ਕੈਪਟਨ ਸਰਕਾਰ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ : ਹਰਪਾਲ ਚੀਮਾ

06/02/2019 4:12:46 PM

ਲਹਿਰਾਗਾਗਾ (ਹਨੀ) - ਪੰਜਾਬ 'ਚ ਨਸ਼ੇ ਦੀ ਵਿਕਰੀ ਧੜਾਧੜ ਹੋ ਰਹੀ ਹੈ। ਨੌਜਵਾਨ ਪੀੜ੍ਹੀ ਵਿਦੇਸ਼ ਦੀ ਧਰਤੀ 'ਤੇ ਜਾ ਰਹੀ ਹੈ, ਜਿਸ ਕਾਰਨ ਪੰਜਾਬ ਖਾਲੀ ਹੋ ਰਿਹਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਦਿੜ੍ਹਬਾ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਵਲੋਂ ਕੀਤਾ ਗਿਆ। ਹਰਪਾਲ ਚੀਮਾ ਅੱਜ ਸਥਾਨਕ ਗਊ ਗਰੀਬ ਸੇਵਾ ਸੋਸਾਇਟੀ (ਰਜਿ.) ਅਤੇ ਸ਼੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵਲੋਂ ਇਲਾਕੇ ਦੀਆਂ ਗਊਸ਼ਾਲਾਂ ਨੂੰ ਖਲ/ਨਮਕ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਲਈ ਇਕ ਪ੍ਰੋਗਰਾਮ 'ਚ ਗਏ ਹੋਏ ਹਨ। ਪੱਤਰਕਾਰਾਂ ਵਲੋਂ ਪੰਜਾਬ 'ਚ ਨਸ਼ਿਆਂ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਨਸ਼ਾ ਧੜਾਧੜ ਵਿਕ ਰਿਹਾ ਸੀ। ਵਿਧਾਨ ਸਭਾ ਚੋਣਾਂ ਸਮੇਂ ਕੈਪਟਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਦੇ 4 ਹਫਤਿਆਂ 'ਚ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਪਰ ਕੈਪਟਨ ਸਰਕਾਰ ਨਸ਼ਾ ਰੋਕਣ 'ਚ ਫੇਲ ਸਾਬਤ ਹੋਈ।

ਲੋਕ ਸਭਾ ਚੋਣ 'ਚ ਆਮ ਆਦਮੀ ਪਾਰਟੀ ਦੇ ਹਾਰੇ ਉਮੀਦਵਾਰਾਂ ਦੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਸ ਸਬੰਧ 'ਚ ਦਿੱਲੀ ਵਿਖੇ ਪਾਰਟੀ ਦੇ ਆਗੂਆਂ ਨਾਲ ਪੰਜਾਬ ਦੇ ਐੱਮ.ਐੱਲ.ਏ ਦੀ ਇਕ ਮੀਟਿੰਗ ਹੋ ਰਹੀ ਹੈ, ਜਿਸ 'ਚ ਵਿਚਾਰ ਕੀਤਾ ਜਾਵੇਗਾ ਕਿ ਪਾਰਟੀ ਕਿਥੋਂ ਅਤੇ ਕਿਉ ਹਾਰੀ ਹੈ। ਪਾਰਟੀ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਅਤੇ 2022 'ਚ ਵਿਧਾਨ ਸਭਾ ਚੋਣਾ ਕਿਵੇਂ ਲੜਿਆ ਜਾਣ ਆਦਿ ਸਭ ਮੁੱਦਿਆਂ 'ਤੇ ਵਿਚਾਰ ਚਰਚਾ ਹੋਵੇਗੀ। ਆਮ ਆਦਮੀ ਪਾਰਟੀ ਦੇ ਚੀਮਾ ਨੇ ਦੋਸ਼ ਲਾਇਆ ਕਿ ਐੱਸ.ਆਈ.ਟੀ ਅਫਸਰਾਂ 'ਚ ਆਪਸੀ ਮਤਭੇਦ ਦੇ ਆਧਾਰ 'ਤੇ ਕੈਪਟਨ ਸਰਕਾਰ ਬੇਅਦਬੀ ਮਾਮਲੇ ਦੇ ਦੋਸ਼ੀ ਬਾਦਲ ਪਰਿਵਾਰ ਨੂੰ ਬਚਾਉਣਾ ਚਾਹੁੰਦੀ ਹੈ। ਜੋ ਕੁਝ ਵੀ ਹੋ ਰਿਹਾ ਉਹ ਕੈਪਟਨ ਦੀ ਬਾਦਲਾਂ ਨਾਲ ਮਿਲੀਭੁਗਤ ਨਾਲ ਹੋ ਰਿਹਾ ਹੈ।


rajwinder kaur

Content Editor

Related News