ਫੂਲਕਾ ਵਲੋਂ ਬਜਟ ਸੈਸ਼ਨ ''ਚ ਸ਼ਾਮਲ ਹੋਣ ਦਾ ਐਲਾਨ

Sunday, Feb 10, 2019 - 12:00 PM (IST)

ਫੂਲਕਾ ਵਲੋਂ ਬਜਟ ਸੈਸ਼ਨ ''ਚ ਸ਼ਾਮਲ ਹੋਣ ਦਾ ਐਲਾਨ

ਚੰਡੀਗੜ੍ਹ : ਪਹਿਲਾਂ ਵਿਧਾਇਕੀ ਅਤੇ ਫਿਰ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ 12 ਫਰਵਰੀ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਫੂਲਕਾ ਮੁਤਾਬਕ ਸਪੀਕਰ ਵਲੋਂ ਅਜੇ ਤਕ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ ਹੈ, ਲਿਹਾਜ਼ਾ ਉਹ ਅਜੇ ਵੀ ਵਿਧਾਇਕ ਹਨ ਅਤੇ ਉਹ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਸ਼ਮੂਲੀਅਤ ਜ਼ਰੂਰ ਕਰਨਗੇ। ਇਕ ਪੰਜਾਬੀ ਅਖਬਾਰ ਵਿਚ ਛਪੀ ਖਬਰ ਮੁਤਾਬਕ ਹਾਲਾਂਕਿ ਫੂਲਕਾ ਨੇ ਇਹ ਵੀ ਸਾਫ ਕੀਤਾ ਕਿ ਉਹ ਵਿਧਾਇਕੀ ਤੋਂ ਦਿੱਤਾ ਅਸਤੀਫਾ ਕਿਸੇ ਕੀਮਤ 'ਤੇ ਵਾਪਸ ਨਹੀਂ ਲੈਣਗੇ। 
ਫੂਲਕਾ ਨੇ ਕਿਹਾ ਕਿ ਉਹ ਭਾਜਪਾ ਜਾਂ ਹੋਰ ਕਿਸੇ ਸਿਆਸੀ ਧਿਰ ਵਿਚ ਸ਼ਾਮਲ ਨਹੀਂ ਹੋਣਗੇ ਅਤੇ ਫ਼ਿਲਹਾਲ ਉਨ੍ਹਾਂ ਦੀ ਪਹਿਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚੋਂ ਬਾਦਲਾਂ ਦਾ ਸਿਆਸੀ ਗਲਬਾ ਖਤਮ ਕਰਵਾਉਣ ਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀਆਂ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਮਨਪ੍ਰੀਤ ਸਿੰਘ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਕੋਲੋਂ ਬਰਗਾੜੀ ਗੋਲੀ ਕਾਂਡ ਬਾਰੇ ਪਿਛਲੇ ਵਿਧਾਨ ਸਭਾ ਸੈਸ਼ਨ ਦੌਰਾਨ ਕੀਤੇ ਵਾਅਦਿਆਂ ਤੋਂ ਭੱਜਣ ਸਬੰਧੀ ਸਵਾਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਵਿਰੁੱਧ ਕਾਰਵਾਈ ਕਰਨ ਦੇ ਵਾਅਦੇ ਕੀਤੇ ਗਏ ਸਨ ਪਰ ਅੱਜ ਤੱਕ ਇਸ ਬਾਰੇ ਕੁੱਝ ਨਹੀਂ ਕੀਤਾ ਗਿਆ।
ਫੂਲਕਾ ਨੇ ਕਿਹਾ ਕਿ ਉਹ ਸੈਸ਼ਨ ਵਿਚ 1986 ਵਿਚ ਨਕੋਦਰ 'ਚ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਘਟਨਾ ਵਿਰੁੱਧ ਰੋਹ ਪ੍ਰਗਟਾਉਂਦੇ ਸਿੱਖਾਂ 'ਤੇ ਗੋਲੀ ਚਲਾਉਣ ਕਾਰਨ ਹੋਈਆਂ ਚਾਰ ਮੌਤਾਂ ਦਾ ਮਾਮਲਾ ਵੀ ਚੁੱਕਣਗੇ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਪੜਤਾਲ ਦੀ ਰਿਪੋਰਟ 1987 ਵਿਚ ਹੀ ਦੇ ਦਿੱਤੀ ਗਈ ਸੀ ਪਰ 32 ਸਾਲਾਂ ਬਾਅਦ ਵੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਬੜੇ ਭੇਤਭਰੇ ਢੰਗ ਨਾਲ ਗੁਰਦੁਆਰਾ ਚੋਣ ਕਮਿਸ਼ਨ ਲਈ ਚੀਫ਼ ਕਮਿਸ਼ਨਰ ਦੀ ਨਿਯੁਕਤੀ ਕਰਨ ਬਾਰੇ ਵੀ ਚੁੱਪ ਹੈ। ਫੂਲਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕਾ ਦਾਖਾ ਵਿਚ ਚਲਾਈ ਮੋਬਾਈਲ ਡਿਸਪੈਂਸਰੀ ਦੀ ਤਰਜ਼ 'ਤੇ ਸਰਕਾਰ ਨੇ ਹੋਰ ਅਜਿਹੀਆਂ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਸਬੰਧੀ ਅਜੇ ਤੱਕ ਕੋਈ ਸਰਵੇਖਣ ਨਹੀਂ ਕੀਤਾ ਗਿਆ।


author

Gurminder Singh

Content Editor

Related News