ਟਿਕਰੀ ਬਾਰਡਰ ਦਿੱਲੀ ’ਤੇ ਨੌਜਵਾਨ ਕਿਸਾਨ ਦੀ ਹੋਈ ਮੌਤ
Tuesday, Oct 19, 2021 - 09:02 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਉੱਭਾਵਾਲ ਦੇ ਨੌਜਵਾਨ ਆਗੂ ਵਰਿੰਦਰ ਸਿੰਘ ਢੀਂਡਸਾ ਰਿੰਕੂ (39) ਦੀ ਦਿੱਲੀ ਵਿਖੇ ਟਿਕਰੀ ਬਾਰਡਰ ’ਤੇ ਦਿਲ ਦਾ ਦੌਰਾ ਪੈਣ ਕਾਰਨ ਦੁਖਦਾਈ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕਾਈ ਪ੍ਰਧਾਨ ਹਰਦੇਵ ਸਿੰਘ, ਖਜ਼ਾਨਚੀ ਜਗੀਰ ਸਿੰਘ, ਸੀਨੀਅਰ ਮੈਂਬਰ ਜਗਮੇਲ ਸਿੰਘ ਢੀਂਡਸਾ, ਸਿੰਦਰ ਪਾਲ ਸਿੰਘ ਅਤੇ ਪਰਗਟ ਸਿੰਘ ਨੇ ਦੱਸਿਆ ਕਿ ਵਰਿੰਦਰ ਸਿੰਘ ਪਿਛਲੇ ਇਕ ਸਾਲ ਤੋਂ ਕਿਸਾਨੀ ਸੰਘਰਸ਼ ’ਚ ਦਿੱਲੀ ਵਿਖੇ ਡਟਿਆ ਹੋਇਆ ਸੀ ਅਤੇ ਸਮੇਂ-ਸਮੇਂ ਸਿਰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਿਹਾ ਸੀ ਤੇ ਹੁਣ ਵੀ ਉਹ ਪਿਛਲੇ ਹਫ਼ਤੇ ਐਤਵਾਰ ਵਾਲੇ ਦਿਨ ਦਿੱਲੀ ਵਿਖੇ ਟਿਕਰੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ’ਚ ਸ਼ਾਮਿਲ ਹੋਇਆ ਸੀ ਪਰ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਇਹ ਵੀ ਪੜ੍ਹੋ : ਲੋਕ ਇਨਸਾਫ ਪਾਰਟੀ ਫੜ ਸਕਦੀ ਹੈ ਕਾਂਗਰਸ ਦਾ ‘ਹੱਥ’, CM ਚੰਨੀ ਦੀ ਲੁਧਿਆਣਾ ਫੇਰੀ ’ਤੇ ਹੋ ਸਕਦੈ ਰਸਮੀ ਐਲਾਨ
ਆਗੂਆਂ ਨੇ ਦੱਸਿਆ ਕਿ ਵਰਿੰਦਰ ਦਾ ਪਰਿਵਾਰ ਛੋਟੇ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦਾ ਹੈ, ਪਰਿਵਾਰ ਕੋਲ ਸਿਰਫ਼ ਤਿੰਨ ਏਕੜ ਜ਼ਮੀਨ ਹੈ ਅਤੇ ਉਨ੍ਹਾਂ ਦੇ ਪਰਿਵਾਰ ਸਿਰ 10-12 ਲੱਖ ਰੁਪਏ ਦਾ ਕਰਜ਼ਾ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ, ਪਰਿਵਾਰ ਸਿਰ ਚੜ੍ਹਿਆ ਕਰਜ਼ਾ ਅਤੇ 10 ਲੱਖ ਰੁਪਏ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ। ਕਿਸਾਨ ਆਗੂ ਜਗਮੇਲ ਸਿੰਘ ਢੀਂਡਸਾ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਭਰੋਸੇ ਤੋਂ ਬਾਅਦ ਮ੍ਰਿਤਕ ਵਰਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਉੱਭਾਵਾਲ ਵਿਖੇ ਕਰ ਦਿੱਤਾ ਗਿਆ ਹੈ। ਜਗਮੇਲ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਰਿਵਾਰ ਦਾ ਕਰਜ਼ਾ ਮੁਆਫ, ਪੰਜ ਲੱਖ ਰੁਪਏ ਦੀ ਆਰਥਿਕ ਸਹਾਇਤਾ ਲਈ ਰਾਸ਼ੀ ਅਤੇ ਪਰਿਵਾਰ ਦੇ ਲੜਕੇ ਨੂੰ ਨੌਕਰੀ ਦਿਵਾਉਣ ਦਾ ਭਰੋਸਾ ਦਿਵਾਇਆ ਗਿਆ ਹੈ। ਇਹ ਜ਼ਿਕਰਯੋਗ ਹੈ ਕਿ ਮ੍ਰਿਤਕ ਵਰਿੰਦਰ ਸਿੰਘ ਦੇ ਇਕਲੌਤਾ ਲੜਕਾ ਸਹਿਜਪ੍ਰੀਤ ਸਿੰਘ ਹੈ, ਜਿਸ ਦੀ ਉਮਰ ਤਕਰੀਬਨ 18 ਸਾਲ ਹੈ।