ਰੂਪਨਗਰ ਵਿਖੇ ਦੁਸਹਿਰੇ ਵਾਲੇ ਦਿਨ ਗ਼ਰੀਬਾਂ ਦੇ ਸੜੇ ਆਸ਼ਿਆਨੇ, 10 ਝੁੱਗੀਆਂ ਨੂੰ ਲੱਗੀ ਭਿਆਨਕ ਅੱਗ
Thursday, Oct 06, 2022 - 11:13 AM (IST)
ਰੂਪਨਗਰ (ਵਿਜੇ)- ਦੁਸਹਿਰੇ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਘਨੌਲੀ ਰੂਪਨਗਰ ਅੰਦਰ ਕੋਲਾ ਪਲਾਂਟ ਦੇ ਬਿਲਕੁਲ ਨੇੜੇ ਸਥਿਤ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਸੂਤਰਾਂ ਮੁਤਾਬਕ ਅੱਗ ਐਨੀ ਭਿਆਨਕ ਸੀ ਕਿ ਵੇਖਦਿਆਂ-ਵੇਖਦਿਆਂ ਝੁੱਗੀਆਂ ਵਿਚ ਪਿਆ ਕੀਮਤੀ ਸਾਮਾਨ ਕੁਝ ਮਿੰਟਾਂ ਵਿਚ ਸੜ ਕੇ ਸਵਾਹ ਹੋ ਗਿਆ। ਇਸ ਭਿਆਨਕ ਅੱਗ ਲੱਗਣ ਕਾਰਨ ਮਜ਼ਦੂਰ ਆਪਣੇ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੂੰ ਇਸ ਅੱਗ ਦੀ ਲਪੇਟ ਤੋਂ ਬਚਾਅ ਤਾਂ ਕਰ ਸਕੇ ਪਰ ਅੱਗ ਲੱਗਣ ਕਾਰਨ 10 ਝੁੱਗੀਆਂ ਤੋਂ ਇਲਾਵਾ ਸਵਿੱਫਟ ਕਾਰ, ਮੋਟਰਸਾਈਕਲ, ਬੱਚਿਆਂ ਦੇ ਸਾਈਕਲ, ਕਿਤਾਬਾਂ, ਮਜ਼ਦੂਰਾਂ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸਵਾਹ ਹੋ ਗਿਆ।
ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦੀਆਂ ਮੌਕੇ ’ਤੇ ਪਹੁੰਚੀਆਂ ਚਾਰ ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਮੁਲਾਜ਼ਮਾਂ ਨੇ ਮੁਸ਼ੱਕਤ ਨਾਲ ਅੱਗ ਨੂੰ ਕਾਬੂ ਕੀਤਾ ਗਿਆ। ਜਿਸ ਥਾਂ ’ਤੇ ਅੱਗ ਲੱਗੀ ਹੈ, ਉਹ ਝੁੱਗੀਆਂ ਥਰਮਲ ਪਲਾਂਟ ਦੇ ਕੋਲਾ ਭੰਡਾਰ ਦੇ ਬਿਲਕੁਲ ਨਜ਼ਦੀਕ ਹਨ ਅਤੇ ਕੋਲਾ ਭੰਡਾਰ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਵੱਡਾ ਨੁਕਸਾਨ ਹੋ ਸਕਦਾ ਸੀ। ਅੱਗ ਲੱਗਣ ਦਾ ਅਸਲ ਕਾਰਨ ਦਾ ਪਤਾ ਨਹੀਂ ਲੱਗਿਆ ਪਰ ਅੱਗ ਕਾਰਨ ਸੜੀ ਸਵਿੱਫਟ ਕਾਰ ਦੇ ਮਾਲਕ ਸੱਤਿਆ ਪ੍ਰਕਾਸ਼ ਯਾਦਵ ਨੇ ਕਿਹਾ ਕਿ ਕਿਸੇ ਸ਼ਰਾਰਤੀ ਨੇ ਜਾਣ ਬੁੱਝ ਕੇ ਉਸ ਦੀ ਕਾਰ ਨੂੰ ਅੱਗ ਲਗਾਈ ਹੈ, ਜਿਸ ਦੌਰਾਨ ਉਸ ਦੀ ਕਾਰ ਸਮੇਤ ਹੋਰ ਮਜ਼ਦੂਰਾਂ ਦੀਆਂ ਝੁੱਗੀਆਂ ਦਾ ਵੀ ਨੁਕਸਾਨ ਹੋ ਗਿਆ। ਉਸ ਨੇ ਦੱਸਿਆ ਕਿ ਅੱਗ ਉਸ ਦੀ ਕਾਰ ਦੇ ਨੇੜਿਓਂ ਹੀ ਸ਼ੁਰੂ ਹੋਈ, ਜੋ ਹੌਲੀ-ਹੌਲੀ ਅੱਗੇ ਵਧਦੀ ਗਈ।
ਇਹ ਵੀ ਪੜ੍ਹੋ: ਅਮਰੀਕਾ 'ਚ ਕਤਲ ਕੀਤੇ 4 ਪੰਜਾਬੀਆਂ ਦੀ ਮੌਤ ਦੀ ਖ਼ਬਰ ਸੁਣ ਭੁੱਬਾਂ ਮਾਰ ਰੋਇਆ ਪਰਿਵਾਰ
ਕੀ ਕਹਿੰਦੇ ਨੇ ਚੌਂਕੀ ਇੰਚਾਰਜ ਗੁਰਮੁਖ ਸਿੰਘ
ਇਸ ਸਬੰਧੀ ਜਦੋਂ ਘਨੌਲੀ ਪੁਲਸ ਚੌਂਕੀ ਦੇ ਇੰਚਾਰਜ ਗੁਰਮੁੱਖ ਸਿੰਘ ਨੇ ਦੱਸਿਆ ਕਿ ਜਦੋਂ ਘਟਨਾ ਦੀ ਜਾਂਚ ਲਈ ਪੁੱਜੇ ਤਾਂ ਪੀਡ਼ਤਾਂ ਨੂੰ ਇਕੱਠੇ ਕਰਕੇ ਪੁੱਛਿਆ ਕਿ ਤੁਹਾਨੂੰ ਆਪਣੇ ਹੀ ਬਸਤੀ ਜਾਂ ਹੋਰ ਬਾਹਰਲੇ ਵਿਅਕਤੀ ’ਤੇ ਸ਼ੱਕ ਹੈ ਜਿਸ ਨੇ ਇਸ ਘਟਨਾ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਜਾਵੇ ਅਤੇ ਉਸ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ ਪਰ ਉਨ੍ਹਾਂ ਨੇ ਕਿਹਾ ਕਿ ਸਾਨੂੰ ਕਿਸੇ ’ਤੇ ਵੀ ਸ਼ੱਕ ਨਹੀਂ ਹਨ।
ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਜਲੰਧਰ 'ਚ ਭਾਰਗੋ ਕੈਂਪ ਦੇ 16 ਸਾਲਾ ਮੁੰਡੇ ਨੇ ਤਿਆਰ ਕੀਤਾ ਵੱਖਰੇ ਢੰਗ 'ਚ ਰਾਵਣ, ਹੋ ਰਹੀਆਂ ਤਾਰੀਫ਼ਾਂ
ਕੀ ਕਹਿੰਦੇ ਨੇ ਘਟਨਾ ਦਾ ਜਾਇਜ਼ਾ ਲੈਣ ਮੌਕੇ ਪਹੁੰਚੇ ਤਹਿਸੀਲਦਾਰ ਜਸਪ੍ਰੀਤ ਸਿੰਘ
ਇਸ ਦੌਰਾਨ ਮੌਕੇ ਘਟਨਾ ਦਾ ਜਾਇਜ਼ਾ ਲੈਣ ਮੌਕੇ ਤਹਿਸੀਲਦਾਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੰਨ ਦਿਨ ਦਾ ਰਾਸ਼ਨ, ਬੱਚਿਆਂ ਲਈ ਨਵੀਆਂ ਕਿਤਾਬਾਂ ਅਤੇ ਕਾਪੀਆਂ ਪੀੜਤਾਂ ਤੱਕ ਪੁੱਜ ਗਈਆਂ ਹਨ। ਰੈੱਡ ਕਰਾਸ ਸੋਸਾਇਟੀ ਦੇ ਸਹਿਯੋਗ ਨਾਲ 15 ਦਿਨਾਂ ਦੀਆਂ ਰਾਸ਼ਨ ਕਿੱਟਾਂ, ਕਰਿਆਨਾ ਅਤੇ ਘਰੇਲੂ ਸਾਮਾਨ, ਬਰਤਨ ਹੋਰ ਸੁੱਖ ਸਹੂਲਤਾਂ ਦੇ ਰਹੇ ਹਨ ਤੇ ਆਉਣ ਵਾਲੇ ਕੁਝ ਦਿਨਾਂ ’ਚ ਇਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੇ ਸੈਲਟਰ ਬਣਾ ਕੇ ਵੀ ਦੇ ਦਿੱਤੇ ਜਾਣਗੇ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੀ ਮੌਕੇ ਉਤੇ ਪਹੁੰਚੇ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ: ਜਲੰਧਰ 'ਚ ਕੁੜੀ ਨੇ ਸ਼ਰੇਆਮ ਕੀਤੇ ਹਵਾਈ ਫਾਇਰ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ਨੂੰ ਪਈਆਂ ਭਾਜੜਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ