''ਆਪ'' ਵੱਲੋਂ ਬੇਸਹਾਰਾ ਪਸ਼ੂਆਂ ਸਬੰਧੀ ਮੁਹਿੰਮ ਨਿਰੰਤਰ ਜਾਰੀ ਰਹੇਗੀ : ਸਚਦੇਵਾ

09/23/2017 3:05:54 PM

ਹੁਸ਼ਿਆਰਪੁਰ (ਘੁੰਮਣ) - ਆਮ ਆਦਮੀ ਪਾਰਟੀ ਵੱਲੋਂ ਬੇਸਹਾਰਾ ਪਸ਼ੂਆਂ ਸਬੰਧੀ ਜੋ ਮੁਹਿੰਮ ਛੇੜੀ ਗਈ ਹੈ, ਉਹ ਪ੍ਰਸ਼ਾਸਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਹੈ। ਉਕਤ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਦੋਆਬਾ ਜ਼ੋਨ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਨੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ 'ਆਪ' ਨੇ ਉਕਤ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਡੀ. ਸੀ. ਵਿਪੁਲ ਉੱਜਵਲ ਨੂੰ ਮੰਗ-ਪੱਤਰ ਵੀ ਦਿੱਤਾ ਸੀ ਤਾਂ ਕਿ ਸਰਕਾਰ ਅਤੇ ਪ੍ਰਸ਼ਾਸਨ ਆਪਣਾ ਕੰਮ ਕਰਨ ਅਤੇ ਲੋਕਾਂ ਨੂੰ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਤੋਂ ਨਿਜਾਤ ਮਿਲੇ ਪਰ 15 ਦਿਨ ਬੀਤਣ ਤੋਂ ਬਾਅਦ ਵੀ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੂੰ ਬੇਸਹਾਰਾ ਪਸ਼ੂਆਂ ਨੂੰ ਫੜ ਕੇ ਨਗਰ ਨਿਗਮ 'ਚ ਛੱਡਣ ਲਈ ਮਜਬੂਰ ਹੋਣਾ ਪਿਆ ਸੀ। 
ਉਨ੍ਹਾਂ ਕਿਹਾ 'ਆਪ' ਬੇਸਹਾਰਾ ਪਸ਼ੂਆਂ 'ਤੇ ਕੋਈ ਰਾਜਨੀਤੀ ਨਹੀਂ ਕਰ ਰਹੀ, ਬਸ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੰਮ ਕਰ ਰਹੀ ਹੈ ਅਤੇ ਲੋਕਾਂ ਦਾ ਸਾਥ ਦੇ ਰਹੀ ਹੈ। ਜੇਕਰ ਪ੍ਰਸ਼ਾਸਨ ਛੇਤੀ ਇਸ ਸਮੱਸਿਆ ਪ੍ਰਤੀ ਗੰਭੀਰ ਨਾ ਹੋਇਆ ਤਾਂ ਉਹ ਮੁੜ ਨਗਰ ਨਿਗਮ ਅਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਬੇਸਹਾਰਾ ਪਸ਼ੂਆਂ ਨੂੰ ਲਿਜਾਣ ਲਈ ਮਜਬੂਰ ਹੋਣਗੇ। 'ਆਪ' ਲੋਕਾਂ ਦੀ ਸਮੱਸਿਆ ਨੂੰ ਪ੍ਰਸ਼ਾਸਨ ਤੱਕ ਪਹੁੰਚਾ ਰਹੀ ਹੈ ਅਤੇ ਉਹ ਆਮ ਲੋਕਾਂ ਦੇ ਨਾਲ ਚੱਲ ਰਹੇ ਹਨ। ਕੈਟਲ ਪਾਊਂਡ 'ਚ ਵੀ ਸਿਰਫ ਦੁਧਾਰੂ ਪਸ਼ੂਆਂ ਨੂੰ ਰੱਖਿਆ ਜਾ ਰਿਹਾ ਹੈ, ਜਦਕਿ ਬਾਕੀ ਪਸ਼ੂਆਂ ਨੂੰ ਰਾਤ ਸਮੇਂ ਫਿਰ ਸੜਕਾਂ 'ਤੇ ਛੱਡ ਦਿੱਤਾ ਜਾਂਦਾ ਹੈ। ਪ੍ਰਸ਼ਾਸਨ ਕੈਟਲ ਪਾਊਂਡ 'ਚ ਸੀ. ਸੀ. ਟੀ. ਵੀ. ਕੈਮਰੇ ਲਵਾਏ ਤਾਂ ਕਿ ਪੂਰੀ ਸੱਚਾਈ ਸਾਹਮਣੇ ਆ ਸਕੇ। 
ਇਸ ਮੌਕੇ ਸ਼ਹਿਰੀ ਪ੍ਰਧਾਨ ਮਦਨ ਲਾਲ ਸੂਦ, ਸੰਦੀਪ ਸੈਣੀ, ਕੁਲਭੂਸ਼ਣ, ਮੁਨੀਸ਼ ਠਾਕੁਰ, ਪਵਨ ਸ਼ਰਮਾ, ਜਸਦੀਪ ਸਿੰਘ, ਮਨੀ ਗੋਗੀਆ, ਤਰੁਣ ਗੁਪਤਾ, ਪਵਨ ਸੈਣੀ, ਹਰਕ੍ਰਿਸ਼ਨ, ਤ੍ਰਿਲੋਕ, ਗੁਰਮੇਲ ਸਿੰਘ, ਅਜਾਇਬ ਸਿੰਘ ਆਦਿ ਵੀ ਮੌਜੂਦ ਸਨ ।
 


Related News