ਆਧਾਰ ਕਾਰਡ ਲਿੰਕ ਨਾ ਹੋਣ ਕਾਰਨ ਖੱਜਲ-ਖੁਆਰ ਹੋ ਰਹੇ ਨੇ ਜ਼ਰੂਰਤਮੰਦ ਲੋਕ

Thursday, Mar 08, 2018 - 12:17 PM (IST)

ਮੁਕੇਰੀਆਂ (ਨਾਗਲਾ)— ਜ਼ਰੂਰਤਮੰਦ ਲੋਕਾਂ ਦੇ ਆਟਾ ਦਾਲ ਸਕੀਮ 'ਚੋਂ ਨਾਂ ਕੱਟੇ ਜਾਣ ਕਾਰਨ ਇਨ੍ਹਾਂ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਲਗਭਗ ਇਕ ਵਰ੍ਹੇ ਤੋਂ ਲਾਭਪਾਤਰੀਆਂ ਦੇ ਆਧਾਰ ਕਾਰਡ ਲਿੰਕ ਕਰਨ ਲਈ ਲੋੜੀਂਦੀ ਸਾਈਟ ਨੂੰ ਨਾ ਖੋਲ੍ਹੇ ਜਾਣ ਕਾਰਨ ਜਿੱਥੇ ਵਿਭਾਗੀ ਮੁਲਾਜ਼ਮਾਂ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਜ਼ਰੂਰਤਮੰਦ ਲੋਕ ਹੋ ਰਹੀ ਖੱਜਲ ਖੁਆਰੀ ਲਈ ਆਪਣੇ ਆਪ ਨੂੰ ਨਵੀਂ ਸਰਕਾਰ ਬਣਨ ਉਪਰੰਤ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ। ਇਸ ਮੌਕੇ ਵਿਧਵਾ ਸਿਮਰੋ ਦੇਵੀ, ਸੁੰਦਰ ਲਾਲ, ਵਿਧਵਾ ਸੁਰਜੀਤ ਕੌਰ ਆਦਿ ਜ਼ਰੂਰਤਮੰਦ ਲੋਕਾਂ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਸਾਰੇ ਲੋਕ ਆਪਣੇ ਆਧਾਰ ਕਾਰਡ ਲਿੰਕ ਕਰਵਾਉਣ ਲਈ ਕਈ ਦਿਨਾਂ ਤੋਂ ਫੂਡ ਐਂਡ ਸਪਲਾਈ ਦਫ਼ਤਰ ਦੀਆਂ ਗੇੜੀਆਂ ਲਾ ਰਹੇ ਹਾਂ ਪਰ ਆਧਾਰ ਕਾਰਡ ਲਿੰਕ ਨਾ ਹੋਣ ਕਾਰਨ ਉਹ ਆਟਾ ਦਾਲ ਸਕੀਮ ਤੋਂ ਵਾਂਝੇ ਰਹਿ ਰਹੇ ਹਨ।
ਇਸ ਸਬੰਧ 'ਚ ਜਦੋਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਬਲਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਗਭਗ ਇਕ ਵਰ੍ਹੇ ਤੋਂ ਵਿਭਾਗ ਦੀ ਸਬੰਧਿਤ ਸਾਈਟ ਡਾਊਨਲੋਡ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ 10-15 ਦਿਨਾਂ ਲਈ ਵਿਭਾਗ ਦੀ ਸਾਈਟ ਖੁੱਲ੍ਹੀ ਸੀ। ਪ੍ਰੰਤੂ ਮੁਲਾਜ਼ਮਾਂ ਦੀ ਗਿਣਤੀ ਵੀ ਥੋੜ੍ਹੀ ਹੋਣ ਕਾਰਨ ਕੁਝ ਲਾਭਪਾਤਰੀਆਂ ਦੇ ਕਾਰਡ ਹੀ ਲਿੰਕ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਦੇ ਕਾਰਡ ਲਿੰਕ ਨਹੀਂ ਹੋ ਸਕੇ, ਉਨ੍ਹਾਂ ਨੂੰ ਵੀ ਅਨਾਜ ਹਰ ਹਾਲਤ 'ਚ ਮੁਹੱਈਆ ਕਰਵਾਇਆ ਜਾਵੇਗਾ।


Related News