਦੀ ਪੱਖਪਾਤੀ ਭੂਮਿਕਾ 'ਤੇ ਇਤਰਾਜ਼ ਕੀਤਾ ਹੈ ਅਤੇ ਆਪਣੀ ਸ਼ਿਕਾਇਤ ਲਿਖ਼ਤੀ ਰੂਪ ਵਿਚ ਸਰਕਾਰ ਨੂੰ ਦਿੱਤੀ ਹੈ। ਕਾਂਗਰਸ ਸਰਕਾਰ ਨੇ ਇਸ ਗੰਭੀਰ ਮੁੱਦੇ 'ਤੇ ਕਾਰਵਾਈ ਕਰਨ ਦੀ ਬਜਾਏ ਆਪਣੇ ਝੋਲੀਚੁੱਕਾਂ 'ਆਪ' ਅਤੇ ਪੀ. ਈ. ਪੀ. ਵਲੋਂ ਇਸ ਅਧਿਕਾਰੀ ਦੀ ਹਮਾਇਤ ਕਰਵਾ ਕੇ ਮਾਮਲੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ।


Gurminder Singh

Content Editor

Related News