‘ਆਪ’ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਸਕੂਟਰੀ ’ਤੇ ਮਾਂ ਨਾਲ ਪੁੱਜੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ
Friday, Jan 28, 2022 - 05:45 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਤੋਂ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਆਪਣੇ ਮਾਤਾ-ਪਿਤਾ ਨਾਲ ਐੱਸ. ਡੀ. ਐੱਮ. ਕਮ ਰਿਟਰਨਿੰਗ ਅਫਸਰ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਇਸ ਮੌਕੇ ਉਹ ਐੱਸ. ਡੀ. ਐੱਮ. ਦਫਤਰ ਸਕੂਟਰੀ ਰਾਹੀ ਪਹੁੰਚੇ ਅਤੇ ਕਿਹਾ ਕਿ ਉਨ੍ਹਾ ਕੋਲ ਸਿਰਫ ਇਹੋ ਇਕ ਆਪਣਾ ਸਾਧਨ ਹੈ ਜਿਸ ’ਤੇ ਉਨ੍ਹਾ ਨੇ ਹੁਣ ਤੱਕ ਪੜ੍ਹਾਈ ਅਤੇ ਰਾਜਨੀਤੀ ਦਾ ਸਫਰ ਤੈਅ ਕੀਤਾ ਹੈ। ਭਰਾਜ ਨੇ ਕਿਹਾ ਕਿ ਪੰਜਾਬ ਅੰਦਰ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਰਾਜਨੀਤਕ ਪਾਰਟੀ ਨੇ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਹੋਵੇ।
ਉਨ੍ਹਾਂ ਰਾਜਨੀਤਕ ਪਾਰਟੀਆਂ ’ਤੇ ਤੰਜ ਕੱਸਦਿਆਂ ਕਿਹਾ ਕਿ ਹੁਣ ਤੱਕ ਭਾਈ ਭਤੀਜਾ, ਪਿਓ-ਪੁੱਤ ਅਤੇ ਹੋਰ ਅਜਿਹੇ ਰਿਸ਼ਤਿਆਂ ਨੂੰ ਲੈ ਕੇ ਹੀ ਰਾਜਨੀਤਕ ਪਾਰਟੀਆਂ ਨੇ ਟਿਕਟਾਂ ਦੀ ਵੰਡ ਕਰਕੇ ਪਰਿਵਾਰਵਾਦ ਨੂੰ ਬੜ੍ਹਾਵਾ ਦਿੱਤਾ ਹੈ ਜਦਕਿ ਆਮ ਆਦਮੀ ਪਾਰਟੀ ਨੇ ਕੰਮ ਕਰਨ ਵਾਲੇ ਉਨ੍ਹਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਹਨ ਜੋ ਆਮ ਘਰਾਂ ਨਾਲ ਸੰਬੰਧ ਰੱਖਦੇ ਹਨ। ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਉਹ ਇਕ ਸਾਧਾਰਨ ਕਿਸਾਨ ਪਰਿਵਾਰ ਦੇ ਜੰਮੇ ਤੇ ਪਲੇ ਹਨ, ਉਨ੍ਹਾਂ ਦਾ ਕੋਈ ਵੀ ਰਾਜਨੀਤਕ ਪਿਛੋਕੜ ਕਿਸੇ ਵੀ ਸਿਆਸੀ ਪਾਰਟੀ ਨਾਲ ਅਜਿਹਾ ਨਹੀਂ ਰਿਹਾ ਕਿ ਉਨ੍ਹਾਂ ਨੂੰ ਟਿਕਟ ਦੀ ਪ੍ਰਾਪਤੀ ਹੋ ਸਕੇ। ਆਮ ਆਦਮੀ ਪਾਰਟੀ ਨਾਲ ਕੰਮ ਕਰਕੇ ਉਨ੍ਹਾਂ ਨੂੰ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਮੌਕਾ ਪ੍ਰਾਪਤ ਹੋਇਆ ਹੈ। ਬੀਬਾ ਭਰਾਜ ਨੇ ਕਿਹਾ ਕਿ ਇਸ ਵਾਰ ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣਨਾ ਤੈਅ ਹੈ। ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾਣਗੇ।