ਆਮ ਆਦਮੀ ਪਾਰਟੀ ''ਇਨ ਐਕਸ਼ਨ ਮੂਡ'', ਦੇਖੋ ਕਿਵੇਂ ਖੋਲ੍ਹੀਆਂ ਕਾਂਗਰਸ ਅਤੇ ਅਕਾਲੀ ਦਲ ਦੀਆਂ ਪੋਲਾਂ

07/22/2017 2:14:09 PM

ਚੰਡੀਗੜ੍ਹ : ਸੱਤਾਧਾਰੀ ਕਾਂਗਰਸ ਪਾਰਟੀ 'ਤੇ 'ਆਪ' ਵਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਸ਼ਨੀਵਾਰ ਨੂੰ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਵੀ 'ਆਪ' ਆਗੂਆਂ ਵਲੋਂ ਵਿਰੋਧੀਆਂ 'ਤੇ ਜੰਮ ਕੇ ਸਿਆਸੀ ਹਮਲੇ ਕੀਤੇ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਕਨਵੀਨਰ ਭਗਵੰਤ ਮਾਨ ਨੇ ਕਿਹਾ ਕਿ 27 ਤਾਰੀਕ ਨੂੰ ਆਮ ਆਦਮੀ ਪਾਰਟੀ ਇਕਜੁੱਟ ਹੋ ਕੇ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਤੇ ਫਿਰ ਮਹਿਸਾ ਖਾਨਾ ਦੇ ਮੰਦਰ ਵਿਖੇ ਨਤਮਸਤਕ ਹੋਣਗੇ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਕਿਹਾ ਕਿ ਲੁੱਟ-ਖਸੁੱਟ ਦਾ ਰਾਜ ਭਾਗ ਚਲਾ ਰਹੀਆਂ ਦੋਵੇਂ ਪਾਰਟੀਆਂ 'ਆਪ' ਦੇ ਨਿਸ਼ਾਨੇ 'ਤੇ ਹਨ। ਜਿਸ ਤਰ੍ਹਾਂ ਸੱਤਾ ਧਿਰ ਵਲੋਂ ਲੋਕਾਂ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵਲੋਂ ਜ਼ੋਰਾਂ-ਸ਼ੋਰਾਂ ਨਾਲ ਇਨ੍ਹਾਂ ਮੁੱਦਿਆਂ ਨੂੰ ਚੁੱਕਿਆ ਜਾਵੇਗਾ। ਖਹਿਰਾ ਨੇ ਕਿਹਾ 'ਆਪ' ਕਾਂਗਰਸ ਨੂੰ ਪੰਜਾਬ ਦੀ ਕਿਸੇ ਕੀਮਤ 'ਤੇ ਲੁੱਟ ਨਹੀਂ ਹੋਣ ਦੇਵੇਗੀ।
ਰੇਤ ਖੱਡ ਮਾਮਲੇ ਦੀ ਜਾਂਚ ਕਰ ਰਹੇ ਜਸਟਿਸ ਨਾਰੰਗ ਵਲੋਂ ਇਕ ਮਹੀਨੇ 'ਚ ਇਸ ਦੀ ਰਿਪੋਰਟ ਨਾ ਸੌਂਪੇ ਜਾਣ ਅਤੇ ਜਾਂਚ ਲਈ ਹੋਰ ਸਮਾਂ ਮੰਗੇ ਜਾਣ 'ਤੇ ਖਹਿਰਾ ਨੇ ਇਸ 'ਤੇ ਸਵਾਲ ਚੁੱਕੇ ਹਨ। ਖਹਿਰਾ ਮੁਤਾਬਕ 'ਆਪ' ਆਗੂ ਜਸਟਿਸ ਨਾਰੰਗ ਨਾਲ ਮੁਲਾਕਾਤ ਕਰਕੇ ਇਸ ਸੰਬੰਧੀ ਜਾਣਕਾਰੀ ਲੈਣਗੇ। ਖਹਿਰਾ ਨੇ ਕਿਹਾ ਕਿ ਅੱਜ ਜਿੱਥੇ ਕਿਸਾਨ ਆਤਮਹੱਤਿਆ ਕਰ ਰਹੇ ਹਨ, ਉਥੇ ਹੀ ਇਕ ਰਸੋਈਏ ਕੋਲ ਖੱਡ ਲੈਣ ਲਈ 26 ਕਰੋੜ ਤੋਂ ਵੱਧ ਦੀ ਰਕਮ ਕਿੱਥੋਂ ਆ ਗਈ। ਇਸ ਦੌਰਾਨ ਸੁਖਪਾਲ ਖਹਿਰਾ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦੇ ਹੋਰ ਆਗੂ ਇਕਜੁਟ ਹਨ ਅਤੇ ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਕਿਸੇ ਅਹੁਦੇ ਦਾ ਲਾਲਚ ਹੈ ਅਤੇ ਨਾ ਉਹ ਕਿਸੇ ਕਿਸਮ ਦੀ ਰੇਸ ਵਿਚ ਹਨ।
ਪੱਤਰਕਾਰਾਂ ਸੰਮੇਲਨ ਦੌਰਾਨ ਪੰਜਾਬ ਦੇ ਕੋ-ਕਨਵੀਨਰ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੀ ਮਿਲੀ ਭੁਗਤ ਇਸ ਗੱਲ ਤੋਂ ਸਾਬਤ ਹੋ ਜਾਂਦੀ ਹੈ ਜਦੋਂ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਇਹ ਕਹਿ ਕੇ ਅਕਾਲੀ ਦਲ ਨੂੰ ਸ਼ਾਂਤ ਕਰਵਾ ਦਿੱਤਾ ਕਿ ਮੇਰੇ ਕੋਲ ਤੁਹਾਡੇ ਮਾਫੀਆ ਤੇ ਮਾਇਨੰਗ ਦੀ ਇਕ ਲਿਸਟ ਹੈ ਜਿਸ ਨੂੰ ਉਹ ਜਨਤਕ ਕਰ ਦੇਣਗੇ। ਅਰੋੜਾ ਨੇ ਕਿਹਾ ਕਿ ਅੱਜ ਡੇਢ ਮਹੀਨੇ ਬਾਅਦ ਵੀ ਨਾ ਤਾਂ ਕਾਂਗਰਸ ਨੇ ਉਹ ਸੂਚੀ ਜਨਤਕ ਕੀਤੀ ਅਤੇ ਨਾ ਇਸ 'ਤੇ ਕੋਈ ਕਾਰਵਾਈ ਇਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਅਕਾਲੀ ਦਲ ਅਤੇ ਕਾਂਗਰਸੀ ਪੰਜਾਬ ਦੇ ਕੁਦਰਤੀ ਸੋਮਿਆਂ ਨੂੰ ਮਿਲ ਕੇ ਲੁੱਟ ਰਹੇ ਹਨ।


Related News